February 11, 2015 | By ਸਿੱਖ ਸਿਆਸਤ ਬਿਊਰੋ
-ਕੁਲਵੰਤ ਸਿੰਘ ਢੇਸੀ
ਬੇ-ਹਿੰਮਤੇ ਤਾਂ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ
7 ਫਰਵਰੀ 2015 —ਦਿੱਲੀ ਵਿਚ ਹਾਲ ਹੀ ਵਿਚ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਹਾਸ ਸਿਰਜਿਆ ਹੈ।
ਭਾਜਪਾ ਨੂੰ ਜਿੱਥੇ ਕੇਵਲ 3 ਸੀਟਾਂ ਲੈ ਕੇ ਸ਼ਰਮਨਾਕ ਹਾਰ ਦਾ ਸਾਹਮਣਾਂ ਕਰਨਾ ਪਿਆ ਉਥੇ ਕਾਂਗਰਸ ਤਾਂ ਇਹਨਾ ਚੋਣਾਂ ਵਿਚ ਖਾਤਾ ਹੀ ਨਹੀਂ ਖੋਹਲ ਸਕੀ। ਇਹਨਾ ਚੋਣ ਨਤੀਜਿਆਂ ਨਾਲ ਭਾਰਤ ਵਿਚ ਆਸ ਦੀ ਇੱਕ ਨਵੀਂ ਕਿਰਨ ਉਜਾਗਰ ਹੋਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਆਪ (ਆਮ ਆਦਮੀ ਪਾਰਟੀ) ਦੇ ਵਾਇਦੇ ਵਫਾ ਹੋ ਗਏ ਤਾਂ ਜਿੱਥੇ ਗਰੀਬੀ ਅਤੇ ਭ੍ਰਿਸ਼ਟਾਚਾਰ ਵਿਚ ਪਿਸ ਰਹੀ ਭਾਰਤੀ ਜਨਤਾ ਨੂੰ ਰਾਹਤ ਮਿਲਣ ਦੀਆਂ ਆਸਾਂ ਹਨ ਉਥੇ ਫਿਰਕਾ ਪ੍ਰਸਤੀ ਦੀ ਜ਼ਹਿਰ ਤੋਂ ਦੇਸ਼ ਦਾ ਬਚਾਅ ਹੋਣ ਦੀਆਂ ਵੀ ਸੰਭਾਵਨਾਵਾਂ ਹਨ।
ਹਾਲ ਦੀ ਘੜੀ ਤਾਂ ਆਪ ਦਾ ਆਗੂ ਅਰਵਿੰਦ ਕੇਜਰੀਵਾਲ ਵੀ ਇਹਨਾ ਚੋਣ ਨਤੀਜਿਆਂ ਕਾਰਨ ਹੈਰਾਨੀ ਭਰੇ ਸਦਮੇ ਵਿਚ ਹੈ ਅਤੇ ਡਰਿਆ ਹੋਇਆ ਹੈ ਕਿ ਕੀ ਆਪ ਇਸ ਜਿੱਤ ਨੂੰ ਹਜ਼ਮ ਵੀ ਕਰ ਸਕੇਗੀ ਕਿ ਨਹੀਂ।
ਉਹ ਆਪਣੇ ਲੋਕਾਂ ਨੂੰ ਹੰਕਾਰ ਤੋਂ ਬਚ ਕੇ ਰਹਿਣ ਦੀਆਂ ਅਪੀਲਾਂ ਕਰ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਆਪਕ ਪਾਰਲੀਮਾਨੀ ਜਿੱਤ ਤੋਂ ਬਾਅਦ ਫਾਸ਼ੀ ਬਿਰਤੀ ਵਲ ਵੱਧ ਰਹੀ ਸੀ ਅਤੇ ਉਹਨਾ ਦੇ ਆਗੂ ਹਿੰਦੂ ਪੱਤਾ ਖੇਡਣ ਵਿਚ ਬਹੁਤ ਜਲਦ ਬਾਜੀ ਕਰ ਗਏ ਜਿਸ ਕਾਰਨ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੇ ਸਪੱਸ਼ਟ ਫਤਵਾ ਦਿੱਤਾ ਹੈ।
