May 9, 2018 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅੱਜ ‘ਸਿੱਖਿਆ ਅਤੇ ਰਾਸ਼ਟਰਵਾਦ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਸਿੱਖ ਚਿੰਤਕ ਭਾਈ ਅਜਮੇਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ (ਮੁਖੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਡਾ. ਸਿਕੰਦਰ ਸਿੰਘ (ਇੰਚਾਰਜ, ਪੰਜਾਬੀ ਵਿਭਾਗ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਿਲ ਹੋਏ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਛਾਪੀ ਜਾ ਰਹੀ 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਦੇ ਮਸਲੇ ਦੀ ਗੰਭੀਰਤਾ ‘ਤੇ ਵਿਚਾਰ ਕਰਦਿਆਂ ਭਾਈ ਅਜਮੇਰ ਸਿੰਘ ਨੇ ਕਿਹਾ ਕਿ ਅੱਜ ਇਹ ਸੋਚਣ ਦੀ ਲੋੜ ਹੈ ਕਿ ਸਿੱਖ ਇਤਿਹਾਸ ਅਤੇ ਸਿਧਾਂਤਾਂ ‘ਤੇ ਇਹ ਹਮਲੇ ਕਿਉਂ ਤੇ ਕਿਵੇਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਕੀਤੇ ਬਿਨ੍ਹਾਂ ਇਹਨਾਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੋਜੂਦਾ ਨਿਜ਼ਾਮ ਰਾਜਸੱਤਾ ਦੀ ਤਾਕਤ ਨਾਲ ਇਤਿਹਾਸ ਵਿਚ ਫੇਰਬਦਲ ਕਰਕੇ ਸਿੱਖ ਮਾਨਸਿਕਤਾ ਨੂੰ ਆਪਣੇ ਅਧੀਨ ਕਰਨ ਦੀ ਨੀਤੀ ‘ਤੇ ਚੱਲ ਰਿਹਾ ਹੈ।
ਭਾਈ ਅਜਮੇਰ ਸਿੰਘ ਨੇ ਕਿਹਾ ਕਿ ਸਕੂਲੀ ਪਾਠਕ੍ਰਮ ਵਿਚੋਂ ਸਿੱਖ ਇਤਿਹਾਸ ਕੱਢਿਆ ਗਿਆ ਜਾ ਕਿੰਨਾ ਕੱਢਿਆ ਗਿਆ ਇਸ ਨਾਲੋਂ ਗੰਭੀਰ ਮਸਲਾ ਇਹ ਹੈ ਕਿ ਪਾਠਕ੍ਰਮ ਵਿਚ ਜਿਹੜਾ ਸਿੱਖ ਇਤਿਹਾਸ ਪੜ੍ਹਾਇਆ ਵੀ ਜਾ ਰਿਹਾ ਉਸ ਦਾ ਵਿਸ਼ਾ-ਵਸਤੂ ਕੀ ਹੈ।
ਉਹਨਾਂ ਕਿਹਾ ਕਿ ਭਾਰਤੀ ਨਿਜ਼ਾਮ ਵਿਚ ਰਾਜਸੱਤਾ ਦਾ ਢਾਂਚਾ ਕੇਂਦਰ ਅਤੇ ਰਾਜ ਹਨ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਜਾਰੀਏ ਭਾਰਤੀ ਰਾਸ਼ਟਰਵਾਦ ਥੋਪ ਕੇ ਰਾਜਾਂ ਦੇ ਖੇਤਰੀ ਸੱਭਿਆਚਾਰ, ਬੋਲੀਆਂ ਅਤੇ ਪਛਾਣਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਭ੍ਰਿਸ਼ਟ ਅਤੇ ਇਖਲਾਕੀ ਤੌਰ ‘ਤੇ ਡਿਗੀ ਹੋਈ ਰਾਜਨੀਤਕ ਲੀਡਰਸ਼ਿਪ ਰਾਹੀਂ ਇਹ ਅਜੈਂਡਾ ਪੰਜਾਬ ਵਿਚ ਲਾਗੂ ਕੀਤਾ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਨੂੰ ਸਿੱਖਿਆ ਮੰਤਰੀ ਬਣਾਇਆ ਜਾ ਰਿਹਾ ਹੈ ਜਿਹਨਾਂ ਦਾ ਸਿੱਖਿਆ ਨਾਲ ਕੋਈ ਵਾਹ ਵਾਸਤਾ ਨਹੀਂ।
