August 2, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਉਪਰ ਸੋਮਵਾਰ ਨੂੰ ਮੋਹਰ ਲਾ ਦਿੱਤੀ। ਪੰਜਾਬੀ ਟ੍ਰਿਬਿਊਨ ਵਿਚ ਛਪੀ ਖਬਰ ਮੁਤਾਬਕ ਸੋਮਵਾਰ ਸਵੇਰੇ ਦਿੱਲੀ ਵਿੱਚ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਦੌਰਾਨ ਪੰਜਾਬ ਦੀ ਸਕਰੀਨਿੰਗ ਕਮੇਟੀ ਵੱਲੋਂ 23 ਹਲਕਿਆਂ ਲਈ ਸਿਫ਼ਾਰਸ਼ ਕੀਤੇ 130 ਦੇ ਕਰੀਬ ਨਾਵਾਂ ਉਪਰ ਚਰਚਾ ਹੋਈ। ਇਸ ਦੌਰਾਨ ਘੱਟੋ ਘੱਟ 22 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਗਈ।
ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ‘ਆਪ’ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਨਹੀਂ ਹੈ, ਜਦੋਂ ਕਿ ਪੀਐਚਡੀ ਕਰ ਰਹੀ ਮਾਲਵਾ ਖੇਤਰ ਨਾਲ ਸਬੰਧਤ 27 ਸਾਲਾ ਲੜਕੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਦੋ ਮਾਸਟਰ/ਪ੍ਰਿੰਸੀਪਲਾਂ ਦੇ ਨਾਮ ਸ਼ਾਮਲ ਕਰਨ ਦੀ ਵੀ ਚਰਚਾ ਹੈ। ਸੂਚੀ ਵਿੱਚ ਇਕ ਡਾਕਟਰ ਦਾ ਨਾਮ ਵੀ ਹੈ। ਇਸ ਤੋਂ ਇਲਾਵਾ ਘੱਟੋ ਘੱਟ ਤਿੰਨ ਵਕੀਲ ਵੀ ਸ਼ਾਮਲ ਕੀਤੇ ਗਏ ਹਨ। ਸੂਤਰਾਂ ਅਨੁਸਾਰ ਪਹਿਲੀ ਸੂਚੀ ਵਿੱਚ ਪੀਏਸੀ ਨੇ ਵੱਧ ਤੋਂ ਵੱਧ ਨਵੇਂ ਚਿਹਰਿਆਂ ਅਤੇ ਪਾਰਟੀ ਦੇ ਪ੍ਰਪੱਕ ਵਲੰਟੀਅਰਾਂ ਦੇ ਨਾਮ ਸ਼ਾਮਲ ਕਰਨ ਨੂੰ ਤਰਜੀਹ ਦਿੱਤੀ ਹੈ। ਪਹਿਲੀ ਸੂਚੀ ਵਿੱਚ ਪਿਛਲੇ ਸਮੇਂ ਦੌਰਾਨ ਹੋਰ ਪਾਰਟੀਆਂ ਵਿੱਚੋਂ ਸ਼ਾਮਲ ਹੋਏ ਆਗੂਆਂ ਨੂੰ ਥਾਂ ਨਹੀਂ ਦਿੱਤੀ ਗਈ।
ਪਾਰਟੀ ਦੇ ਤਿੰਨ ਵਿੰਗਾਂ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਸਮੇਤ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦੇ ਦਾਅਵੇਦਾਰ ਮੰਨੇ ਜਾਂਦੇ ਐਚ.ਐਸ. ਫੂਲਕਾ ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਕਰਨ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚੋਂ ਬਲਜਿੰਦਰ ਕੌਰ ਨੂੰ ਛੱਡ ਕੇ ਬਾਕੀ ਤਿੰਨੋਂ ਉਮੀਦਵਾਰ ਵਕੀਲ ਹਨ। ਕੇਜਰੀਵਾਲ ਨੇ ਸਵੇਰੇ ਦਿੱਲੀ ਵਿੱਚ ਪੀਏਸੀ ਦੀ ਮੀਟਿੰਗ ਸੱਦ ਕੇ ਘੱਟੋ ਘੱਟ 22 ਉਮੀਦਵਾਰਾਂ ਦੇ ਨਾਵਾਂ ਦੀ ਚੋਣ ਕਰ ਕੇ ਸੂਚੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ‘ਆਪ’ ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ ਕਿ ਪੀਏਸੀ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਅਤੇ ਉਹ ਦੋ-ਤਿੰਨ ਦਿਨਾਂ ਵਿੱਚ ਸੂਚੀ ਜਾਰੀ ਕਰ ਦੇਣਗੇ।
Related Topics: Aam Aadmi Party, Advocate Harwinder Singh Phoolka, Arvind Kejriwal, Harjot Singh Bains, Himmat SIngh Shergill, Prof. Baljinde Kaur, Punjab Politics, Punjab Polls 2017, Sanjay Singh AAP