ਲੇਖ » ਸਿੱਖ ਖਬਰਾਂ

ਨਹੁੰ-ਮਾਸ ਦੇ ਰਿਸ਼ਤੇ ‘ਚ ਤਰੇੜ ਜਾ ਨਵੀਂ ਸਿਆਸੀ ਚਾਲ

January 31, 2019 | By

ਲੇਖਕ- ਨਰਿੰਦਰ ਪਾਲ ਸਿੰਘ

ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿੱਚ ਮਹਾਂਰਾਸ਼ਟਰ ਸਰਕਾਰ ਦੀ ਸਿੱਧੀ ਦਖਲ਼ਅੰਦਾਜੀ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ/ਰਾਸ਼ਟਰੀ ਸਿੱਖ ਸੰਗਤ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਕੀ ਅਰਥ ਰੱਖਦੀ ਹੈ? ਕੀ ਇਹ ਵਾਕਿਆ ਹੀ ਬਾਦਲ ਦਲ ਤੇ ਭਾਜਪਾ ਗਠਜੋੜ ਦਰਮਿਆਨ ਕੋਈ ਮੁੱਦਾ ਅਧਾਰਿਤ ਵਖਰੇਵਾਂ ਹੈ ਜਾਂ ਅਗਾਮੀ ਲੋਕ ਸਭਾ ਤੋਂ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲ ੈਕੇ ਕੋਈ ਨਵੀ ਸਿਆਸੀ ਡਰਾਮੇਬਾਜੀ।ਇਹ ਸਵਾਲ ਬੀਤੇ ਕਲ੍ਹ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਬੜੀ ਹੀ ਗੰਭੀਰਤਾ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ ਜੋ 40 ਸਾਲ ਪੁਰਾਣੇ ਦੱਸੇ ਜਾਂਦੇ ਨਹੁੰ ਮਾਸ ਅਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਚੂਰ ਚੂਰ ਕਰ ਰਹੇ ਹਨ?

ਜਿਥੋਂ ਤੀਕ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਭਾਜਪਾ ਦੇ ਸਿੱਧੇ ਰਿਸ਼ਤਿਆਂ ਦਾ ਸਵਾਲ ਹੈ ਇਹ ਹਰ ਕੋਈ ਜਾਣਦਾ ਹੈ ਸਸਿਰਸਾ ਭਾਜਪਾ ਟਿਕਟ ਤੇ ਦਿੱਲੀ ਤੋਂ ਵਿਧਾਇਕ ਵੀ ਹਨ।ਉਨ੍ਹਾਂ ਦੀ ਪਤਨੀ ਵੀ ਨਗਰ ਨਿਗਮ ਦੀ ਕੌਂਸਲਰ ਰਹੀ ਹੈ।ਇਸੇ ਤਰ੍ਹਾ ਬਾਦਲ ਦਲ ਦੀ ਸਰਪ੍ਰਸਤੀ ਵਾਲੀ ਦਿੱਲੀ ਕਮੇਟੀ ਵਲ ਨਿਗਾਹ ਮਾਰੀ ਜਾਏ ਤਾਂ ਦਿੱਲੀ ਕਮੇਟੀ ਦੇ ਇੱਕ ਅਹੁਦੇਦਾਰ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੀ ਧਰਮ ਪਤਨੀ,ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਪਰਮਜੀਤ ਸਿੰਘ ਰਾਣਾ ਭਾਜਪਾ ਦੇ ਕੌਂਸਲਰ ਅਤੇ ਦੋ ਹੋਰ ਮੈਂਬਰ ਭਾਜਪਾ ਦੀ ਦਿੱਲੀ ਇਕਾਈ ਦੇ ਅਹੁਦੇਦਾਰ ਹੁੰਦਿਆਂ ਵੀ ਦਿੱਲੀ ਕਮੇਟੀ ਦੇ ਮੈਂਬਰ ਹਨ।

