October 4, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੀ ਮੀਟਿੰਗ ਗਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਮਿੰਘਮ ਵਿਖੇ ਹੋਈ। ਜਿਸ ਵਿੱਚ ਅਨਿਲ ਕੌਲ (ਭਾਰਤ ਦਾ ਰੱਖਿਆ ਮਾਹਰ) ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਾਬਲ ਵਕੀਲਾਂ ਦੁਆਰਾ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ ਅਤੇ ਉਪਰੰਤ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਕੇ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਪੁਲਿਸੀਆਂ ਅਤੇ ਜ਼ਿੰਮੇਵਾਰ ਸਿਆਸੀ ਆਗੂਆਂ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਵਾਸਤੇ ਅਨਿਲ ਕੌਲ ਵਲੋਂ ਜਨਤਕ ਤੌਰ ‘ਤੇ ਕੀਤੇ ਇਕਬਾਲ ਨੂੰ ਅਧਾਰ ਬਣਾ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਸਖਤ ਮਿਹਨਤ ਨਾਲ ਤਿਆਰ ਕੀਤੇ ਦਸਤਾਵੇਜ਼ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹੋਰ ਸਬੂਤ ਨਾਲ ਲਗਾਏ ਜਾਣਗੇ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਮੀਟੰਗ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਬਲਬੀਰ ਸਿੰਘ, ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਤਰਸੇਮ ਸਿੰਘ ਦਿਉਲ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਚਰਨ ਸਿੰਘ, ਭਾਈ ਸਤਵਿੰਦਰ ਸਿੰਘ ਜਾਗੋਵਾਲਾ, ਭਾਈ ਗੁਰਦਿਆਲ ਸਿੰਘ ਅਟਵਾਲ, ਭਾਈ ਸੇਵਾ ਸਿੰਘ ਮੱਲ੍ਹੀ ਨੇ ਸ਼ਮੂਲੀਅਤ ਕੀਤੀ। ਜਿ਼ਕਰਯੋਗ ਹੈ ਕਿ ਸਰਕਾਰੀ ਪੱਧਰ ‘ਤੇ ਉੱਚੇ ਅਹੁਦੇ ‘ਤੇ ਰਹਿਣ ਵਾਲੇ ਅਨਿਲ ਕੌਲ ਨੇ ਸਰਕਾਰੀ ਟੀ.ਵੀ. ਚੈਨਲ ਰਾਜ ਸਭਾ ਟੀ.ਵੀ. ਦੇ ਇਕ ਪ੍ਰੋਗਰਾਮ ਵਿਚ ਬਹਿਸ ਦੌਰਾਨ ਸ਼ਰੇਆਮ ਇਕਬਾਲ ਕਰਦਿਆਂ ਆਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐੱਸ ਗਿੱਲ ਵਲੋਂ ਸਿੱਖ ਖਾੜਕੂਆਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਕਤਲੇਆਮ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਕਸ਼ਮੀਰ ਵਿੱਚ ਖਾੜਕੂਆਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਮਾਰੇ ਜਾਣ।
