ਸਿਆਸੀ ਖਬਰਾਂ » ਸਿੱਖ ਖਬਰਾਂ

ਜਹਾਜ਼ ਅਗਵਾਕਾਰਾਂ ‘ਤੇ ‘ਦੇਸ਼ਧ੍ਰੋਹ’ ਦੀ ਧਾਰਾਵਾਂ ਅਧੀਨ ਮੁਕੱਦਮਾ ਦਰਜ, ਮਿਲੀ ਦੋ ਦਿਨਾਂ ਅੰਤ੍ਰਿਮ ਜ਼ਮਾਨਤ

July 19, 2017 | By

ਨਵੀਂ ਦਿੱਲੀ: 36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਨਵੀਆਂ ਧਾਰਾਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਨਵੇਂ ਮੁਕੱਦਮੇ ਵਿਚ ਮੰਗਲਵਾਰ (18 ਜੁਲਾਈ) ਪਟਿਆਲਾ ਹਾਊਸ ਕੋਰਟ ਦੇ ਵਧੀਕ ਜੱਜ ਸ਼੍ਰੀਮਤੀ ਜਯੋਤੀ ਕਲੇਰ ਨੇ ਦੋ ਸਿੱਖ ਅਗਵਾਕਾਰਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਦੋ ਦਿਨਾਂ ਦੀ ਆਰਜ਼ੀ ਜ਼ਮਾਨਤ ਦਿੱਤੀ ਹੈ।

ਸਿੱਖ ਅਗਵਾਕਾਰਾਂ ਵਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਅਤੇ ਮਨੀਸ਼ਾ ਭੰਡਾਰੀ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਜਾਂਚ ਅਧਿਕਾਰੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਅਤੇ ਕੇਸ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਰੱਖ ਦਿੱਤੀ ਹੈ।

ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ, ਸਤਨਾਮ ਸਿੰਘ, ਤੇਜਿੰਦਰਪਾਲ ਸਿੰਘ ਆਪਣੇ ਵਕੀਲਾਂ ਨਾਲ

ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ, ਸਤਨਾਮ ਸਿੰਘ, ਤੇਜਿੰਦਰਪਾਲ ਸਿੰਘ ਆਪਣੇ ਵਕੀਲਾਂ ਨਾਲ

ਦੋਵੇਂ ਵਕੀਲਾਂ ਨੇ ਅਦਾਲਤ ਵਿਚ ਬਹਿਸ ਕਰਦਿਆਂ ਕੇਸ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਪੀਲਕਰਤਾ ਦੇ ਪਹਿਲਾਂ ਹੀ ਜੇਲ੍ਹਾਂ ਅਤੇ ਅਦਾਲਤਾਂ ਵਿਚ 35 ਸਾਲ ਬੀਤ ਚੁੱਕੇ ਹਨ ਅਤੇ ਪਾਕਿਸਤਾਨ ਵਿਚ ਉਮਰ ਕੈਦ ਕੱਟ ਚੁੱਕੇ ਹਨ। ਇਹ ਕੇਸ ਡਬਲ ਜੀਓਪਾਰਡੀ ਦੀ ਇਕ ਖਾਸ ਉਦਾਹਰਣ ਹੈ…. ਇਹਨਾਂ ਦੀ ਸਾਰੀ ਜ਼ਿੰਦਗੀ ਇਸ ਕੇਸ ਵਿਚ ਮੁਕੱਦਮੇ ਤੇ ਮੁਕੱਦਮੇ ਝੱਲਦਿਆਂ ਲੰਘ ਗਈ ਹੈ… ਹੁਣ ਇਹਨਾਂ ਨੂੰ ਇਸ ਪਰੇਸ਼ਾਨੀ ਤੋਂ ਬਰੀ ਕਰ ਦੇਣਾ ਚਾਹੀਦਾ ਹੈ। ਇਹਨਾਂ ‘ਤੇ ਪਹਿਲਾਂ ਪਾਕਿਸਤਾਨ ਵਿਚ ਜਹਾਜ਼ ਅਗਵਾ ਕਰਨ ਦਾ ਮੁਕੱਦਮਾ ਚਲਾਇਆ ਗਿਆ ਤੇ ਸਜ਼ਾ ਹੋਈ ਜਿਸ ਤੋਂ ਬਾਅਦ ਉਸੇ ਕਾਰਵਾਈ ਲਈ ਭਾਰਤੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਤੇ ਬਰੀ ਕੀਤਾ ਗਿਆ। ਹੁਣ ਉਸੇ ਘਟਨਾ ਲਈ ਕਿਸੇ ਹੋਰ ਨਾਂ ਹੇਠ 36 ਸਾਲਾਂ ਬਾਅਦ ਨਵਾਂ ਮੁਕੱਦਮਾ ਨਵੀਂਆਂ ਧਾਰਾਵਾਂ ਹੇਠ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਆਪਣੇ ਆਪ ਵਿਚ ਗੈਰਕਾਨੂੰਨੀ ਹੈ।

