December 2, 2014 | By ਸਿੱਖ ਸਿਆਸਤ ਬਿਊਰੋ
ਪਟਿਆਲਾ (1 ਦਸੰਬਰ, 2014): ਪੰਜਾਬ ਪੁਲਿਸ ਵੱਲੋਂ ਲੁਧਿਆਣਾ ਦੇ ਪਿੰਡ ਪਾਇਲ ਮਾਜਰਾ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਹਰਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਚਾਰ ਪੁਲਿਸ ਵਾਲਿਆਂ ਨੂੰ ਸੀਬੀਆਈ ਦੀ ਅਦਾਤਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 1993 ਦੇ ਕੇਸ ਵਿੱਚ ਸਜ਼ਾ ਯਾਫਤਾ ਵਿੱਚੋਂ ਤਿੰਨ ਅਧਿਕਾਰੀ ਯੂਪੀ ਪੁਲੀਸ ਦੇ ਹਨ, ਜਦੋਂਕਿ ਇਕ ਪੰਜਾਬ ਪੁਲੀਸ ਨਾਲ ਸਬੰਧਤ ਹੈ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਕੰਵਲਜੀਤ ਸਿੰਘ ਵੱਲੋਂ ਸੁਣਾਈ ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਯੂਪੀ ਦੇ ਐਸ.ਪੀ. ਰਵਿੰਦਰ ਕੁਮਾਰ ਸਿੰਘ, ਇੰਸਪੈਕਟਰ ਬ੍ਰਿਜ ਲਾਲ ਤੇ ਓਂਕਾਰ ਸਿੰਘ ਸਮੇਤ ਪੰਜਾਬ ਪੁਲੀਸ ਦੇ ਸੇਵਾਮੁਕਤ ਸਬ ਇੰਸਪੈਕਟਰ ਹਰਿੰਦਰ ਸਿੰਘ ਦਾ ਨਾਮ ਸ਼ਾਮਲ ਹੈ। ਇਨ੍ਹਾਂ ਨੂੰ ਉਮਰ ਕੈਦ ਦੇ ਨਾਲ ਜੁਰਮਾਨਾ ਵੀ ਕੀਤਾ ਗਿਆ ਹੈ।
21 ਸਾਲ ਪਹਿਲਾਂ ਮਾਰਿਆ ਗਿਆ ਸੀ ਹਰਜੀਤ ਸਿੰਘ ਚੌਕੀ ਮਲੌਦ ਦੇ ਏਐਸਆਈ ਨੇ 6 ਅਕਤੂਬਰ 1993 ਨੂੰ ਲੁਧਿਆਣਾ ਦੇ ਪਿੰਡ ਸਹਾਰਨ ਮਾਜਰਾ ਤੋਂ ਹਰਜੀਤ ਸਿੰਘ ਨੂੰ ਫੜਿਆ ਤੇ ਯੂਪੀ ਪੁਲੀਸ ਹਵਾਲੇ ਕਰ ਦਿੱਤਾ।
ਯੂਪੀ ਪੁਲੀਸ ਨੇ 12-13 ਅਕਤੂਬਰ ਦੀ ਰਾਤ ਨੂੰ ਝੂਠੇ ਮੁਕਾਬਲੇ ’ਚ ਹਰਜੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਲ 1994 ’ਚ ਹਰਜੀਤ ਦੇ ਪਿਤਾ ਮਹਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅਪੀਲ ਕੀਤੀ। ਹਾਈ ਕੋਰਟ ਨੇ 1996 ’ਚ ਕੇਸ ਦੀ ਸੀਬੀਆਈ ਜਾਂਚ ਦੇ ਆਦੇਸ਼ ਦੇ ਦਿੱਤੇ।
ਜਾਣਕਾਰੀ ਅਨੁਸਾਰ ਚੌਕੀ ਮਲੌਦ ਦੇ ਉਸ ਵੇਲੇ ਏਐਸਆਈ ਹਰਿੰਦਰ ਸਿੰਘ ਵੱਲੋਂ 6 ਅਕਤੂਬਰ 1993 ਨੂੰ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਸਹਾਰਨ ਮਾਜਰਾ ਦੇ ਵਾਸੀ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਉਸਦੇ ਘਰੋਂ ਚੁੱਕਿਆ ਗਿਆ। ਇਸ ਤੋਂ ਬਾਅਦ ਉਸਨੂੰ ਯੂਪੀ ਪੁਲੀਸ ਦੇ ਇਨ੍ਹਾਂ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ। ਯੂਪੀ ਪੁਲੀਸ ਦਾ ਕਹਿਣਾ ਸੀ ਕਿ ਇਹ ਵਿਅਕਤੀ ਕਿਸੇ ਕੇਸ ’ਚ ਲੋੜੀਂਦਾ ਹੈ।
