January 8, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਬੋਹਰ ਦੇ ਸ਼ਿਵ ਲਾਲ ਡੋਡਾ ਦੀ ਸ਼ਰਾਬ ਕੰਪਨੀ ਦੀ ‘ਰੈੱਡ ਐਂਟਰੀ’ ਪਾ ਦਿੱਤੀ ਹੈ, ਜੋ ਬਠਿੰਡਾ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦਾ ਡਿਫਾਲਟਰ ਹੋ ਗਿਆ ਹੈ। ਹੁਣ ਆਬਕਾਰੀ ਮਹਿਕਮੇ ਨੂੰ ਇਹ ਪੈਸਾ ਡੁੱਬਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਸ਼ਿਵ ਲਾਲ ਡੋਡਾ ਦੀਆਂ ਕੰਪਨੀਆਂ ਹੁਣ ਮਹੀਨਾਵਾਰ ਕਿਸ਼ਤਾਂ ਦੇਣ ਵਿੱਚ ਪੱਛੜ ਗਈਆਂ ਹਨ। ਮਾਲਵਾ ਖਿੱਤੇ ਵਿੱਚ ਡੋਡਾ ਦੀ ਮਾਲਕੀ ਵਾਲੀ ਗਗਨ ਵਾਈਨ ਅਤੇ ਉਸ ਦੀਆਂ ਹੋਰ ਸ਼ਰਾਬ ਫਰਮਾਂ ਕਰੀਬ 30 ਕਰੋੜ ਦੀਆਂ ਡਿਫਾਲਟਰ ਹੋ ਗਈਆਂ ਹਨ। ਬਠਿੰਡਾ, ਫਾਜ਼ਿਲਕਾ, ਫ਼ਰੀਦਕੋਟ, ਮੋਗਾ ਤੇ ਬਰਨਾਲਾ ਵਿੱਚ ਸ਼ਰਾਬ ਕਾਰੋਬਾਰ ਦੇ ਜ਼ਿਆਦਾ ਡਿਫਾਲਟਰ ਹਨ।
ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਸ਼ਿਵ ਡੋਡਾ ਦੀ ‘ਗਗਨ ਵਾਈਨ’ ਵੱਲੋਂ ਕਰੀਬ 20 ਕਰੋੜ ਰੁਪਏ ਦੇ ਬਕਾਏ ਹਾਲੇ ਤਕ ਤਾਰੇ ਨਹੀਂ ਗਏ, ਜਿਸ ਕਰਕੇ ਆਬਕਾਰੀ ਅਫ਼ਸਰਾਂ ਨੇ ਡੋਡਾ ਪਰਿਵਾਰ ਦੀ ਅਬੋਹਰ ਵਿਚਲੀ 50 ਏਕੜ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ‘ਰੈੱਡ ਐਂਟਰੀ’ ਪਵਾ ਦਿੱਤੀ ਹੈ, ਤਾਂ ਜੋ ਉਹ ਇਸ ਜ਼ਮੀਨ ਨੂੰ ਵੇਚ ਨਾ ਸਕੇ। ਮਾਲੀ ਵਰ੍ਹਾ 2016-17 ਦੇ ਕਾਰੋਬਾਰ ਦੇ ਸਿਰਫ਼ 83 ਦਿਨ ਬਚੇ ਹਨ। ਵਸੂਲੀ ਨਾ ਹੋਈ ਤਾਂ ਆਬਕਾਰੀ ਮਹਿਕਮੇ ਵੱਲੋਂ ਜ਼ਮੀਨ ਅਤੇ ਹੋਰ ਕਾਰੋਬਾਰ ਕੁਰਕ ਕੀਤੇ ਜਾਣਗੇ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਵਿੱਚ ਸ਼ਰਾਬ ਦਾ ਸਮੁੱਚਾ ਕਾਰੋਬਾਰ ਐਡਵਾਂਸ ਵਾਈਨ, ਏਕਮ ਵਾਈਨ ਅਤੇ ਗਗਨ ਵਾਈਨ ਨੂੰ ਦਿੱਤਾ ਹੈ। ਇਨ੍ਹਾਂ ਤਿੰਨਾਂ ਫਰਮਾਂ ਨੇ ਕਰੀਬ 80 ਕਰੋੜ ਰੁਪਏ ਨਹੀਂ ਭਰੇ। ਆਬਕਾਰੀ ਮਹਿਕਮੇ ਨੇ ਇਨ੍ਹਾਂ ਫਰਮਾਂ ਦੀ ਰੋਜ਼ਾਨਾ ਦੀ ਵਿਕਰੀ ਉੱਤੇ ਨਜ਼ਰ ਰੱਖਣ ਲਈ ਦੋ ਅਧਿਕਾਰੀ ਲਾ ਦਿੱਤੇ ਹਨ। ਕਰ ਤੇ ਆਬਕਾਰੀ ਅਫ਼ਸਰ ਬਠਿੰਡਾ ਵਿਕਰਮ ਠਾਕੁਰ ਨੇ ਕਿਹਾ ਕਿ ਇਨ੍ਹਾਂ ਫਰਮਾਂ ਦੀ ਕਰੀਬ 15 ਕਰੋੜ ਦੀ ਜਾਇਦਾਦ ਨੱਥੀ ਕਰ ਲਈ ਗਈ ਹੈ ਤੇ ਵਸੂਲੀ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਫਾਜ਼ਿਲਕਾ ਜ਼ਿਲ੍ਹੇ ਵਿੱਚ ਅਕਾਲੀ ਆਗੂ ਸ਼ਿਵਲਾਲ ਡੋਡਾ ਦੀ ਸ਼ਰਾਬ ਕੰਪਨੀ ਵੱਲ ਕਰੀਬ 3.50 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਸ ਜ਼ਿਲ੍ਹੇ ਵਿੱਚ ਠੇਕੇਦਾਰ ਕਰੀਬ 13 ਕਰੋੜ ਰੁਪਏ ਦੇ ਡਿਫਾਲਟਰ ਹਨ। ਕਰ ਤੇ ਆਬਕਾਰੀ ਅਫ਼ਸਰ ਰਾਜਿੰਦਰ ਤਨਵਰ ਨੇ ਦੱਸਿਆ ਕਿ ਤਿੰਨ ਠੇਕੇਦਾਰਾਂ ਦੀ ਜ਼ਮੀਨ ਅਤੇ ਮਕਾਨ ਨੱਥੀ ਕਰ ਲਏ ਗਏ ਹਨ। ਫ਼ਰੀਦਕੋਟ ਜ਼ਿਲ੍ਹੇ ਵਿੱਚ ਸ਼ਰਾਬ ਦੇ ਕਾਰੋਬਾਰੀ ਕਰੀਬ 30 ਕਰੋੜ ਰੁਪਏ ਦਾ ਡਿਫਾਲਟਰ ਹੋ ਗਏ ਹਨ। ਮੋਗਾ ਤੇ ਬਰਨਾਲਾ ਜ਼ਿਲ੍ਹੇ ਵਿੱਚ ਡਿਫਾਲਟਰ ਠੇਕੇਦਾਰਾਂ ਦੀ ਸੂਚੀ ਲੰਮੀ ਹੋਣ ਲੱਗੀ ਹੈ।
ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਵਧੀਕ ਕਮਿਸ਼ਨਰ ਗੁਰਤੇਜ ਸਿੰਘ ਨੇ ਦੱਸਿਆ ਕਿ ਠੇਕੇਦਾਰਾਂ ਦੀ ਸੰਪਤੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤਾਂ ਜੋ ਲੋੜ ਪੈਣ ’ਤੇ ਜ਼ਮੀਨ ਕੁਰਕ ਕੀਤੀ ਜਾ ਸਕੇ। ਡਿਵੀਜ਼ਨਲ ਕਰ ਤੇ ਆਬਕਾਰੀ ਅਫ਼ਸਰ ਬਠਿੰਡਾ ਜੀ. ਐਸ.ਸੰਧੂ ਨੇ ਕਿਹਾ ਕਿ ਠੇਕੇਦਾਰਾਂ ਦੀ ਸੰਪਤੀ ਸ਼ਨਾਖ਼ਤ ਕਰ ਕੇ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਰੈੱਡ ਐਂਟਰੀ ਕਰਵਾਈ ਗਈ ਹੈ।
Related Topics: Badal Dal, corruption, Gagan Wine, Punjab Government, Punjab Politics, Shiv Sena