ਇਸ ਦੌਰਾਨ ਬੋਲਦਿਆਂ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਸਕੂਲ ਸਿੱਖਿਆ ਦੇਣ ਦੇ ਅਦਾਰੇ ਨਹੀਂ ਬਲਕਿ ਮਨੁੱਖੀ ਮਨ ਨੂੰ ਕਾਬੂ ਅਤੇ ਅਧੀਨ ਕਰਨ ਦੇ ਅਦਾਰਿਆਂ ਵਜੋਂ ਕਾਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਸਕੂਲ ਪਛਾਣਾਂ ਘੜਨ ਦੇ ਅਹਿਮ ਅਦਾਰੇ ਵਜੋਂ ਵੀ ਕੰਮ ਕਰਦੇ ਹਨ ਤੇ ਸਕੂਲਾਂ ਅਤੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਪਾਠਕ੍ਰਮ ਰਾਹੀਂ ਭਾਰਤੀ ਪਛਾਣ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਭਾਰਤੀ ਰਾਸ਼ਟਰਵਾਦ ਨੂੰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਿਆ ਨੂੰ ਰਾਜ ਸੂਚੀ ਵਿਚੋਂ ਕੱਢ ਕੇ ਕੇਂਦਰੀ ਸੂਚੀ ਵਿਚ ਪਾ ਦਿੱਤਾ ਗਿਆ ਹੈ ਤੇ ਕੇਂਦਰੀ ਸਿੱਖਿਆ ਅਦਾਰਿਆਂ ਰਾਹੀਂ ਥੋਪੇ ਜਾ ਰਹੇ ਸਕੂਲੀ ਪਾਠਕ੍ਰਮ ਨੂੰ ਬਣਾਉਣ ਮੌਕੇ ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਚੇਤਨਾ ਨੂੰ ਮੁੱਖ ਅਧਾਰ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਇਸ ਸਮੇਂ ਦੁਬਿਧਾ ਵਿਚ ਹਨ ਕਿਉਂਕਿ ਉਹ ਇਕ ਪਾਸੇ ਭਾਰਤ ਨੂੰ ਰਾਸ਼ਟਰ ਮੰਨ ਵੀ ਰਹੇ ਹਨ ਤੇ ਦੂਜੇ ਪਾਸੇ ਰਾਸ਼ਟਰ ਨੂੰ ਮਜ਼ਬੁਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ ਵੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਮੋਜੂਦਾ ਸਮੇਂ ਭਾਰਤ ਵਿਚ ਘੱਟਗਿਣਤੀਆਂ ਨਾਲ ਸਬੰਧਿਤ ਵਿਦਿਅਕ ਅਦਾਰਿਆਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਕਿ ਉਹ ਨਵੀਂ ਘੜੀ ਜਾ ਰਹੀ ਇਸ ਪਛਾਣ ਵਿਚ ਆਪਣੀ ਕੁਦਰਤੀ ਪਛਾਣ ਨੂੰ ਕਿਵੇਂ ਬਚਾਉਣ। ਉਹਨਾਂ ਕਿਹਾ ਕਿ ਮੋਜੂਦਾ ਸਕੂਲੀ ਪਾਠਕ੍ਰਮ ਵਿਚ ਰਾਸ਼ਟਰਵਾਦ ਥੋਪਣ ਦੀ ਕਵਾਇਦ ਵਿਚ ਬੱਚਿਆਂ ਨੂੰ ਕਲਾ, ਸਹਿਰਦਤਾ, ਸੁਹਜ ਤੋਂ ਦੂਰ ਲਿਜਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਵਲੋਂ ਵਿਵਾਦਿਤ ਕਿਤਾਬ ਸਬੰਧੀ ਜਾਰੀ ਕੀਤੀ ਰਿਪੋਰਟ ਵਿਚ ਕਿਤਾਬ ਵਿਚ ਦਰਜ ਪਾਠਕ੍ਰਮ ਸਬੰਧੀ ਇਤਿਹਾਸਕ ਗਲਤੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਸਕੂਲੀ ਪਾਠਕ੍ਰਮ ਬਣਾਉਣ ਲਈ ਭਾਰਤੀ ਰਾਸ਼ਟਰਵਾਦ ਦੇ ਚੌਖਟੇ ਨੂੰ ਅਧਾਰ ਬਣਾ ਰਹੀ ਹੈ ਤੇ ਜੋ ਇਤਿਹਾਸ ਉਸ ਵਿਚ ਫਿਟ ਬੈਠਦਾ ਹੈ ਉਸਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਜਾ ਫੇਰ ਇਤਿਹਾਸ ਨੂੰ ਤੋੜ-ਮਰੋੜ ਕੇ ਉਸ ਚੌਖਟੇ ਵਿਚ ਫਿਟ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਧਰਮ ਅਧਿਐਨ ਵਿਭਾਗ ਦੇ ਖੋਜਾਰਥੀ ਮੱਖਣ ਸਿੰਘ ਵਲੋਂ ਸਟੇਜ ਸੰਭਾਲੀ ਗਈ ਤੇ ਬੁਲਾਰਿਆਂ ਦੇ ਵਖਿਆਨ ਤੋਂ ਬਾਅਦ ਧਰਮ ਅਧਿਐਨ ਵਿਭਾਗ ਦੇ ਵਿਦਿਆਰਥੀ ਅਰਵਿੰਦਰ ਸਿੰਘ ਵਲੋਂ ਪਹੁੰਚੇ ਹੋਏ ਬੁਲਾਰਿਆਂ, ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
Related Topics: Ajmer Singh, Distortion of Sikh History in PSEB Class 12 Books, Dr. Gurmeet Singh Sidhu, Dr. Sikander Singh, Punjabi University Patiala