ਅਨਿਲ ਕੌਲ ਭਾਰਤੀ ਫੌਜ ਦਾ ਸੁਰੱਖਿਆ ਸਲਾਹਕਾਰ ਰਹਿ ਚੁੱਕਾ ਹੈ ਅਤੇ ਕਿਸੇ ਜ਼ਿੰਮੇਵਾਰ ਵਿਅਕਤੀ ਵਲੋਂ ਅਜਿਹਾ ਇਕਬਾਲ ਕਰਨਾ ਭਾਰਤ ਸਰਕਾਰ ਦੇ ਝੂਠ ਦੇ ਪਰਖਚੇ ਉਡਾਂਉਂਦਾ ਹੈ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਨਿਰਦੋਸ਼ ਸਿੱਖਾਂ ਦੇ ਵੱਡੀ ਪੱਧਰ ‘ਤੇ ਕੀਤੇ ਕਤਲੇਆਮ ਤੋਂ ਮੁੱਕਰਦਾ ਆ ਰਿਹਾ ਹੈ। ਸਿੱਖਾਂ ਦੀਆਂ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਜਥੇਬੰਦੀਆਂ ਅਤੇ ਕੌਮੀ ਅਜ਼ਾਦੀ ਦੀ ਉਮੰਗ ਰੱਖਣ ਵਾਲੇ ਵਿਆਕਤੀਆਂ ਵਲੋਂ ਸਾਢੇ ਤਿੰਨ ਦਹਾਕਿਆਂ ਤੋਂ ਵਾਰ-ਵਾਰ ਆਖਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਇੰਨੀ ਵੱਡੀ ਪੱਧਰ ‘ਤੇ ਸ਼ਹੀਦ ਕੀਤਾ ਗਿਆ ਹੈ ਕਿ ਉਹਨਾਂ ਦੀ ਸਹੀ ਤੌਰ ‘ਤੇ ਗਿਣਤੀ ਵੀ ਨਹੀਂ ਹੋ ਸਕਦੀ। ਕਿਉਂਕਿ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਪਲਿਸ ਨੇ ਅਹੁਦੇ ਵਧਾਉਣ ਦੇ ਲਾਲਚ ਵਿੱਚ ਘਰਾਂ ਤੋਂ ਚੁੱਕ ਕੇ ਭਾਰੀ ਤਸ਼ੱਦਦ ਕਰਨ ਉਪਰੰਤ ਲਾਪਤਾ ਕਰ ਦਿੱਤਾ ਗਿਆ।
ਸੰਬੰਧਤ ਖ਼ਬਰ:
ਪੰਜਾਬ ਵਾਂਗ ਹੀ ਕਸ਼ਮੀਰ ‘ਚ ਵੀ ਖਾੜਕੂਆਂ ਦੇ ਪਰਿਵਾਰ ਮਾਰੇ ਜਾਣੇ ਚਾਹੀਦੇ ਹਨ: ਭਾਰਤੀ ਰੱਖਿਆ ਮਾਹਰ …
ਸਵਰਨ ਘੋਟਣਾ, ਅਜੀਤ ਸੰਧੂ, ਗੋਬਿੰਦ ਰਾਮ, ਸੂਰੀ, ਰਾਮ ਮੂਰਤੀ ਵਰਗੇ ਢਾਈ ਸੌ ਤੋਂ ਵੱਧ ਪੁਲਿਸ ਅਧਿਕਾਰੀਆਂ ਨੇ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ, ਉੱਥੇ ਉਹਨਾਂ ਦੇ ਪਰਿਵਾਰਾਂ ਤੋਂ ਉਹਨਾਂ ਦੀ ਰਿਹਾਈ ਵਾਸਤੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਅਤੇ ਬਹੁਤ ਸਾਰੇ ਸਿੱਖ ਪਰਿਵਾਰਾਂ ਵਲੋਂ ਪੁਲਿਸ ਦੁਆਰਾ ਫਿਰੌਤੀਆਂ ਦੀ ਕੀਤੀ ਮੰਗ ਨੂੰ ਪੂਰਾ ਵੀ ਕਰ ਦਿੱਤਾ ਪਰ ਫਿਰ ਵੀ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿੱਤਾ ਗਿਆ। ਇਹਨਾਂ ਦੋਸ਼ੀ ਪੁਲਿਸ ਅਫਸਰਾਂ ਨੇ ਅਨਿਲ ਕੌਲ ਵਰਗੇ ਦੀ ਸਲਾਹ ਨਾਲ ਸਿੱਖ ਪਰਿਵਾਰਾਂ ਨੂੰ ਦੋਹਰੀ ਮਾਰ ਮਾਰਿਆ ਹੈ ਅਤੇ ਇਹਨਾਂ ਦੇ ਗੁਨਾਹ ਕਦੇ ਵੀ ਬਖਸ਼ਣਯੋਗ ਨਹੀਂ ਹਨ। ਸੰਸਾਰ ਭਰ ਵਿੱਚ ਵਿੱਚਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਕਿ ਆਉ ਇਸ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ੳਭਾਰੀਏ ਅਤੇ ਕਸ਼ਮੀਰੀ ਭਰਾਵਾਂ ਨੂੰ ਨਾਲ ਲੈ ਕੇ ਉਹਨਾਂ ‘ਤੇ ਹੋਣ ਵਾਲੇ ਹੋਰ ਭਿਅੰਕਰ ਜ਼ੁਲਮਾਂ ਬਾਰੇ ਸੁਚੇਤ ਕਰੀਏ।
Related Topics: Anil Kaul, FSO UK, Human Rights Violation in India, Human Rights Violation in Punjab, Indian Armed Forces, Indian Army, Punjab Police, Sikh Freedom Struggle