July 13, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੈਸੇ ਤਾਂ ਕਿਹਾ ਜਾਂਦਾ ਕਿ ਸਿਆਸਤ ਦਾ ਹਾਲ ਵੀ ਸਾਉਣ ਭਾਦੋਂ ਦੇ ਛਰਾਟਿਆਂ ਵਾਲਾ ਹੀ ਹੁੰਦਾ ਕਦੋਂ ਕਿੱਥੇ ਕੀ ਵਾਪਰ ਜਾਏ ਕੁਝ ਪਤਾ ਨਹੀਂ ਲੱਗਦਾ ਪਰ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਜਦੋਂ ਤੋਂ ਸਿਆਸਤ ਦੇ ਗਲਬੇ ਹੇਠ ਆਈ ਹੈ ਇਸਦੀ ਹਾਲਤ ਵੀ ਉਪਰੋਕਤ ਕਹਾਵਤ ਵਾਲੀ ਹੋਈ ਪਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਨੇ ਸਰਨਾ ਉਪਰ ਸਵਾਲਾਂ ਦੀ ਝੜੀ ਲਾਉਂਦਿਆਂ ਸਪੱਸ਼ਟੀਕਰਨ ਮੰਗਿਆ ਸੀ ਕਿ ਸਰਨਾ ਰਾਜਨੀਤਿਕ ਆਗੂ ਹਨ ਜਾਂ ਧਾਰਮਿਕ ਆਗੂ ਹਨ। ਕਮੇਟੀ ਦੇ ਮੀਡੀਆ ਵਿਭਾਗ ਦੁਆਰਾ ਜਾਰੀ ਪ੍ਰੈਸ ਰਲੀਜ ਵਿੱਚ ਕਮੇਟੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕਿਉਂਕਿ ਕਾਂਗਰਸ ਉਹ ਜਮਾਤ ਹੈ, ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਰੂਹਾਨੀਅਤ ਦੇ ਅਸਥਾਨ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਟੈਂਕ ਦਾਖਲ ਕਰਵਾਏ ਅਤੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਸ਼ਹੀਦ ਕਰਵਾਇਆ, 1984 ਦਾ ਸੰਤਾਪ ਝੱਲਣ ਵਾਲੇ ਪੀੜਤ ਪਰਿਵਾਰਾਂ ਨੂੰ ਅੱਜ ਤਕ ਇਨਸਾਫ ਨਹੀਂ ਮਿਲ ਸਕਿਆ, ਜਦਕਿ ਕਾਂਗਰਸ ਦੋਸ਼ੀ ਕਾਂਗਰਸੀਆਂ ਨੂੰ ਅਹੁਦੇ ਦੇ ਕੇ ਕੇਂਦਰ ਵਿਚ ਨਿਵਾਜਦੀ ਰਹੀ ਹੈ। ਪ੍ਰੈਸ ਰਲੀਜ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਤੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਕਾਂਗਰਸੀ ਵਿਧਾਇਕ ਅਜਿਹੇ ਹੋਛੇ ਹੱਥਕੰਡੇ ਅਪਣਾ ਰਹੇ ਹਨ ਕਿ ਸਿਆਸੀ ਤਾਕਤ ਨਾਲ ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਵਾਉਣ ਲਈ ਯਤਨਸ਼ੀਲ ਹਨ। ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਬਣਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਨਾ ਕਾਂਗਰਸ ਦੀ ਮਾੜੀ ਸੋਚ ਵਾਲੀ ਰਾਜਨੀਤੀ ਦਾ ਆਸਰਾ ਲੈ ਕੇ ਪੰਥਕ ਸਿੱਖ ਸ਼ਕਤੀ ਨੂੰ ਖੋਰਾ ਲਗਾਉਣਾ ਚਾਹੁੰਦਾ ਹੈ। ਸਮੁੱਚਾ ਸਿੱਖ ਜਗਤ ਸਰਨੇ ਦੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗਾ।
ਜ਼ਿਕਰਯੋਗ ਹੈ ਕਿ ਕਮੇਟੀ ਦੁਆਰਾ ਜਾਰੀ ਪ੍ਰੈਸ ਬਿਆਨ ਵਿੱਚ ਕਮੇਟੀ ਦੇ ਬੁਲਾਰੇ ਦਾ ਨਾਮ ਨਹੀਂ ਸੀ ਲਿਖਿਆ ਗਿਆ ਤੇ ਮੀਡੀਆ ਦੇ ਬਾਰ-ਬਾਰ ਜਾਣਕਾਰੀ ਮੰਗਣ ‘ਤੇ ਵੀ ਕਿਸੇ ਨੇ ਸਹੀ ਉਤਰ ਦੇਣਾ ਜ਼ਰੂਰੀ ਨਹੀਂ ਸਮਝਿਆ।
ਉਧਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸ੍ਰ: ਪਰਮਜੀਤ ਸਿੰਘ ਸਰਨਾ ਨਾਲ ਮੁਲਾਕਾਤ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਵਿੱਚ ਕੀਤੀਆ ਤਬਦੀਲੀਆਂ ਦਾ ਮੁੱਦਾ ਚੁੱਕ ਕੇ ਛਾਪੀ ਗਈ ਕਿਤਾਬ ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ। ਦੱਸਿਆ ਗਿਆ ਹੈ ਕਿ ਸ. ਸਰਨਾ ਆਪਣੇ ਇੱਕ ਕਰੀਬੀ ਸਾਥੀ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਦਰਸ਼ਨਾਂ ਹਿੱਤ ਪੁਜੇ ਸਨ ਤੇ ਵਾਪਸੀ ਤੇ ਉਹਨਾˆ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਫਤਰ ਵਿੱਚੋਂ ਬਾਹਰ ਜਾˆਦੇ ਵੇਖ ਲਿਆ ਤੇ ਤੁਰੰਤ ਸ. ਸਰਨਾ ਨੂੰ ਮਿਲਣ ਲਈ ਬੁਲਾਵਾ ਭੇਜ ਦਿੱਤਾ। ਇਸ ਸਮੇਂ ਦੋਹਾˆ ਆਗੂਆˆ ਵਿਚਕਾਰ ਰਸਮੀ ਗੱਲਾਬਾਤ ਤੋਂ ਇਲਾਵਾ ਪ੍ਰੋ. ਬਡੂੰਗਰ ਨੇ ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ‘ਗੁਰਸ਼ਬਦ ਰਤਨਾਕਰ ਕੋਸ਼’ ਵਿੱਚ ਗੰਭੀਰ ਤਰੁੱਟੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਵਿੱਚ ਬਹੁਤ ਅਰਥਾˆ ਦੇ ਅਨਰਥ ਕੀਤੇ ਗਏ ਹਨ ਜਿਹਨਾਂ ਬਾਰੇ ਉਹਨਾਂ ਨੇ ਪੜਤਾਲ ਵੀ ਕਰਵਾ ਲਈ ਹੈ ਤੇ ਬਹੁਤ ਕੁਝ ਸਾਹਮਣੇ ਆਇਆ ਹੈ। ਪ੍ਰੋ: ਬਡੂੰਗਰ ਨੇ ਸ੍ਰ ਸਰਨਾ ਨੂੰ ਉਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬਣਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮਹਾਨਕੋਸ਼ ਦੇ ਅਨੁਵਾਦ ਦੇ ਬਹਾਨੇ ਇਸ ਵਿੱਚ ਕੀਤੀਆਂ ਗਈਆਂ ਗੈਰ-ਵਾਜਬ ਤਬਦੀਲੀਆਂ ਦਾ ਮੁੱਦਾ ਉਹ ਮੁੱਖ ਮੰਤਰੀ ਕੋਲ ਚੁੱਕ ਕੇ ਇਸ ਨਵੇ ਰਚਿਤ ਮਹਾਨਕੋਸ਼ ਦੀ ਵਿਕਰੀ ‘ਤੇ ਤੁਰੰਤ ਰੋਕ ਲਗਾਉਣ। ਸ. ਸਰਨਾ ਨੇ ਫਰਾਕ ਦਿਲੀ ਵਿਖਾਉਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਸਲਾਹਕਾਰ ਸਿਰਫ ਕੋਈ ਜਾਤੀ ਜਾਂ ਸਿਆਸੀ ਫਾਇਦਾ ਲੈਣ ਲਈ ਨਹੀਂ ਬਣੇ ਸਗੋਂ ਉਹ ਪੰਜਾਬ ਸਰਕਾਰ ਨਾਲ ਧਾਰਮਿਕ ਮੁੱਦੇ ਚੁੱਕ ਕੇ ਉਹਨਾਂ ਦਾ ਹੱਲ ਲੱਭਣ ਲਈ ਬਣੇ ਹਨ। ਉਹਨਾਂ ਪ੍ਰੋ. ਬਡੂੰਗਰ ਨੂੰ ਕਿਹਾ ਕਿ ਜਿਹੜਾ ਵੀ ਪੱਤਰ ਵਿਹਾਰ ਪੰਜਾਬ ਸਰਕਾਰ ਨਾਲ ਕੀਤਾ ਹੈ ਉਸ ਦਾ ਵੇਰਵਾ ਉਹਨਾਂ ਦੀ ਈ-ਮੇਲ ‘ਤੇ ਪਾ ਦੇਣ ਤਾਂ ਉਹ ਇਸ ਪੰਥਕ ਮੁੱਦੇ ਨੂੰ ਜ਼ਰੂਰ ਮੁੱਖ ਮੰਤਰੀ ਨਾਲ ਵਿਚਾਰਨਗੇ। ਉਹਨਾ ਪ੍ਰੋ. ਬਡੂੰਗਰ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਕਾਰਵਾਈ ਕਰਵਾਈ ਜਾਵੇਗੀ ਕਿਉਂਕਿ ਮਾਮਲਾ ਪੰਥਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
Related Topics: bhai kahan singh nabha, Captain Amrinder Singh Government, Congress Government in Punjab 2017-2022, Mahan Kosh, Narinderpal Singh, paramjit singh sarna, Prof. Kirpal Singh Badunger, Punjab Government, Shiromani Gurdwara Parbandhak Committee (SGPC)