ਜਿਥੋਂ ਤੀਕ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਐਕਟ ਵਿੱਚ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਤਰਮੀਮ ਕਰਨ ਦਾ ਸਵਾਲ ਹੈ ਇਹ ਕਾਰਵਾਈ ਤਾਂ ਸਾਲ 2015 ਵਿੱਚ ਹੀ ਸ਼ੁਰੂ ਹੋ ਗਈ ਸੀ।ਤਖਤ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਤਾਰਾ ਸਿੰਘ ,ਮਹਾਂਰਾਸ਼ਟਰ ਤੋਂ ਭਾਜਪਾ ਵਿਧਾਇਕ ਸਨ।ਇਸੇ ਤਰ੍ਹਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਭਾਜਪਾ ਦੀ ਹੀ ਸਾਥੀ ਜਮਾਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਦੀ ਗੱਲ ਕਿਸੇ ਤੋਂ ਲੁਕੀ ਨਹੀ ਹੈ।ਇਥੇ ਹੀ ਬਸ ਨਹੀ ਸ.ਸਿਰਸਾ ਵਲੋਂ ਲੜੀ ਗਈ ਵਿਧਾਇਕ ਦੀ ਚੋਣ ਮੌਕੇ ਮੰਚ ਤੋਂ ਹੀ ਇਕ ਤੇਜ ਤਰਾਰ ਤੇ ਮੁਤੱਸਬੀ ਭਾਜਪਾ ਔਰਤ ਵਲੋਂ ਬਹੁਗਿਣਤੀ ਹਿੰਦੂਆਂ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਵਰਤੇ ਸ਼ਬਦ “ਰਾਮ ਜਾਦੇ ਜਾਂ ਹਰਾਮਜ਼ਾਦੇ” ਕੋਈ ਸਭਿਅਕ ਸ਼ਬਦ ਨਹੀ ਸਨ ਪਰ ਸ.ਮਨਜਿੰਦਰ ਸਿੰਘ ਸਿਰਸਾ ਜਾਂ ਉਨ੍ਹਾਂ ਦੀ ਅਖੌਤੀ ਪੰਥਕ ਪਾਰਟੀ ਬਾਦਲ ਦਲ ਨੂੰ ਕਦੇ ਵੀ ਦਿੱਲੀ ਕਮੇਟੀ ਜਾਂ ਤਖਤ ਪਟਨਾ ਸਾਹਿਬ ਜਾਂ ਤਖਤ ਹਜੂਰ ਸਾਹਿਬ ਪ੍ਰਬੰਧਕੀ ਕਮੇਟੀ ਵਿੱਚ ਭਾਜਪਾ ਦੀ ਦਖਲ ਅੰਦਾਜ਼ੀ ਨਜਰ ਨਹੀ ਆਈ।ਬਲਕਿ ਅਹੁਦਿਆਂ ਦਾ ਨਿੱਘ ਮਾਣਦਿਆਂ ਉਨ੍ਹਾਂ ਦੀ ਹਾਲਤ “ਮੂੰਹ ਖਾਵੇ ਤੇ ਅੱਖ ਸ਼ਰਮਾਵੇ” ਵਾਲੀ ਹੀ ਰਹੀ।

ਮਨਜਿੰਦਰ ਸਿੰਘ ਸਿਰਸਾ ਦੀ ਪੁਰਾਣੀ ਤਸਵੀਰ

ਪਰ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵਲੋਂ 26 ਜਨਵਰੀ ਵਾਲੇ ਦਿਨ ਬਾਦਲਾਂ ਤੋਂ ਬਾਗੀ ਸੀਨੀਅਰ ਅਕਾਲੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦੇ ਕੌਮੀ ਖਿਤਾਬ ਨਾਲ ਸਨਮਾਨਣਾ ਬਾਦਲ ਦਲ ਨੂੰ ਜਰੂਰ ਮਹਿਸੂਸ ਹੋਇਆ ਹੈ।ਦਲ ਦੇ ਆਗੂ ਅੰਦਰੋ ਅੰਦਰ ਹੀ ਘੁਸਰ ਮੁਸਰ ਜਰੂਰ ਕਰਦੇ ਹਨ ਕਿ ਸ.ਢੀਂਡਸਾ ਨੂੰ ਖਿਤਾਬ ਦੇਣ ਤੋਂ ਪਹਿਲਾਂ ਪਾਰਟੀ ਦੀ ਰਾਏ ਨਹੀ ਮੰਗੀ ਗਈ।ਜਦੋਂ ਕਿ ਅਸਲੀਅਤ ਇਹ ਵੀ ਹੈ ਕਿ ਸ.ਢੀਂਡਸਾ ਨੇ ਬਾਦਲ ‘ਤੇ ਭਾਰੂ ਪੈ ਰਹੀ ਮੌਜੂਦਾ (ਜੀਜਾ-ਸਾਲਾ)ਲੀਡਰਸ਼ਿਪ ਦੇ ਵਤੀਰੇ ਤੋਂ ਖਫਾ ਹੋਕੇ ਪਾਰਟੀ ਅਹੁਦੇ ਤਿਆਗੇ ਸਨ ਤੇ ਢੀਂਡਸਾ ਦੇ ਕਦਮਾਂ ਤੇ ਚਲਦਿਆਂ ਕੁਝ ਹੋਰ ਸੀਨੀਅਰ ਦਲ ਆਗੂਆਂ ਵੀ ਬਾਦਲ ਦਲ ਤੋਂ ਕਿਨਾਰਾ ਕਰ ਲਿਆ।

