March 26, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, (ਨਰਿੰਦਰਪਾਲ ਸਿੰਘ): ਚੀਫ ਖਾਲਸਾ ਪ੍ਰਧਾਨ ਤੇ ਦੋ ਹੋਰ ਅਹੁਦੇਦਾਰਾਂ ਦੀ ਅੱਜ ਇਥੇ ਹੋਈ ਚੋਣ ਵਿੱਚ ਸਾਬਕਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਧੜਾ ਹੀ ਮੁੜ ਕਾਬਜ ਹੋ ਗਿਆ ਹੈ।ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਡਾ.ਸੰਤੋਖ ਸਿੰਘ ਨਵੇਂ ਪਰਧਾਨ ਚੁਣੇ ਗਏ ਹਨ ।ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ ਸ੍ਰ.ਸਰਬਜੀਤ ਸਿੰਘ, ਸੀਨੀ ਮੀਤ ਪ੍ਰਧਾਨ ਚੁਣੇ ਗਏ ਹਨ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਸ੍ਰ.ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੂੰ ਚੁਣ ਲਿਆ ਗਿਆ ਹੈ। ਤਰਾਸਦੀ ਹੀ ਕਹੀ ਜਾਵੇਗੀ ਕਿ ਡਾ.ਸੰਤੋਖ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ 10 ਵੋਟਾਂ ਨਾਲ ਹਰਾਇਆ ਹੈ ਤੇ ਸ੍ਰ.ਸਰਬਜੀਤ ਸਿੰਘ, ਆਪਣੇ ਵਿਰੋਧੀ ਨਾਲੋਂ ਮਹਿਜ 3 ਵੋਟਾਂ ਦੇ ਵਾਧੇ ਨਾਲ ਜੇਤੂ ਕਰਾਰ ਹੋਏ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ 3 ਵੋਟਾਂ ਦੇ ਵਾਧੇ ਨਾਲ।
ਚਰਨਜੀਤ ਸਿੰਘ ਚੱਢਾ ਦੀਆਂ ਅਨੈਤਿਕ ਹਰਕਤਾਂ ਦੀ ਵਾਇਰਲ ਹੋਈ ਵੀਡੀਓ ਉਪਰੰਤ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਅੱਜ ਵੋਟਾਂ ਪੈਣ ਦਾ ਕੰਮ ਬਾਅਦ ਦੁਪਿਹਰ ਜੀ.ਟੀ.ਰੋਡ ਸਥਿਤ ਦੀਵਾਨ ਦੇ ਮੁਖ ਦਫਤਰ ਵਿੱਖੇ 12.00 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ ਜੋ ਸ਼ਾਮ 5 ਵਜੇ ਤੀਕ ਜਾਰੀ ਰਿਹਾ। ਵੋਟਾਂ ਨੂੰ ਲੈਕੇ ਦੀਵਾਨ ਨੇ ਵਿਸ਼ੇਸ਼ ਤੌਰ ਤੇ ਮੀਡੀਆ ਪ੍ਰਤੀ ਸਖਤ ਰੁੱਖ ਅਪਣਾਇਆ ਅਤੇ ਸਬੰਧਤ ਜਗ੍ਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਗੇਟ ਦੇ ਅੰਦਰ ਦਾਖਲ ਹੋਣ ਤੇ ਹੀ ਰੋਕ ਲਗਾ ਦਿੱਤੀ।ਦੱਸਿਆ ਗਿਆ ਹੈ ਕਿ ਦੀਵਾਨ ਦੇ ਕੁਲ਼ 513 ਮੈਂਬਰਾਨ ਚੋਂ 364 ਮੈਂਬਰ ਹੀ ਵੋਟ ਪਾਣ ਲਈ ਪੁਜੇ ਸਨ।
ਡਾ. ਸੰਤੋਖ ਸਿੰਘ ਨੂੰ 152 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ 142 ਅਤੇ ਮੌਜੂਦਾ ਕਾਰਜਕਾਰੀ ਪਰਧਾਨ ਧਨਰਾਜ ਸਿੰਘ ਨੂੰ ਸਿਰਫ 65 ਵੋਟਾਂ ਪਈਆਂ।ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਲਈ ਬਲਦੇਵ ਸਿੰਘ ਚੌਹਾਨ ਨੂੰ 41, ਨਿਰਮਲ ਸਿੰਘ ਠੇਕੇਦਾਰ ਨੂੰ 157 ਅਤੇ ਜੇਤੂ ਰਹੇ ਸਰਬਜੀਤ ਸਿੰਘ ਨੂੰ 160 ਵੋਟਾਂ ਮਿਲੀਆਂ। ਆਨਰੇਰੀ ਸਕੱਤਰ ਲਈ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੂੰ 158, ਸੰਤੋਖ ਸਿੰਘ ਸੇਠੀ ਨੂੰ 155 ਅਤੇ ਗੁਰਿੰਦਰ ਸਿੰਘ ਚਾਵਲਾ ਨੂੰ 46 ਵੋਟਾਂ ।
Related Topics: Chief Khalsa Diwan