March 15, 2017 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਆਜ਼ਾਦੀ-ਪਸੰਦ ਜਥੇਬੰਦੀ ਦਲ ਖ਼ਾਲਸਾ ਵਲੋਂ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦਾ ਲਾਲ ਕਿਲ੍ਹਾ ਫਤਿਹ ਕਰਕੇ ਉਸ ਉੱਤੇ ਖਾਲਸਾਈ ਝੰਡਾ ਲਹਿਰਾਉਣ ਦੇ ਇਤਿਹਾਸਕ ਦਿਹਾੜੇ ਦੀ ਯਾਦ ਵਿਚ ‘ਖਾਲਸਾ ਮਾਰਚ’ ਕੀਤਾ ਗਿਆ ਅਤੇ ਪੰਜਾਬ ਦੇ ਖੁੱਸੇ ਰਾਜ-ਭਾਗ ਅਤੇ ਸ਼ਾਨੌ-ਸ਼ੌਕਤ ਨੂੰ ਮੁੜ ਬਹਾਲ ਕਰਨ ਦੇ ਟੀਚੇ ਪ੍ਰਤੀ ਆਪਣੀ ਦ੍ਰਿੜ੍ਹਤਾ ਦੁਹਰਾਈ ਗਈ।
234 ਸਾਲ ਪਹਿਲਾਂ ਅੱਜ ਦੇ ਦਿਨ ਬਾਬਾ ਬਘੇਲ ਸਿੰਘ ਨੇ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਅਤੇ ਉੱਥੇ ਸਿੱਖਾਂ ਦਾ ਰਾਜ ਸਥਾਪਿਤ ਕੀਤਾ ਸੀ। ਉਸ ਇਤਿਹਾਸਕ ਮੌਕੇ ਨੂੰ ਯਾਦ ਕਰਦਿਆਂ ਦਲ ਖ਼ਾਲਸਾ ਆਗੂਆਂ ਨੇ ਬਾਬਾ ਬਘੇਲ ਸਿੰਘ ਦੇ ਫੌਜੀ ਅਤੇ ਰਾਜਨੀਤਿਕ ਗੁਣਾਂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਉਹ ਸਿੱਖ ਜਰਨੈਲ ਇਕ ਮਹਾਨ ਯੋਧਾ ਹੋਣ ਦੇ ਨਾਲ-ਨਾਲ ਮਹਾਨ ਨੀਤੀਵਾਨ ਅਤੇ ਰਾਜਨੇਤਾ ਵੀ ਸੀ।
ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਸੈਂਕੜੇ ਕਾਰਕੁੰਨਾਂ ਵਲੋਂ ਸ਼ਹਿਰ ਦੀਆਂ ਸੜਕਾਂ ‘ਤੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਵਿਚ ਖਾਲਸਾਈ ਝੰਡੇ ਅਤੇ ਬੈਨਰ ਫੜ੍ਹ ਕੇ ਮਾਰਚ ਕੀਤਾ ਗਿਆ। ਇਕ ਵੱਡੇ ਅਕਾਰ ਦੇ ਹੋਰਡਿੰਗ ਉੱਤੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਿੱਖ ਜਰਨੈਲਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਸਨ।
ਕੇਂਦਰੀ ਮੰਤਰੀ ਵੈਂਕਿਆ ਨਾਇਡੂ ਦੇ ਬਿਆਨ ਕਿ ਅਜ਼ਾਦੀ ਦੇ ਨਾਹਰਿਆਂ ਨੂੰ ਦੇਸ਼ਧ੍ਰੋਹ ਦੀ ਧਾਰਾ ਅਧੀਨ ਲਿਆਉਣ ਲਈ ਸਰਕਾਰ ਸੋਚ ਰਹੀ ਹੈ, ਤੋਂ ਬੇਪਰਵਾਹ ਸਿੱਖ ਨੌਜਵਾਨਾਂ ਨੇ ਅਜ਼ਾਦੀ ਦੇ ਨਾਅਰੇ ਲਾਏ ਅਤੇ ਉਹਨਾਂ ਵਲੋਂ ਚੁੱਕੇ ਪੋਸਟਰਾਂ ‘ਤੇ ਲਿਖਿਆ ਸੀ, “ਅਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰਨਾ ਸਾਡੀ ਵਚਨਬੱਧਤਾ ਹੈ”।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਸ.ਵਾਈ.ਐਲ ਦਾ ਹਊਆ ਪੰਜਾਬ ਦੇ ਹੱਕਾਂ ਨੂੰ ਲੁਟੱਣ ਲਈ ਇਕ ਵਾਰ ਫੇਰ ਖੜਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਐਸ.ਵਾਈ.ਐਲ. ਨਹਿਰ ਦਾ ਨਿਰਮਾਣ ਹੋਣਾ ਨਾ-ਮੁਮਕਿਨ ਹੈ ਅਤੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ‘ਤੇ ਇਹ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਅਮਨ ਚਾਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਕੁਦਰਤੀ ਸਰੋਤਾਂ ਦੀ ਲੁੱਟ ਦੀ ਖੁੱਲ੍ਹ ਦੇ ਦੇਵੇਗਾ। “ਅਗਰ ਦਿੱਲੀ ਦੇ ਹੁਕਮਰਾਨ, ਸਟੇਟ ਦੀ ਅੰਨ੍ਹੀ ਤਾਕਤ ਨਾਲ ਸਾਡੇ ਪਾਣੀ ਖੋਹਣ ਦੀ ਕੋਸ਼ਿਸ਼ ਕਰਨਗੇ ਤਾਂ ਸਾਡੇ ਕੋਲ ਅਨਿਆਏ ਵਿਰੁਧ ਲੜਣ, ਰੋਸ ਤੇ ਵਿਰੋਧ ਕਰਨ ਦਾ ਹੱਕ ਰਾਖਵਾਂ ਹੈ।”
ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਇੱਥੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕਨਵੈਨਸ਼ਨ ਦੌਰਾਨ ਬੋਲਦਿਆਂ ਖਾਲਸਾ ਰਾਜ ਦੇ ਸਿਧਾਂਤ ਬਾਰੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਿ ਉਹ ਸਰਕਾਰ ਬਣਾਉਣ ਤੋਂ 4 ਹਫਤਿਆਂ ਦੇ ਅੰਦਰ ਨਸ਼ੇ ਦੀ ਸਮੱਸਿਆ ‘ਤੇ ਠੱਲ੍ਹ ਪਾ ਲੈਣਗੇ ਤੇ ਟਿੱਪਣੀ ਕਰਦਿਆਂ ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲੋਂ ਕਹਿਣਾ ਸੌਖਾ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿਠਣ ਲਈ ਰਾਜਨੀਤਕ-ਸਮੱਗਲਰ-ਪੁਲਿਸ ਦੇ ਗੰਦੇ ਗਠਜੋੜ ਨੂੰ ਤੋੜਨਾ ਹੋਵੇਗਾ ਜਿਸ ਲਈ ਮਜ਼ਬੂਤ ਰਾਜਨੀਤਿਕ ਇੱਛਾਸ਼ਕਤੀ ਦੀ ਲੋੜ ਹੈ।
ਦਲ ਖ਼ਾਲਸਾ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਬੋਲਦਿਆਂ ਕਿਹਾ ਕਿ ਖਾਲਸਾ ਰਾਜ ਦੀ ਕਾਇਮੀ ਲਈ ਜ਼ਰੂਰੀ ਹੈ ਕਿ ਮਰਿਆਦਾ ਦੇ ਨਾਂ ‘ਤੇ ਸੰਪਦਾਇਕ ਵਖਰੇਵਿਆਂ ਅਤੇ ਵੰਡੀਆਂ ਤੋਂ ਬਚ ਕੇ ਪੰਥ ਇਕਜੁੱਟ ਹੋਵੇ।
ਇਸ ਮੌਕੇ ਬਲਦੇਵ ਸਿੰਘ ਸਿਰਸਾ, ਜਸਬੀਰ ਸਿੰਘ ਖੰਡੂਰ, ਮਨਧੀਰ ਸਿੰਘ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਨੋਬਲਜੀਤ ਸਿੰਘ, ਬਲਜੀਤ ਸਿੰਘ ਜਲੰਧਰ, ਗੁਰਦੀਪ ਸਿੰਘ ਕਾਲਕੱਟ, ਅਵਤਾਰ ਸਿੰਘ, ਕੁਲਵੰਤ ਸਿੰਘ, ਬਾਬਾ ਹਰਦੀਪ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਜਗਜੀਤ ਸਿੰਘ ਖੋਸਾ, ਸਤਨਾਮ ਸਿੰਘ ਭਾਰਾਪੁਰ, ਜਗਦੀਸ਼ ਬਧਣ, ਮੁਕਤੀ ਮੋਰਚਾ ਦੇ ਪ੍ਰਧਾਨ ਰਾਜਿੰਦਰ ਰਾਣਾ, ਯੂਥ ਆਗੂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਆਦਿ ਹਾਜ਼ਰ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Dal Khalsa Reiterate Its Mission For Regaining Punjab’s lost Glory and Self-rule …
Related Topics: Bhai Harcharanjeet Singh Dhami, Bhai Harpal Singh Cheema (Dal Khalsa), Dal Khalsa International, Kanwar Pal Singh Bittu, satnam singh paunta sahib, Sikh Youth of Punjab