ਸਿੱਖ ਖਬਰਾਂ

ਫਿਲਮ “ਨਾਨਕ ਸ਼ਾਹ ਫਕੀਰ” ਰਿਲੀਜ਼ ਹੋਣ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ: ਜੱਥੇ: ਸ਼੍ਰੀ ਅਕਾਲ ਤਖਤ ਸਾਹਿਬ

April 9, 2015 | By

ਅੰਮ੍ਰਿਤਸਰ (8 ਅਪਰੈਲ, 2015): ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਫਿਲਮ ’ਤੇ ਰੋਕ ਲਾਉਣ ਦੀ ਹਮਾਇਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਫਿਲਮ ਦੇਖੀ ਹੈ ਅਤੇ ਫਿਲਮ ਦੇਖਣ ਸਮੇਂ ਉਨ੍ਹਾਂ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਤੇ ਹੋਰ ਵੀ ਸਨ।

 ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)


ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਫਿਲਮ ਦੇਖਣ ਮਗਰੋਂ ਉਨ੍ਹਾਂ ਸਮੇਤ ਸਮੂਹ ਸਿੱਖ ਆਗੂਆਂ ਨੇ ਫਿਲਮ ਨਿਰਮਾਤਾ ਨੂੰ ਹਦਾਇਤ ਕੀਤੀ ਸੀ ਕਿ ਇਸ ਵਿਚੋਂ ਗੁਰੂ ਸਾਹਿਬ ਨੂੰ ਮਨੁੱਖੀ ਰੂਪ ਵਿਚ ਦਿਖਾਉਣ ਵਾਲੇ ਦ੍ਰਿਸ਼ ਅਤੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਮਨੁੱਖੀ ਰੂਪ ਵਿਚ ਨਿਭਾਏ ਜਾਣ ਦੇ ਦ੍ਰਿਸ਼ ਹਟਾਏ ਜਾਣ ਕਿਉਂਕਿ ਇਹ ਸਿੱਖ ਸਿਧਾਂਤਾਂ ਦੇ ਉਲਟ ਹੈ, ਪਰ ਇਤਰਾਜ਼ਯੋਗ ਦ੍ਰਿਸ਼ ਨਹੀਂ ਹਟਾਏ ਗੲੇ।

ਦੂਜੇ ਪਾਸੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਦਿੱਲੀ ਵਿਚ ਫਿਲਮ ਦਾ ਸੰਗੀਤ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਫਿਲਮ ਵਿਚ ਗੁਰੂ ਨਾਨਕ ਦੇਵ ਦਾ ਕਿਰਦਾਰ ਕਿਸੇ ਇਨਸਾਨ ਨੇ ਨਹੀਂ ਨਿਭਾਇਆ। ਉਨ੍ਹਾਂ ਦਾਅਵਾ ਕੀਤਾ ਕਿ ਗੁਰੂ ਸਾਹਿਬ ਦਾ ਕਿਰਦਾਰ ਕੰਪਿਊਟਰ ਗ੍ਰਾਫਿਕਸ ਰਾਹੀਂ ਦਿਖਾਇਆ ਗਿਆ ਹੈ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਗਤਾਂ ਵਲੋਂ ਇਸ ’ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਨਿਤ ਦਿਨ ਸਿੱਖ ਜਥੇਬੰਦੀਆਂ ਵਲੋਂ ੳਨ੍ਹਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ੲਿਤਰਾਜ਼ਯੋਗ ਦ੍ਰਿਸ਼ ਹਟਾਏ ਜਾਣ ਤੋਂ ਬਿਨਾਂ ਫਿਲਮ ਰਿਲੀਜ਼ ਹੋਣ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ।

ਇਸ ਦੌਰਾਨ ਸਿੱਖ ਵਿਦਵਾਨਾਂ ਵੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਕਿਰਦਾਰ ਨੂੰ ਮਨੁੱਖੀ ਰੂਪ ਵਿਚ ਦਿਖਾੲੇ ਜਾਣ ਦਾ ਰੁਝਾਨ ਇਥੇ ਹੀ ਬੰਦ ਹੋਣਾ ਚਾਹੀਦਾ ਹੈ, ਨਹੀਂ ਤਾਂ ਭਵਿੱਖ ਵਿਚ ਇਹ ਹੋਰ ਵਧੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ ਨੇ ਆਖਿਆ ਕਿ ਕੰਪਿਊਟਰ ਗ੍ਰਾਫਿਕਸ ਰਾਹੀਂ ਗੁਰੂ ਨੂੰ ਮਨੁਖੀ ਰੂਪ ਵਿਚ ਦਿਖਾੳੁਣ ਦੀ ਥਾਂ ਗੁਰੂ ਸਾਹਿਬ ਦੀ ਹੋਂਦ ਦਾ ਅਹਿਸਾਸ ਦੇਣ ਲੲੀ ਸੰਕੇਤਕ ਰੂਪ ਵਿਚ ਖਾਲੀ ਥਾਂ ਛੱਡੀ ਜਾ ਸਕਦੀ ਸੀ।

ਉਨ੍ਹਾਂ ਆਖਿਆ ਕਿ ਇਸ ਰੁਝਾਨ ਦਾ ਵਧਣਾ ਸਾਬਤ ਕਰਦਾ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਹੁਣ ਤਕ ਠੀਕ ਢੰਗ ਨਾਲ ਕਾਰਵਾਈ ਨਹੀਂ ਕੀਤੀ ਗਈ। ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆਂ ਨੇ ਵੀ ਆਖਿਆ ਕਿ ਫਿਲਮਾਂ ਵਿਚ ਅਜਿਹੇ ਰੁਝਾਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬੀਤੇ ਦਿਨੀਂ ਦਮਦਮੀ ਟਕਸਾਲ ਅਤੇ ਦਲ ਖਾਲਸਾ ਸਮੇਤ ਕਈ ਜਥੇਬੰਦੀਆਂ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਫਿਲਮ ’ਤੇ ਇਤਰਾਜ਼ ਜ਼ਾਹਰ ਕੀਤਾ ਜਾ ਚੁੱਕਾ ਹੈ।

ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,