February 29, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (28 ਫਰਵਰੀ, 2016): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੇਸ਼ ਧਰੋਹ ਮਾਮਲੇ ‘ਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਅੱਜ ਸੁਣਵਾਈ ਕਰੇਗਾ।
ਇਸ ਦੌਰਾਨ ਦਿੱਲੀ ਪੁਲਿਸ ਮੁਖੀ ਬੀ. ਐਸ. ਬੱਸੀ ਨੇ ਇਸ ਮਾਮਲੇ ਦੀ ਪੜਤਾਲ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਸੌਪ ਦਿੱਤੀ ਹੈ ਜੋ ਦਹਿਸ਼ਤਗਰਦੀ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਰਦਾ ਹੈ । ਬੱਸੀ ਮੁਤਾਬਿਕ ਤਬਾਦਲੇ ਦਾ ਅਮਲ 2-3 ਦਿਨਾਂ ‘ਚ ਪੂਰਾ ਕਰ ਲਿਆ ਜਾਵੇਗਾ ।
ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੇ ਰੋਜ਼ਾਨਾ ਮਾਮਲਿਆਂ ਨਾਲ ਨਜਿੱਠਣ ਕਾਰਨ ਸਥਾਨਕ ਜ਼ਿਲ੍ਹਾ ਪੁਲਿਸ ਮਾਮਲੇ ‘ਤੇ ਓਨਾ ਧਿਆਨ ਨਹੀਂ ਦੇ ਸਕੇਗੀ, ਜਿੰਨੀ ਉਸ ਨੂੰ ਜ਼ਰੂਰਤ ਹੈ । ਦੂਜੇ ਪਾਸੇ ਦਿੱਲੀ ਸਰਕਾਰ ਨੇ ਪੁਲਿਸ ਕਮਿਸ਼ਨਰ ਬੱਸੀ ਖਿਲਾਫ ਮੋਰਚਾ ਖੋਲ੍ਹ ਲਿਆ ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 17 ਫਰਵਰੀ ਨੂੰ ਕਨ੍ਹਈਆ ‘ਤੇ ਅਦਾਲਤ ‘ਚ ਹੋਏ ਹਮਲੇ ਲਈ ਦਿੱਲੀ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ 800 ਤੋਂ ਵੱਧ ਪੁਲਿਸ ਵਾਲਿਆਂ ਦੀ ਮੌਜੂਦਗੀ ‘ਚ ਹੋਏ ਹਮਲੇ ਤੋਂ ਇੰਝ ਲੱਗਦਾ ਹੈ ਕਿ ਪੁਲਿਸ ਹੀ ਸਭ ਕਰਵਾ ਰਹੀ ਹੈ । ਸਿਸੋਦੀਆ ਨੇ ਇਸ ਮਾਮਲੇ ‘ਚ ਫੌਰੀ ਅਤੇ ਉਥੇ ਮੌਜੂਦ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਸਨਿਚਰਵਾਰ ਨੂੰ ਅਦਾਲਤੀ ਪੇਸ਼ੀ ਦੌਰਾਨ ਕਨ੍ਹਈਆ ਨੇ ਇਕ ਵੀਡੀਓ ‘ਚ ਇਹ ਕਿਹਾ ਹੈ ਕਿ ਪਟਿਆਲਾ ਹਾਊਸ ਪੇਸ਼ੀ ਦੌਰਾਨ ਵਕੀਲਾਂ ਨੇ ਉਸ ‘ਤੇ ਹਮਲਾ ਕੀਤਾ ਸੀ । ਉਸ ਨੇ ਇਹ ਹਮਲਾ ਸਿਆਸਤ ਤੋਂ ਪ੍ਰੇਰਿਤ ਦੱਸਿਆ ।
ਕਨ੍ਹਈਆ ਕੁਮਾਰ ‘ਤੇ ਯੂਨੀਵਰਸਿਟੀ ਕੈਂਪਸ ‘ਚ ਦੇਸ਼ ਧ੍ਰੋਹ ਦੇ ਮਾਮਲੇ ‘ਚ ਚੱਲ ਰਹੇ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਅੱਗੇ ਪਾ ਦਿੱਤੀ ਗਈ ਸੀ ।
ਦੱਸਣਯੋਗ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ 9 ਫਰਵਰੀ ਵਾਲੇ ਦਿਨ ਅਫਜਲ ਗੁਰੂ ਦੀ ਬਰਸੀ ਮਨਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਵਿਦਿਆਰਥੀ ਆਗੂ ਕਨਹੀਆਂ ਕੁਮਾਰ ਨੂੰ ਦਿੱਲੀ ਪੁਲਿਸ ਵੱਲੋਂ 10 ਫਰਵਰੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਯੂਨੀਵਰਸਿਟੀ ਤੋਂ ਗ੍ਰਿਫਤਾਰ ਕਰ ਲਿਆ ਸੀ।
Related Topics: JNU, JNU Crackdown, Sedition