ਦਿੱਲੀ ਪੁਲਿਸ ਨੇ ਇਸ ਘਟਨਾ ਸਬੰਧੀ 29 ਸਤੰਬਰ 2011 ਨੂੰ ਦਿੱਲੀ ਅਦਾਲਤ ਵਿਚ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਸਪਲੀਮੈਂਟਰੀ ਚਲਾਨ ਦਿੱਲੀ ਅਦਾਲਤ ਵਿਚ ਪੇਸ਼ ਕੀਤਾ ਜਿਸ ਵਿਚ ਉਪਰੋਕਤ ਵਿਅਕਤੀਆਂ ਨੂੰ 36 ਸਾਲ ਪਹਿਲਾਂ ਦਰਜ ਕੀਤੇ ਕੇਸ ਵਿਚ ਨਵੀਆਂ ਧਾਰਾਂਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਨਵੇਂ ਮੁਕੱਦਮੇ ਲਈ 18 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ।

ਉਪਰੋਕਤ ਵਿਅਕਤੀਆਂ ਨੇ ਦਸੰਬਰ 2012 ਵਿਚ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਇਸ ਚਾਰਜਸ਼ੀਟ ਨੂੰ ਖਾਰਿਜ ਕਰਨ ਦੀ ਅਪੀਲ ਕੀਤੀ ਸੀ। ਦਿੱਲੀ ਹਾਈਕੋਰਟ ਨੇ 18 ਮਈ 2017 ਦੇ ਹੁਕਮਾਂ ਵਿਚ ਉਪਰੋਕਤ ਵਿਅਕਤੀਆਂ ਵਿਰੁੱਧ ਹੇਠਲੀ ਅਦਾਲਤ ਵਲੋਂ ਜਾਰੀ ਗੈਰ ਜਮਾਨਤੀ ਵਰੰਟ ਖਤਮ ਕਰਦਿਆਂ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤ ਲਈ ਅਪੀਲ ਦਾਇਰ ਕਰਨ ਲਈ ਕਿਹਾ ਸੀ।

ਉਪਰੋਕਤ ਸਿੱਖ ਹਾਈਜੈਕਰਾਂ ਨਾਲ ਅਦਾਲਤ ਪਹੁੰਚੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਾਈਜੈਕਰਾਂ ਦੇ ਕੇਸ ਵਿਚ ਇਕ ਕਾਰਵਾਈ ਲਈ ਪਾਕਿਸਤਾਨ ਵਿਚ ਉਮਰ ਕੈਦ ਭੁਗਤਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਹੁਣ 36 ਸਾਲਾਂ ਬਾਅਦ ਉਸੇ ਕਾਰਵਾਈ ਲਈ ਦੇਸ਼ਧ੍ਰੋਹ ਅਧੀਨ ਮੁਕੱਦਮਾ ਚਲਾਉਣਾ ਇਨਸਾਫ ਦਾ ਕਤਲ ਕਰਨ ਬਰਾਬਰ ਹੈ।

ਕੰਵਰਪਾਲ ਸਿੰਘ ਨੇ ਕਿਹਾ, “ਅਸੀਂ ਨਵੀਂ ਦਿੱਲੀ ਦੇ ਇਸ ਜ਼ਿਆਦਤੀ ਭਰੇ ਕਦਮ ਦੀ ਸਖਤ ਅਲੋਚਨਾ ਕਰਦੇ ਹਾਂ ਜਿਸ ਵਿਚ ਪੰਜ ਹਾਈਜੈਕਰਾਂ ਵਿਚੋਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਇਕ ਲੰਬੀ ਜੇਲ੍ਹ ਤੋਂ ਬਾਅਦ ਪੰਜਾਬ ਵਾਪਸ ਪਰਤ ਕੇ ਸ਼ਾਂਤਮਈ ਢੰਗ ਨਾਲ ਇੱਜ਼ਤਦਾਰ ਜ਼ਿੰਦਗੀ ਬਤੀਤ ਕਰ ਰਹੇ ਹਨ। ਬਾਕੀ ਤਿੰਨ ਹਾਈਜੈਕਰਾਂ ਵਿਚੋਂ ਗਜਿੰਦਰ ਸਿੰਘ ਜਲਾਵਤਨੀ ਹੰਢਾ ਰਹੇ ਹਨ, ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿਚਲੇ ਹਾਲਾਤਾਂ ਕਾਰਨ ਸਵਿਜ਼ਰਲੈਂਡ ਵਿਚ ਰਹਿ ਰਹੇ ਹਨ।”

