November 12, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਪਿਛਲੇ ਦੋ ਸਾਲਾਂ ‘ਚ ਪੰਜਾਬ ‘ਚ ਹੋਏ ਚੋਣਵਾਂ ਕਤਲਾਂ ਦੇ ਸਬੰਧ ‘ਚ ਪਿੰਡ ਚੂਹੜਵਾਲ ਜ਼ਿਲ੍ਹਾ ਲੁਧਿਆਣਾ ਤੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਰਮਨਦੀਪ ਸਿੰਘ ਦੇ ਸਾਰੇ ਪਿੰਡ ਵਿੱਚ ਵੀ ਸਹਿਮ ਦਾ ਮਾਹੌਲ ਹੈ। ਰਮਨਦੀਪ ਸਿੰਘ ਦੇ ਮਾਪਿਆਂ ਵੱਲੋਂ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੁੱਤ ਬੇਕਸੂਰ ਹੈ ਉਥੇ ਹੀ ਪਿੰਡ ਦੇ ਲੋਕ ਵੀ ਪੁਲਿਸ ਵਲੋਂ ਲਾਏ ਦੋਸ਼ਾਂ ਨੂੰ ਨਕਾਰ ਰਹੇ ਹਨ।
ਰਮਨਦੀਪ ਦੇ ਪਿਤਾ ਗੁਰਦੇਵ ਸਿੰਘ ਤੇ ਮਾਤਾ ਗੁਰਨਾਮ ਕੌਰ ਨੇ ਦੱਸਿਆ ਕਿ 7 ਨਵੰਬਰ ਨੂੰ ਉਹ ਦੋਵੇਂ ਆਪਣੀ ਧੀ, ਜੋ ਕਿ ਵਿਆਹੀ ਹੋਈ ਹੈ, ਦੇ ਬਿਮਾਰ ਹੋਣ ਕਾਰਨ ਮਿਹਰਬਾਨ ਹਸਪਤਾਲ ਵਿੱਚ ਉਸ ਦੀ ਖ਼ਬਰ ਲੈਣ ਗਏ ਹੋਏ ਸਨ ਤੇ ਘਰ ਵਿੱਚ ਰਮਨਦੀਪ ਤੇ ਉਸ ਦੀ ਭਰਜਾਈ ਸਰਬਜੀਤ ਕੌਰ ਹੀ ਸਨ। ਰਮਨਦੀਪ ਦਾ ਵੱਡਾ ਭਰਾ ਗੁਰਸੇਵਕ ਸਿੰਘ ਮਿਹਰਬਾਨ ਨੇੜੇ ਹੀ ਇੱਕ ਫੈਕਟਰੀ ’ਚ ਕੰਮ ਕਰਦਾ ਹੈ ਜਦਕਿ ਰਮਨਦੀਪ ਲੁਧਿਆਣਾ ਦੇ ਕਾਰ ਬਾਜ਼ਾਰ ਵਿੱਚ ਸਿਲਾਈ ਤੇ ਕਢਾਈ ਦੀਆਂ ਮਸ਼ੀਨਾਂ ਦੀ ਮੁਰੰਮਤ ਕਰਦਾ ਹੈ। ਘਟਨਾ ਵਾਲੇ ਦਿਨ ਕਰੀਬ 1:30 ਵਜੇ 3-4 ਗੱਡੀਆਂ ’ਚ 35-40 ਵਿਅਕਤੀ ਆਏ ਅਤੇ ਰਮਨਦੀਪ ਨੂੰ ਚੁੱਕ ਕੇ ਲੈ ਗਏ।
ਉਨ੍ਹਾਂ ’ਚੋਂ ਕੁਝ ਨੇ ਘਰ ਦੀ ਤਲਾਸ਼ੀ ਲਈ ਪਰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਹ ਵਿਅਕਤੀ ਘਰ ’ਚ ਲੱਗੀ ਆਟਾ ਚੱਕੀ ਦੀਆਂ ਚਾਬੀਆਂ, ਇੱਕ ਪੁਰਾਣਾ ਲੈਪਟੌਪ ਅਤੇ ਕੁਝ ਮਹੀਨੇ ਪਹਿਲਾਂ ਖ਼ਰੀਦੀ ਪੁਰਾਣੀ ਇਨੋਵਾ ਗੱਡੀ ਵੀ ਨਾਲ ਲੈ ਗਏ। ਰਮਨ ਦੇ ਵੱਡੇ ਭਰਾ ਗੁਰਸੇਵਕ ਨੂੰ ਵੀ ਰਸਤੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਥਾਣਾ ਮਿਹਰਬਾਨ ਵਿੱਚ ਆਪਣੇ ਪੁੱਤਰਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਕਰਨ ਗਏ ਤਾਂ ਉਨ੍ਹਾਂ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰਾਂ ਨਾਲ ਪੁਲਿਸ ਵਲੋਂ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਪੁੱਤਰ ਬੇਕਸੂਰ ਹਨ। ਮਾਪਿਆਂ ਨੇ ਕਿਹਾ ਕਿ ਅਖ਼ਬਾਰ ਜ਼ਰੀਏ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਮਨਦੀਪ ’ਤੇ ਕਤਲਾਂ ਦੇ ਦੋਸ਼ ਲੱਗੇ ਹਨ। ਪੰਜਾਬ ਟ੍ਰਿਬਿਊਨ ‘ਚ ਲੱਗੀ ਖ਼ਬਰ ਮੁਤਾਬਕ ਕੁਝ ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਰਮਨਦੀਪ ਸ਼ਰੀਫ ਲੜਕਾ ਹੈ ਅਤੇ ਉਹ ਕੋਈ ਗਲਤ ਕੰਮ ਨਹੀਂ ਕਰ ਸਕਦਾ।
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Arrests of sikh youth in punjab, Hindu Groups, Human Rights Violation in India, Human Rights Violation in Punjab, Khalistan, KLF, Law and Order, Punjab Police, Ramandeep Singh Chuharwal