ਸਿਆਸੀ ਖਬਰਾਂ » ਸਿੱਖ ਖਬਰਾਂ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਈਆਂ ਚੋਣਾਂ ‘ਚ 55 ਫੀਸਦ ਵੋਟਰਾਂ ਨੇ ਵੋਟ ਨਹੀਂ ਪਾਈ

February 27, 2017 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ ਦਾ ਕੰਮ ਕੱਲ੍ਹ 26 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਪੂਰਾ ਹੋ ਗਿਆ। ਚੋਣਾਂ ਲਈ 3000 ਚੋਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਬਹੁਗਿਣਤੀ ਵੋਟਰਾਂ ਨੇ ਗੁਰਦੁਆਰਾ ਪ੍ਰਬੰਧ ਲਈ ਵੋਟਾਂ ਪਾਉਣਾ ਜ਼ਰੂਰੀ ਨਾ ਸਮਝਿਆ ਅਤੇ 54 ਫੀਸਦ ਵੋਟਰ ਵੋਟ ਪਾਉਣ ਹੀ ਨਹੀਂ ਗਏ।

ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਮੁਤਾਬਕ 2013 ਵਿੱਚ 4 ਲੱਖ 50 ਹਜ਼ਾਰ ਵੋਟਰਾਂ ਵਿੱਚੋਂ 43.4 ਫੀਸਦੀ ਨੇ ਵੋਟਾਂ ਪਾਈਆਂ ਸਨ ਤੇ ਇਸ ਵਾਰ 3 ਲੱਖ 80 ਹਜ਼ਾਰ ਵੋਟਾਂ ਵਿੱਚੋਂ 45.77 ਵੋਟਾਂ ਪਈਆਂ। ਵੋਟਾਂ ਦੀ ਗਿਣਤੀ 1 ਮਾਰਚ ਨੂੰ ਸਵੇਰੇ 8 ਵਜੇ ਤੋਂ 5 ਕੇਂਦਰਾਂ ਆਈਟੀਆਈ ਤਿਲਕ ਨਗਰ (ਜੇਲ੍ਹ ਰੋਡ, ਨਵੀਂ ਦਿੱਲੀ), ਆਈਟੀਆਈ (ਔਰਤਾਂ) ਵਿਵੇਕ ਵਿਹਾਰ (ਸ਼ਾਹਦਰਾ), ਆਈਟੀਆਈ ਖਿਚੜੀਪੁਰ (ਦਿੱਲੀ), ਆਰੀਆ ਭੱਟ ਪੌਲੀਟੈਕਨਿਕ ਕਾਲਜ ਜੀਟੀ ਕਰਨਾਲ ਰੋਡ ਤੇ ਪੂਸਾ ਦੇ ਬੇਸਿਕ ਟ੍ਰੇਨਿੰਗ ਇੰਸਟੀਚਿਊਟ ਵਿੱਚ ਹੋਵੇਗੀ।

ਜਹਾਂਗੀਰਪੁਰੀ (ਦਿੱਲੀ) ਵਿੱਚ ਵੋਟ ਪਾ ਕੇ ਆਉਂਦਾ ਹੋਇਆ ਇੱਕ ਬਜ਼ੁਰਗ ਸਿੱਖ

ਜਹਾਂਗੀਰਪੁਰੀ (ਦਿੱਲੀ) ਵਿੱਚ ਵੋਟ ਪਾ ਕੇ ਆਉਂਦਾ ਹੋਇਆ ਇੱਕ ਬਜ਼ੁਰਗ ਸਿੱਖ

ਤ੍ਰਿਨਗਰ ਵਾਰਡ ਨੰਬਰ 7 ਵਿੱਚ ਸਭ ਤੋਂ ਵਧ 65.98 ਫੀਸਦੀ ਵੋਟਾਂ ਭੁਗਤੀਆਂ ਤੇ ਸੰਤਗੜ੍ਹ ਵਾਰਡ ਨੰਬਰ 26 ਵਿੱਚ ਸਭ ਤੋਂ ਘੱਟ 26.14 ਫੀਸਦੀ ਵੋਟਾਂ ਪਈਆਂ। ਤ੍ਰਿਨਗਰ ਵਿੱਚ 67 ਫੀਸਦੀ ਮਰਦ ਵੋਟਰਾਂ ਤੇ 65.3 ਫੀਸਦੀ ਔਰਤਾਂ ਨੇ ਵੋਟਾਂ ਪਾਈਆਂ। ਕੁੱਲ 3,80,755 ਵੋਟਰਾਂ ਵਿੱਚੋਂ 1,75,543 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ 88733 ਮਰਦ ਤੇ 86810 ਔਰਤਾਂ ਸ਼ਾਮਲ ਹਨ। ਮਰਦਾਂ ਦਾ ਵੋਟ ਫੀਸਦ 45.61 ਤੇ ਔਰਤਾਂ ਦਾ 45.92 ਰਿਹਾ। ਦੁਪਹਿਰ 12 ਵਜੇ ਤੱਕ ਕੁਝ ਵਾਰਡਾਂ ਵਿੱਚ ਸਿਰਫ਼ 17 ਫੀਸਦੀ ਵੋਟਾਂ ਪਈਆਂ ਸਨ ਤੇ ਸ਼ਾਮ ਵੇਲੇ ਤਿਲਕ ਨਗਰ, ਤਿਲਕ ਵਿਹਾਰ, ਮਾਲਵੀਆ ਨਗਰ, ਚੌਖੰਡੀ ਸਮੇਤ ਯਮੁਨਾ ਪਾਰ ਦੇ ਇਲਾਕਿਆਂ ਵਿੱਚ ਵੋਟ ਫੀਸਦੀ ਵਧ ਗਿਆ। ਬਹੁਤੇ ਵਾਰਡਾਂ ਵਿੱਚ ਫਸਵੇਂ ਮੁਕਾਬਲੇ ਹਨ ਤੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਅੰਤਰ ਬਹੁਤ ਥੋੜ੍ਹਾ ਹੋ ਸਕਦਾ ਹੈ।

ਬਾਦਲ ਦਲ ਦੀ ਦਿੱਲੀ ਇਕਾਈ ਸੌ ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਇਸ ਕਮੇਟੀ ਉਤੇ ਕਬਜ਼ਾ ਬਰਕਰਾਰ ਰਹਿਣ ਦੀ ਆਸ ਲਾਈ ਬੈਠੀ ਹੈ, ਜਦੋਂ ਕਿ ਮੁੱਖ ਵਿਰੋਧੀ ਧਿਰ ਅਕਾਲੀ ਦਲ ਦਿੱਲੀ (ਸਰਨਾ) ਪ੍ਰਬੰਧ ਆਪਣੇ ਹੱਥ ਲੈਣਾ ਚਾਹੁੰਦੀ ਹੈ।

ਦਿੱਲੀ ਕਮੇਟੀ ਚੋਣਾਂ ਦੌਰਾਨ ਤਕਰੀਬਨ 560 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਚੋਣਾਂ ਲਈ ਅੱਠ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਗੁਰਦੁਆਰਾ ਡਾਇਰੈਕਟੋਰੇਟ ਨੇ ਇਕ ਬਿਆਨ ਵਿੱਚ ਕਿਹਾ ਕਿ ਵੋਟ ਬਕਸਿਆਂ ਵਾਲੇ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਪੁਲਿਸ ਤਾਇਨਾਤ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,