ਬਾਦਲ ਦਲ ਨੂੰ ਭਾਜਪਾ ਪ੍ਰਤੀ ਦੂਸਰਾ ਰੋਸ,ਦਿੱਲੀ ਸਿਖ ਕਤਲੇਆਮ ਪੀੜਤਾਂ ਦੇ ਅਦਾਲਤੀ ਕੇਸ ਲੜਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ਼੍ਰੀ ਦਾ ਕੌਮੀ ਖਿਤਾਬ ਦਿੱਤੇ ਜਾਣ ਤੇ ਹੈ ।ਕਿਉਂਕਿ ਇਹ ਸ.ਫੂਲਕਾ ਹੀ ਹਨ ਜਿਨ੍ਹਾਂ ਨੇ ਐਲਾਨੀਆ ਕਹਿਣ ਦੀ ਜ਼ੁਰਅਤ ਵਿਖਾਈ ਕਿ ਉਹ ਬਾਦਲ ਪਰਿਵਾਰ ਮੁਕਤ ਸ਼੍ਰੋਮਣੀ ਕਮੇਟੀ ਲਈ ਜੰਗ ਲੜਨਗੇ ।ਖੁਦ ਢੀਂਡਸਾ ਨੇ ਵੀ ਬਾਦਲ ਪਿਉ ਪੁਤਰ ਮੁਕਤ ਦਲ ਦੀ ਸ਼ਰਤ ਰੱਖ ਦਿਤੀ ਹੈ।ਸਿਆਸੀ ਮਾਹਿਰ ਤਾਂ ਇਹ ਮੰਨ ਕੇ ਚਲ ਰਹੇ ਹਨ ਕਿ ਭਾਜਪਾ ਨੇ ਪੰਜਾਬ ਦੀ ਸਿੱਖ ਸਿਆਸਤ ਲਈ ਦੋ ਸਿੱਖ ਚਿਹਰਿਆਂ ਦੀ ਚੋਣ ਕਰ ਲਈ ਹੈ ਜੋ ਕਰਮਵਾਰ ਸਿਆਸਤ ਤੇ ਧਰਮ ਦੇ ਮਾਮਲਿਆਂ ਤੇ ਅੱਗੇ ਕਦਮ ਵਧਾਉਣਗੇ ।
ਪਰ ਇਹ ਚਿੰਤਨ ਦਾ ਵਿਸ਼ਾ ਜਰੂਰ ਹੈ ਕਿ ਆਖਿਰ ਭਾਜਪਾ ਖਿਲਾਫ ਅਵਾਜ ਉਠਾਉਣ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਹੀ ਕਿਉਂ ਚੁਣਿਆ ਗਿਆ ਹੈ? ਜਵਾਬ ਵੀ ਸਾਹਮਣੇ ਹਨ ਕਿ ਦਿੱਲੀ ਪ੍ਰਦੇਸ਼ ਦੀ ਕੇਜ਼ਰੀਵਾਲ ਸਰਕਾਰ ਨੂੰ ਹਰ ਪਲ ਘੇਰਨ ਲਈ ਜਿੰਨ੍ਹੀ ਸੋਹਣੀ ਡਰਾਮੇਬਾਜ਼ੀ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਸਮੇਂ ਦੌਰਾਨ ਕੀਤੀ ਹੈ ਉਹ ਕੋਈ ਭਾਜਪਾ ਵਿਧਾਇਕ ਵੀ ਨਹੀ ਕਰ ਸਕਿਆ।

ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਅਜੇ ਕੁਝ ਸਮੇਂ ਲਈ ਕੇਂਦਰ ਵਿਚਲੀ ਭਾਜਪਾ ਸਰਕਾਰ ਦੀ ਮਦਦ ਦੀ ਲੋੜ ਹੈ ਕਿਉਂਕਿ ਉਹ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਦੇ ਦੋਸ਼ ਤਹਿਤ ਉਸ ਦਿੱਲੀ ਪੁਲਿਸ ਦੇ ਰਹਿਮੋ ਕਰਮ ਤੇ ਹਨ ਜਿਸਦੀ ਮਾਲਕ ਕੇਂਦਰ ਸਰਕਾਰ ਹੈ।ਸ਼੍ਰੋਮਣੀ ਕਮੇਟੀ ਵੀ ਅਜੇ ਆਪਣੀ ਅਗਾਮੀ ਚੋਣਾਂ ਦੀ ਚਾਰਾਜੋਈ ਲਈ ਭਾਜਪਾ ਖਿਲਾਫ ਕੁਝ ਕਹਿਣ ਤੋਂ ਗੁਰੇਜ ਹੀ ਕਰੇਗੀ ।ਪਰ ਇਸਦਾ ਸਭ ਤੋਂ ਅਹਿਮ ਕਾਰਣ ਹੈ ਕਿ ਭਾਜਪਾ ਨੇ ਬਾਦਲ ਦੇ ਰੂਪ ਵਿੱਚ ਇੱਕ ਸਿੱਖ ਚਿਹਰੇ ਦੇ ਮਖੌਟੇ ਰਾਹੀਂ ਅਹਿਮ ਸਿੱਖ ਸਿਧਾਂਤਾਂ,ਪ੍ਰੰਪਰਾਵਾਂ ਅਤੇ ਸਿੱਖ ਅਹੁਦਿਆਂ ਦੀ ਮਾਣ ਮਰਿਆਦਾ ਦਾ ਘਾਣ ਕਰਵਾ ਲਿਆ ਹੈ।

ਪਿਛਲੇ ਲੰਬੇ ਸਮੇਂ ਤੋਂ ਭਾਜਪਾ ਨੇ ਆਪਣੇ ਅੰਦਰ ਤੇ ਬਾਹਰ ਅਜਿਹੇ ਸਿੱਖ ਸਰੂਪ ਵਾਲੇ ਚਿਹਰਿਆਂ ਦੀ ਲੰਬੀ ਕਤਾਰ ਖੜੀ ਕਰ ਲਈ ਹੈ ਜੋ ਆਣ ਵਾਲੇ ਸਮੇਂ ਵਿੱਚ ਭਾਜਪਾ ਦਾ ਸਿੱਖ ਧਾਰਮਿਕ ਅਦਾਰਿਆਂ ਵਿੱਚ ਪੈਰ ਧਰਾਵਾ ਤੇ ਪਕੜ ਮਜਬੂਤ ਕਰਨ ਲਈ ਕਾਫੀ ਹੈ।ਬਾਦਲ-ਭਾਜਪਾ ਗਠਜੋੜ ਦੇ ਜਿਸ ਚਾਲੀ ਸਾਲਾ ਰਿਸ਼ਤੇ ਨੂੰ ਬਾਦਲ ਦਲ ਆਗੂ ਹੁਣ ਤੀਕ ਨਹੁੰ-ਮਾਸ ਅਤੇ ਪਤੀ-ਪਤਨੀ ਦਾ ਰਿਸ਼ਤਾ ਦਸਦੇ ਰਹੇ ਹਨ ਉਹ ਇਹ ਸਪਸ਼ਟ ਨਹੀ ਕਰ ਸਕੇ ਕਿ ਇਸ ਰਿਸ਼ਤੇ ਵਿੱਚ ਪਤਨੀ ਕੌਣ ਸੀ ਤੇ ਪਤੀ ਕੌਣ,ਨਹੁੰ ਕੌਣ ਤੇ ਮਾਸ ਕੌਣ? ਬਸ ਸਮੇਂ ਦੀ ਨਜ਼ਾਕਤ ਨੂੰ ਵੇਖਕੇ ਅੱਗੇ ਵਧਦੇ ਰਹੇ ਹਨ ।ਬਾਦਲਾਂ ਨੂੰ ਸ਼ਾਇਦ ਹੁਣ ਮਹਿਸੂਸ ਹੋਇਆ ਹੈ ਕਿ ਹਰ ਵਾਰ ਦੇ ਉਲਟ ਇਸ ਵਾਰ ਤਾਂ ਪਤੀ ਨੇ ਨਹੁੰ ਦੀ ਬਜਾਏ ਵਧਿਆ ਹੋਇਆ ਮਾਸ ਹੀ ਵੱਢ ਦਿੱਤਾ ਹੈ ।ਇਸ ਲਈ ਵਕਤੀ ਹਾਲ ਦੁਹਾਈ ਹੈ ਬਾਦਲਕਿਆਂ ਦੀ ਪਰ ਇਹ ਉਹ ਅਜੇ ਵੀ ਨਹੀ ਸਮਝ ਸਕਣਗੇ ਕਿ ‘ਇਸ ਘਰ ਕੋ ਲਗੀ ਆਗ ਘਰ ਕੇ ਚਿਰਾਗ ਸੇ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,