November 17, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਪੰਜਾਬ ਵਿੱਚ ਅਕਾਲੀ ਦਲ ਬਾਦਲ ਲਈ ਸਥਿਤੀ ਕਸੂਤੀ ਬਣੀ ਹੋਈ ਹੈ।ਭਾਂਵੇਂ ਕਿ ਪੰਜਾਬ ਸਰਕਾਰ ਵਿੱਚ ਬੀ.ਜੇ.ਪੀ ਬਾਦਲਾਂ ਦੀ ਭਾਈਵਾਲ ਹੈ ਪਰ ਮੋਜੂਦਾ ਹਾਲਾਤਾਂ ਤੇ ਬੀ.ਜੇ.ਪੀ ਵੱਲੋਂ ਅਕਾਲੀ ਦਲ ਨੂੰ ਬਿਲਕੁੱਲ ਇਕੱਲ਼ਾ ਛੱਡ ਦਿੱਤਾ ਗਿਆ ਹੈ।ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ ਕਿ ਪਾਰਟੀ ਖਿਲਾਫ ਉੱਠੇ ਲੋਕ ਰੋਹ ਨੂੰ ਕਿਸੇ ਤਰ੍ਹਾਂ ਠੱਲਿਆ ਜਾਵੇ।ਪਰ ਉਨ੍ਹਾਂ ਦਾ ਹਰ ਕਦਮ ਲੋਕ ਰੋਹ ਨੂੰ ਠੱਲਣ ਦੀ ਵਜਾਏ ਉਸ ਨੂੰ ਹਵਾ ਦੇ ਰਿਹਾ ਹੈ।
ਇਨ੍ਹਾਂ ਹਾਲਾਤਾਂ ਵਿੱਚ ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸੁਰ ਵੱਖੋ ਵੱਖਰੀ ਨਜ਼ਰ ਆ ਰਹੀ ਹੈ।ਕੱਲ੍ਹ ਪਿੰਡ ਸਰਾਭਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੋਜੂਦਾ ਮਾਹੌਲ ਪਿੱਛੇ ਜੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗਲਤੀ ਹੈ ਤਾਂ ਉਹ ਲੋਕਾਂ ਤੋਂ ਮੁਆਫੀ ਮੰਗਦੇ ਹਨ।ਜਦਕਿ ਲੁਧਿਆਣਾ ਵਿੱਚ ਹੀ ਗੁਰੂ ਨਾਨਕ ਦੇਵ ਭਵਨ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੇ ਗਏ ਸਮਾਗਮ ਦੌਰਾਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚਿਤਾਵਨੀ ਦਿਂਦਿਆਂ ਕਿਹਾ ਕਿ ਪੰਜਾਬ ਵਿੱਚ ਬਣੀ ਮੋਜੂਦਾ ਸਥਿਤੀ ਪਿੱਛੇ ਪਾਕਿਸਤਾਨ ਅਤੇ ਜਰਮਨੀ ਬੈਠੇ ਖਾੜਕੂ ਸਿੱਖਾਂ ਦਾ ਹੱਥ ਹੈ ਅਤੇ ਇਸ ਸਾਜਿਸ਼ ਨੂੰ ਕਾਂਗਰਸ ਅਤੇ ਆਪ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਜਿਸ ਤੋਂ ਉਹ ਬਾਜ ਆ ਜਾਣ।
ਜਿਕਰਯੋਗ ਹੈ ਕਿ ਪੰਜਾਬ ਵਿੱਚ ਮੁੱਖ ਤੋਰ ਤੇ ਕਿਸਾਨਾਂ ਅਤੇ ਸਿੱਖ ਸੰਗਤਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਕਿਸਾਨ ਪ੍ਰਦਰਸ਼ਨਾ ਦਾ ਕਾਰਨ ਚਿੱਟੇ ਮੱਛਰ ਕਾਰਨ ਨਰਮੇ ਦੀ ਤਬਾਹ ਹੋਈ ਫਸਲ,ਗੰਨੇ ਦੀ ਫਸਲ ਦਾ ਮੁੱਲ਼ ਨਾ ਮਿਲਣਾ ਅਤੇ ਕੀਟਨਾਸ਼ਕਾਂ ਵਿੱਚ ਕੀਤਾ ਗਿਆ ਵੱਡਾ ਘਪਲਾ ਹੈ।ਸਿੱਖ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਇਨ੍ਹਾਂ ਘਟਨਾਵਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਫੇਲ ਸਾਬਿਤ ਹੋਈ ਹੈ।
ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਸ ਨੂੰ ਵਿਦੇਸ਼ੀ ਸਾਜਿਸ਼ ਦੱਸਿਆ ਜਾ ਰਿਹਾ ਹੈ ਜਿਸ ਨੂੰ ਅਜੇ ਤੱਕ ਉਹ ਸਾਬਿਤ ਨਹੀਂ ਕਰ ਸਕੇ।ਸਰਬੱਤ ਖਾਲਸਾ ਸਮਾਗਮ ਵਿੱਚ ਵੀ ਸ਼ਾਮਿਲ ਹੋਏ ਲੋਕਾਂ ਦਾ ਮੁੱਖ ਰੋਹ ਪੰਜਾਬ ਸਰਕਾਰ ਖਿਲਾਫ ਸੀ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਸਰਬੱਤ ਖਾਲਸਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਸੀ।“ਪੰਜਾਬੀ ਟ੍ਰਿਬਿਊਨ” ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਸੰਬੰਧੀ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੂੰ ਸੂਚਿਤ ਵੀ ਕੀਤਾ ਗਿਆ ਸੀ।ਰਿਪੋਰਟ ਅਨੁਸਾਰ ਪੁਲਿਸ ਨੇ ਬਾਦਲਾਂ ਨੂੰ ਦੱਸਿਆ ਸੀ ਕਿ ਸਾਢੇ 8 ਸਾਲ ਦੇ ਸ਼ਾਸਨ ਦੌਰਾਨ ਲੋਕਾਂ ਤੇ ਝੂਠੇ ਕੇਸ ਦਰਜ ਹੋਣ, ਰੇਤਾ ਬਜਰੀ, ਨਸ਼ੇ ਅਤੇ ਕਈ ਤਰ੍ਹਾਂ ਦੇ ਕਾਰੋਬਾਰ ਤੇ ਹਾਕਮ ਪਾਰਟੀ ਨਾਲ ਹੀ ਸੰਬੰਧਿਤ ਬੰਦਿਆਂ ਦਾ ਏਕਾਅਧਿਕਾਰ ਕਾਇਮ ਹੋਣ ਕਾਰਨ ਲੋਕਾਂ ਵਿੱਚ ਰੋਸ ਸੀ।ਪਰ ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਵੀ ਹਾਕਮ ਧਿਰ ਵੱਲੋਂ ਲੋਕਾਂ ਦੇ ਰੋਸ ਨੂੰ ਠੰਢਾ ਕਰਨ ਦਾ ਯਤਨ ਕਰਨ ਦੀ ਬਜਾਏ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਪਿਛੇ ਵਿਦੇਸ਼ੀ ਹੱਥ ਹੈ।
Related Topics: Aam Aadmi Party, Badal Dal, BJP, INC, Parkash Singh Badal, Punjab Government, Sarbat Khalsa(2015), sukhbir singh badal