February 12, 2015 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (11 ਫਰਵਰੀ, 2015): ਹਾਲ ਹੀ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹੁੰਝਾ ਫੇਰ ਜਿੱਤ ਅਤੇ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਅਣਕਿਆਸੀ ਹਾਰ ਦੇ ਚਰਚੇ ਭਾਰਤ ਦੇ ਹਰ ਵਿਅਕਤੀ ਦੀ ਜ਼ੁਬਾਨ ‘ਤੇ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਇਸ ਗੱਲ ਦੀ ਵਿਸ਼ੇਸ਼ ਚਰਚਾ ਹੋ ਰਹੀ ਹੈ। ਅਮਰੀਕੀ ਮੀਡੀਆ ਇਸ ਚੋਣ ਨਤੀਜਿਆਂ ਨੂੰ ਖਾਸ ਪ੍ਰਮੁੱਖਤਾ ਨਾਲ ਛਾਪ ਰਿਹਾ ਹੈ।
ਅਮਰੀਕਾ ਦੇ ਮੀਡੀਆ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਮਾਨ ਤੋਂ ਜ਼ਮੀਨ ’ਤੇ ਆ ਗਏ ਹਨ ਤੇ ਉਨ੍ਹਾਂ ’ਤੇ ਆਪਣੇ ਆਰਥਿਕ ਤੇ ਪ੍ਰਸ਼ਾਸਕੀ ਵਾਅਦਿਆਂ ਨੂੰ ਪੂਰਾ ਕਰਨ ਲਈ ‘ਵੱਡਾ ਦਬਾਅ’ ਪਵੇਗਾ।
‘ਨਿਊਯਾਰਕ ਟਾਈਮਜ਼’ ਦੇ ਸੰਪਾਦਕੀ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ’ ’ਚ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਪਾਰਟੀ ਨੇ ਕੁਝ ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਉਸ ਮਗਰੋਂ ਹਾਲ ਹੀ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਫ਼ਲ ਦੌਰਾ ਰਿਹਾ। ਇਸ ਸਭ ਮਗਰੋਂ ਸ੍ਰੀ ਮੋਦੀ ਦੀ ਪਾਰਟੀ ਦੀ ਦਿੱਲੀ ਵਿੱਚ ਹਾਰ ਨੇ ਖ਼ੁਸ਼ੀਆਂ ਦੇ ਵਿਹੜੇ ਵਿੱਚ ਨਮੋਸ਼ੀ ਲੈਆਂਦੀ ਤੇ ਪ੍ਰਧਾਨ ਮੰਤਰੀ ‘ਜ਼ਮੀਨ’ ’ਤੇ ਆ ਗਏ।
ਮੋਦੀ ਤੇ ਭਾਜਪਾ ਦਿੱਲੀ ਦੀਆਂ 70 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਮਧੋਲੇ ਗਏ ਹਨ। ਚੋਣਾਂ ਵਿੱਚ ਭਾਜਪਾ ਨੇ ਸਿਰਫ਼ 3 ਸੀਟਾਂ ਜਿੱਤੀਆਂ ਹਨ, ਜਦਕਿ ‘ਆਮ ਆਦਮੀ ਪਾਰਟੀ’ ਨੇ 67 ਸੀਟਾਂ ਉੱਪਰ ਜਿੱਤ ਦਰਜ ਕੀਤੀ ਹੈ।
ਸੰਪਾਦਕੀ ਮੁਤਾਬਕ, ‘‘ਭਾਵੇਂ ਇਨ੍ਹਾਂ ਚੋਣਾਂ ਦਾ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਕੁਰਸੀ ਜਾਂ ਸੰਘੀ ਸਰਕਾਰ ’ਤੇ ਕੋਈ ਅਸਰ ਨਹੀਂ ਪੈਣ ਵਾਲਾ, ਪਰ ਇਸ ਨੇ ਸਰਕਾਰ ਨੂੰ ਆਪਣੀਆਂ ਨੀਤੀਆਂ ਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਮੁਸ਼ਕਲ ਵਿੱਚ ਪਾ ਦਿੱਤਾ ਹੈ।’’
ਸੰਪਾਦਕੀ ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ‘ਸਾਧਾਰਨ’ ਚੋਣਾਂ ਨੇ ਕੌਮਾਂਤਰੀ ਧਿਆਨ ਨਹੀਂ ਖਿੱਚਣਾ, ਪਰ ਜਿਵੇਂ ਕੁਝ ਮਹੀਨੇ ਪਹਿਲਾਂ ਭਾਜਪਾ ਨੇ ਕੌਮੀ ਪੱਧਰ ’ਤੇ ਜਿੱਤ ਦਰਜ ਕੀਤੀ ਸੀ, ਉਸ ਦੇ ਮੱਦੇਨਜ਼ਰ ਦਿੱਲੀ ਵਿੱਚ ਭਾਜਪਾ ਦੀ ਹਾਰ ਕੇਂਦਰੀ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
Related Topics: BJP, Delhi Assembly By-election, Narendra Modi