2011 ਵਿਚ ਦਿੱਲੀ ਪੁਲਿਸ ਨੇ ਉਪਰੋਕਤ ਪੰਜਾਂ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 121 (ਭਾਰਤ ਸਰਕਾਰ ਵਿਰੁੱਧ ਜੰਗ ਛੇੜਨ), 121ਏ (ਦੇਸ਼ ਵਿਰੁੱਧ ਸਾਜਿਸ਼ ਕਰਨ), 124ਏ (ਦੇਸ਼ ਧ੍ਰੋਹ) ਅਤੇ 120ਬੀ (ਅਪਰਾਧਿਕ ਸਾਜਿਸ਼) ਅਧੀਨ ਇਕ ਚਾਰਜਸ਼ੀਟ ਦਾਇਰ ਕੀਤੀ ਸੀ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਆਈਸੀ-423 ਨੂੰ 29 ਸਤੰਬਰ 1981 ਨੂੰ ਹਾਈਜੈਕ ਕਰਕੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਲਿਜਾਇਆ ਗਿਆ ਸੀ। ਹਾਈਜੈਕਰਾਂ ਨੇ 20 ਸਤੰਬਰ ਨੂੰ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਸਿੱਖ ਪ੍ਰਚਾਰਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਦੀ ਮੰਗ ਕੀਤੀ ਸੀ।

ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਿਹੜੇ ਦੋਸ਼ਾਂ ਵਿਚ ਇਹਨਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਸਜ਼ਾ ਮਿਲੀ ਸੀ ਉਨ੍ਹਾਂ ਤੋਂ ਇਲਾਵਾ ਹੋਰ ਨਵੇਂ ਦੋਸ਼ਾਂ ਅਧੀਨ ਇਹਨਾਂ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ। ਮੈਜੀਸਟਰੇਟ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਡਬਲ ਜੀਓਪਾਰਡੀ ਦਾ ਸਿਧਾਂਤ ਲਾਗੂ ਨਹੀਂ ਹੁੰਦਾ ਕਿਉਂਕਿ ਜਿਹੜੇ ਦੋਸ਼ਾਂ ਵਿਚ ਇਹਨਾਂ ਨੂੰ ਪਾਕਿਸਤਾਨ ਵਿਚ ਸਜ਼ਾ ਹੋਈ ਅਤੇ ਜਿਹੜੇ ਦੋਸ਼ਾਂ ਵਿਚ ਹੁਣ ਵਾਲੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਉਹ ਵੱਖੋ-ਵੱਖ ਹਨ। ਪਰ ਕਿਉਂਕਿ ਕੇਸ ਇਕ ਹਾਈਜੈਕਿੰਗ ਦੀ ਕਾਰਵਾਈ ਨਾਲ ਸਬੰਧਿਤ ਹਨ, ਵੱਖਰੇ ਦੋਸ਼ਾਂ ਅਧੀਨ ਨਵਾਂ ਕੇਸ ਚਲਾਉਣਾ ਡਬਲ ਜੀਓਪਾਰਡੀ ਦੇ ਸਿਧਾਂਤ ਅਤੇ ਜਨੇਵਾ ਕਨਵੈਂਸ਼ਨ ਦੀ ਉਲੰਘਣਾ ਹੈ।

ਸਿੱਖ ਅਗਵਾਕਾਰਾਂ ਨੇ 29 ਸਤੰਬਰ, 1981 ਨੂੰ ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਨੂੰ ਅਗਵਾ ਕਰ ਲਿਆ ਸੀ ਤੇ ਪਾਕਿਸਤਾਨ ਜਾ ਉਤਾਰਿਆ ਸੀ। ਉਹਨਾਂ ਸਿੱਖ ਪ੍ਰਚਾਰਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਦੀ ਮੰਗ ਰੱਖੀ ਸੀ ਅਤੇ ਚੌਂਕ ਮਹਿਤਾ ਵਿਖੇ 20 ਸਤੰਬਰ ਨੂੰ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਰੱਖੀ ਸੀ। ਉਹਨਾਂ ਨੂੰ ਪਾਕਿਸਤਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉੱਥੋਂ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Double Jeopardy: Sikh Hijackers again put on trail in 36 years old Plane hijacking case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,