August 21, 2016 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਦਲ ਖ਼ਾਲਸਾ ਨੇ ਜਸਪ੍ਰੀਤ ਸਿੰਘ ਜੱਸਾ ਅਤੇ ਦੋ ਹੋਰ ਸਿੱਖ ਨੌਜਵਾਨਾਂ ‘ਤੇ ਹੁਸ਼ਿਆਰਪੁਰ ਪੁਲਿਸ ਵਲੋਂ ਤੀਜੇ ਦਰਜੇ ਦਾ ਤਸ਼ੱਦਦ ਕਰਨ ਦੀ ਘੋਰ ਨਿੰਦਾ ਕੀਤੀ ਹੈ।
ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਹਰ ਪੁਲਿਸ ਥਾਣੇ ਵਿਚ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਦਾਲਤ ਅਤੇ ਕੋਈ ਵੀ ਕਾਨੂੰਨ ‘ਤਸ਼ੱਦਦ’ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਪਰ ਸੂਬੇ ਦੀ ਪੁਲਿਸ ਵਲੋਂ ਇਹ ‘ਅਣਮਨੁੱਖੀ’ ਕਾਰਾ ਹਰ ਫੜੇ ਗਏ ਬੰਦੇ ਨਾਲ ਕੀਤਾ ਜਾਂਦਾ ਹੈ।
ਪੀੜਤ ਦੇ ਪਰਿਵਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਦਾ ਹਵਾਲਾ ਦਿੰਦੇ ਹੋਏ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜਸਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਹੈ ਅਤੇ ਉਸਨੂੰ ਇਲਾਜ ਲਈ ਸ਼ਨੀਵਾਰ ਤੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸ. ਧਾਮੀ ਨੇ ਦੱਸਿਆ ਕਿ ਅੱਜ ਅਸੀਂ ਜਸਪ੍ਰੀਤ ਦੇ ਪਰਿਵਾਰ ਅਤੇ ਸਿਵਲ ਹਸਪਤਾਲ ਦੇ ਸਟਾਫ ਨੂੰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਹ ਬੁਰੀ ਤਰ੍ਹਾਂ ਸਦਮੇ ਵਿਚ ਹੈ। ਧਾਮੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਜਸਪ੍ਰੀਤ ‘ਤੇ ਤਸ਼ੱਦਦ ਢਾਹਿਆ ਹੈ ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਸਨੇ ਜੋ ਵੀ ਗਲਤ ਜਾਂ ਸਹੀ ਕੀਤਾ ਹੈ ਇਸਦਾ ਫੈਸਲਾ ਅਦਾਲਤ ਨੂੰ ਕਰਨਾ ਹੈ।
ਸ. ਧਾਮੀ ਨੇ ਕਾਂਗਰਸ ਅਤੇ ਅਕਾਲੀ ਦਲ ਦੀ ਇਸ ਗੱਲੋਂ ਨਿੰਦਾ ਕੀਤੀ ਕਿ ਦੋਵੇਂ ਸੱਤਾ ਦਾ ਸੁਖ ਭੋਗਦੇ ਰਹਿੰਦੇ ਹਨ ਪਰ ਪੁਲਿਸ ‘ਤੇ ਲਗਾਮ ਨਹੀਂ ਲਾਉਂਦੇ ਕਿ ਉਹ ਤਸ਼ੱਦਦ ਕਰਨ ਦਾ ਰਾਸਤਾ ਛੱਡੇ।
Related Topics: Dal Khalsa International, Harcharanjeet Singh Dhami, Jaspreet Singh Jassa, Punjab Police, SFJ