December 17, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਕਾਰਨ ਪ੍ਰਭਾਵਿਤ ਸਨਅਤਕਾਰਾਂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵਿਸ਼ਵਕਰਮਾ ਚੌਕ ਵਿੱਚ ਇੰਡਸਟਰੀ ਤੇ ਟਰੇਡ ਫੋਰਮ ਦੇ ਬੈਨਰ ਹੇਠ ਧਰਨਾ ਦਿੱਤਾ। ਇਹ ਧਰਨਾ ਕੁਝ ਸਮੇਂ ਬਾਅਦ ਰਾਜਸੀ ਸਟੇਜ ਵਿੱਚ ਬਦਲ ਗਿਆ। ਧਰਨੇ ਵਿੱਚ ਕਾਂਗਰਸੀ ਆਗੂ ਸੁਨੀਲ ਜਾਖੜ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ‘ਆਪ’ ਦੇ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਭਾਜਪਾ ਆਗੂ ਪ੍ਰੋ. ਰਜਿੰਦਰ ਭੰਡਾਰੀ ਵੀ ਪੁੱਜ ਗਏ।
ਧਰਨੇ ਵਿੱਚ ਫੋਰਮ ਦੇ ਕਨਵੀਨਰ ਨਰਿੰਦਰ ਭੰਮਰਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਆਮ ਲੋਕ ਲਾਈਨਾਂ ’ਚ ਲੱਗੇ ਹਨ, ਗਰੀਬ ਦਾ ਚੁੱਲ੍ਹਾ ਠੰਢਾ ਹੋ ਰਿਹਾ ਹੈ। ਇਸ ਨਾਲ ਲੋਕਾਂ ’ਚ ਰੋਸ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਹੋਮਵਰਕ ਕੀਤੇ ਜਲਦਬਾਜ਼ੀ ’ਚ ਇਹ ਫੈਸਲਾ ਕੀਤਾ ਹੈ, ਜਿਸਦਾ ਖਾਮਿਆਜ਼ਾ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਕਾਲਾ ਧਨ ਵਾਲਿਆਂ ਦੀ ਸੂਚੀ ਹੈ, ਫਿਰ ਉਸ ਸੂਚੀ ’ਤੇ ਕੰਮ ਕਰਨ ਦੀ ਬਜਾਏ ਦੇਸ਼ ਦੀ ਅਰਥਵਿਵਸਥਾ ਖ਼ਿਲਾਫ਼ ਅਜਿਹਾ ਫੈਸਲਾ ਕਿਉਂ ਲਿਆ ਗਿਆ ਹੈ। ਧਰਨੇ ’ਚ ਫਾਸਟਰ ਉਦਯੋਗ ਤੋਂ ਰਾਜ ਕੁਮਾਰ ਸਿੰਗਲਾ, ਨਿਟਵੀਅਰ ਤੇ ਟੈਕਸਟਾਈਲ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ, ਕੇਕੇ ਗਰਗ, ਜਸਵਿੰਦਰ ਸਿੰਘ ਬਿਰਦੀ, ਸੁਨੀਲ ਮਹਿਰਾ, ਗੁਰਸ਼ਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਨਅਤਕਾਰ, ਕਾਰੋਬਾਰੀ ਤੇ ਵਪਾਰੀ ਮੌਜੂਦ ਸਨ।
ਇਸ ਮੌਕੇ ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਇਸ ਧਰਨੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਸੀ ਪਰ ਉਹ ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੇ ਸਬੰਧ ਵਿੱਚ ਆ ਰਹੀਆਂ ਪ੍ਰੇਸ਼ਾਨੀ ਕਾਰਨ ਮੁਲਾਕਾਤ ਕਰਨ ਲਈ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੇ ਪਹਿਲਾਂ ਨੋਟਬੰਦੀ ਦੇ ਮੁੱਦੇ ’ਤੇ ਵਿਰੋਧ ਸ਼ੁਰੂ ਕੀਤਾ ਸੀ ਤਾਂ ਲੋਕ ਕਹਿੰਦੇ ਸਨ ਕਿ ਕਾਂਗਰਸ ਗਲਤ ਹੈ ਪਰ ਹੁਣ ਜਦੋਂ ਪੂਰੇ ਦੇਸ਼ ਨੂੰ ਪ੍ਰੇਸ਼ਾਨੀ ਹੋ ਰਹੇ ਹੈ ਤਾਂ ਲੋਕ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਦਾ ਫ਼ੈਸਲਾ ਗਲਤ ਸੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਕਾਰਨ ਨਰਿੰਦਰ ਮੋਦੀ ਦਾ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਏਗਾ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ 100-200 ਨਾਲ ਨਹੀਂ, ਬਲਕਿ ਵੱਡੇ ਇਕੱਠ ਨਾਲ ਹੀ ਸਰਕਾਰ ਨੂੰ ਹਿਲਾਇਆ ਜਾ ਸਕਦਾ ਹੈ।
ਸਨਅਤਕਾਰਾਂ ਵੱਲੋਂ ਰੱਖੇ ਗਏ ਧਰਨੇ ਵਿੱਚ ਜਦੋਂ ਕਾਂਗਰਸ, ‘ਆਪ’ ਤੇ ਹੋਰਨਾਂ ਆਗੂਆਂ ਦੇ ਪਹੁੰਚਣ ਦੀ ਖ਼ਬਰ ਭਾਜਪਾ ਤੱਕ ਪਹੁੰਚੀ ਤਾਂ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਰਜਿੰਦਰ ਭੰਡਾਰੀ ਵੀ ਧਰਨੇ ਵਿੱਚ ਪਹੁੰਚ ਗਏ। ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਦੋਂ ਭੰਡਾਰੀ ਦੇ ਬੋਲਣ ਦੀ ਵਾਰੀ ਆਈ ਤਾਂ ਉਹ ਨੋਟਬੰਦੀ ਨੂੰ ਇਤਿਹਾਸਕ ਫੈਸਲਾ ਕਰਾਰ ਦੇਣ ਲੱਗੇ। ਕਾਰੋਬਾਰੀਆਂ ਤੇ ਸਨਅਤਕਾਰਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਤ ਇਹ ਹੋ ਗਏ ਕਿ ਭੰਡਾਰੀ ਦੇ ਭਾਸ਼ਣ ਦੌਰਾਨ ਧਰਨਾਕਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੋਦੀ ਦਾ ਗੁਣਗਾਨ ਕਰ ਰਹੇ ਇਸ ਭਾਜਪਾ ਆਗੂ ਤੋਂ ਸਨਅਤਕਾਰ ਖ਼ਫ਼ਾ ਹੋ ਗਏ ਅਤੇ ਤਿੱਖਾ ਵਿਰੋਧ ਕਰਨ ਲੱਗੇ। ਇਸ ’ਤੇ ਭੰਡਾਰੀ ਨੂੰ ਹੱਥ ਜੋੜ ਕੇ ਸਟੇਜ ਅਤੇ ਧਰਨਾ ਛੱਡ ਕੇ ਵਾਪਸ ਪਰਤਣਾ ਪਿਆ।
Related Topics: demonitization, Ludhiana, Modi Government