November 28, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪੰਜਾਬ ਕਾਂਗਰਸ ਨੇ ਪਾਰਟੀ ਨੇ ਤਿੰਨਾਂ ਨਿਗਮਾਂ ਲਈ ਨਿਗਰਾਨ ਲਾ ਦਿੱਤੇ ਹਨ। ਕੱਲ੍ਹ (27 ਨਵੰਬਰ, 2017) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਦੱਸਿਆ ਕਿ ਤਿੰਨਾਂ ਨਿਗਮਾਂ ਦੀਆਂ ਚੋਣਾਂ ਲਈ ਤਿੰਨ ਮੰਤਰੀਆਂ ਦੀ ਚੋਣ ਨਿਗਰਾਨਾਂ ਵਜੋਂ ਡਿਊਟੀ ਲਾ ਦਿੱਤੀ ਹੈ ਤੇ ਇੱਕ ਸਕਰੀਨਿੰਗ ਕਮੇਟੀ ਬਣਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੌਂਪੀ ਗਈ ਹੈ, ਜਦੋਂਕਿ ਪੀਪੀਸੀਸੀ ਦੇ ਜਨਰਲ ਸੱਕਤਰ ਸੁਰਿੰਦਰ ਘੁੰਮਣ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਪੀ. ਕੇ ਪੁਰੀ ਨੂੰ ਵੀ ਇਸੇ ਕਮੇਟੀ ਦਾ ਮੈਂਬਰ ਲਾਇਆ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਦੀ ਕਮਾਨ ਸਿੱਖਿਆ ਮੰਤਰੀ ਅਰੁਣਾ ਚੌਧਰੀ, ਸੰਸਦ ਮੈਂਬਰ ਸੰਤੋਖ ਚੌਧਰੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ ਹੈ, ਜਦੋਂਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਜੁਗਲ ਕਿਸ਼ੋਰ ਸੰਭਾਲਣਗੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਲੁਧਿਆਣਾ ਕੌਂਸਲ ਚੋਣਾਂ ਪੰਦਰਾਂ-ਵੀਹ ਦਿਨਾਂ ਦੀ ਦੇਰੀ ਨਾਲ ਹੋਣਗੀਆਂ, ਜਦੋਂਕਿ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਨਿਗਮ ਦੀਆਂ ਚੋਣਾਂ ਦਸੰਬਰ ਵਿੱਚ ਹੀ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਨਿਗਮ ਚੋਣਾਂ 20 ਦਸੰਬਰ ਤੋਂ ਪਹਿਲਾਂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹਰੇਕ ਵਾਰਡ ਲਈ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ ਤੇ ਜੇਕਰ ਸਹਿਮਤੀ ਨਾ ਹੋਈ ਜਾਂ ਇਕ ਤੋਂ ਵੱਧ ਨਾਂ ਹੋਣਗੇ ਤਾਂ ਉਸ ਵਾਰਡ ਲਈ ਪੈਨਲ ਤਿਆਰ ਕਰਵਾਏ ਜਾਣਗੇ।
Related Topics: Congress Government in Punjab 2017-2022, navjot singh sidhu, Sunil Jakhar