ਹਰਜੀਤ ਨੂੰ 12-13 ਅਕਤੂਬਰ ਦੀ ਰਾਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਮੌਤ ਪੁਲੀਸ ਮੁਕਾਬਲੇ ਵਿੱਚ ਹੋਈ ਦੱਸੀ ਗਈ। ਹਰਜੀਤ ਸਿੰਘ ਦੇ ਮਾਪਿਆਂ ਵੱਲੋਂ ਇਨਸਾਫ਼ ਲਈ ਦੁਹਾਈ ਪਾਈ ਗਈ ਤੇ ਅਦਾਲਤ ਨੇ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ। ਸੀਬੀਆਈ ਵੱਲੋਂ ਧਾਰਾ 302, 364, 201 ਤੇ 120ਬੀ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਨਾਮਜ਼ਦ ਕਰ ਲਿਆ ਗਿਆ।
ਡੇਢ ਦਹਾਕੇ ਦੀ ਅਦਾਲਤੀ ਕਾਰਵਾਈ ਮਗਰੋਂ ਅੱਜ ਇਨ੍ਹਾਂ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ ਸਮੇਤ ਹਜ਼ਾਰਾਂ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸੀਬੀਆਈ ਵੱਲੋਂ ਕੇਸ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਐਸ.ਕੇ ਕਾਂਤੀਵਾਲ ਨੇ ਦੱਸਿਆ ਕਿ ਅਦਾਲਤੀ ਸੁਣਵਾਈ ਦੌਰਾਨ ਜਾਂਚ ਏਜੰਸੀ ਵੱਲੋਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗੀ ਗਈ ਸੀ।
ਹਰਜੀਤ ਸਿੰਘ ਦੇ ਮਾਪਿਆਂ ਨੇ ਅਦਾਲਤ ਦੇ ਫ਼ੈਸਲੇ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਬਾਅਦ ਅੱਜ ਉਨ੍ਹਾਂ ਦੇ ਕਾਲਜੇ ਠੰਢ ਪਈ ਹੈ। ਪੀਆਰਟੀਸੀ ਤੋਂ ਸੇਵਾਮੁਕਤ ਹੋਏ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਹਰਜੀਤ ਸਿੰਘ ਮੈਟ੍ਰਿਕ ਪਾਸ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾਂ ਕਿਸੇ ਗੱਲ ਤੋਂ ਯੂਪੀ ਪੁਲੀਸ ਦੀ ਇਕ ਟੀਮ ਪੰਜਾਬ ਪੁਲੀਸ ਦੀ ਮਦਦ ਨਾਲ ਉਸਦੇ ਪੁੱਤਰ ਨੂੰ ਚੁੱਕ ਕੇ ਲੈ ਗਈ ਤੇ ਝੂਠੇ ਮੁਕਾਬਲੇ ਵਿੱਚ ਖਤਮ ਕਰ ਦਿੱਤਾ।
Related Topics: Enforced Disappearance, Fake Encounter, Punjab Police