ਕਾਂਗਰਸ ਜੋ ਕਿ ਇਤਹਾਸਕ ਤੌਰ ਤੇ ਗਰੀਬੀ ਹਟਾਓ ਦਾ ਨਾਅਰਾ ਦਿੰਦੀ ਰਹੀ ਹੈ ਉਸ ਦੇ ਹੱਥੋਂ ਗਰੀਬ ਜਾਂ ਕਿਰਤੀ ਵਰਗ ਦੀ ਵੋਟ ਖਿਸਕ ਗਈ ਹੈ ਕਿਓਂਕਿ ਪਿਛਲੀ ਵਾਰ ਆਪ ਦੇ ਦਿੱਲੀ ਵਿਚ ਕੁਲ 49 ਦਿਨਾਂ ਦੇ ਰਾਜ ਨੇ ਕਿਰਤੀ ਵਰਗ ਦੇ ਦਿਲ ਵਿਚ ਆਸ ਦੀ ਇੱਕ ਕਿਰਨ ਦਿਖਾਈ ਸੀ ਕਿ ਉਹ ਬਿਜਲੀ ਪਾਣੀ ਸਸਤੇ ਭਾਅ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਅਮਲੀ ਤੌਰ ਤੇ ਕੁਝ ਕਰਨ ਲਈ ਪ੍ਰਤੀਬਧ ਹੈ।
ਚੇਤੇ ਰਹੇ ਕਿ ਹੁਣ ਦੀਆਂ ਚੋਣਾਂ ਵਿਚ ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਅਤੇ ਕਾਂਗਰਸੀ ਆਗੂ ਇਸ ਸ਼ਰਮਨਾਕ ਹਾਰ ਕਾਰਨ ਨਮੋਸ਼ੀ ਵਿਚ ਹਨ ਅਤੇ ਕਾਗਰਸੀ ਆਗੂ ਅਜੈ ਮਾਕਨ ਨੇ ਇਸ ਹਾਰ ਨੂੰ ਕਬੂਲਦਿਆਂ ਪਾਰਟੀ ਦੇ ਬਤੌਰ ਜਨਰਲ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ ਕਿਓਂਕਿ ਉਹ ਖੁਦ ਵੀ ਹਾਰ ਗਿਆ ਹੈ। ਕਾਂਗਰਸੀ ਸਫਾਂ ਵਿਚ ਹੁਣ ‘ਪ੍ਰਅੰਕਾ ਲਾਓ ਕਾਂਗਰਸ ਬਚਾਓ’ ਦੇ ਨਾਅਰੇ ਤਿੱਖੇ ਹੋ ਰਹੇ ਹਨ ਅਤੇ ਕੋਈ ਵੀ ਸਿੱਧੀ ਤਰਾਂ ਰਾਹੁਲ ਗਾਂਧੀ ਦੀ ਲੀਡਰੀ ਤੇ ਚੋਟ ਨਹੀਂ ਕਰਦਾ।
ਕੇਜਰੀਵਾਲ 14 ਫਰਵਰੀ ਨੂੰ ਸੌਂਹ ਚੁੱਕ ਕੇ ਬਕਾਇਦਾ ਦਿੱਲੀ ਦਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲੈਣਗੇ। ਆਪ ਪਾਰਟੀ ਦਾ ਰਾਜਨੀਤੀ ਵਿਚ ਬਿਲਕੁਲ ਨਵਾਂ ਤਜਰਬਾ ਹੈ ਅਤੇ ਦਿੱਲੀ ਦੀ ਦੋ ਕਰੋੜ ਜਨਤਾ ਦੀਆਂ ਆਸਾਂ ਉਮੀਦਾਂ ਤੇ ਪੂਰਿਆਂ ਉਤਰਨਾ ਵੀ ਇੱਕ ਟੇਢੀ ਖੀਰ ਹੈ।
ਬੇਸ਼ਕ ਇਸ ਵੇਲੇ ਦਿੱਲੀ ਅਸੈਂਬਲੀ ਵਿਚ ਆਪ ਕੋਲ ਸੰਪੂਰਨ ਬਹੁਮਤ ਹਾਸਲ ਹੈ ਪਰ ਕਿਓਂਕਿ ਕੇਂਦਰ ਵਿਚ ਭਾਜਪਾ ਬੈਠੀ ਹੈ ਅਤੇ ਪਿਛਲੇ ਨੌਂ ਮਹੀਨਿਆਂ ਦੇ ਭਾਜਪਾ ਦੇ ਤੇਵਰਾਂ ਤੋਂ ਇਹ ਸਪੱਸ਼ਟ ਸੰਕੇਤ ਹਨ ਕਿ ਭਾਜਪਾ ਨੂੰ ਇਹ ਹਾਰ ਸੌਖਿਆਂ ਹੀ ਹਜ਼ਮ ਨਹੀਂ ਹੋਏਗੀ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਆਪ ਦੇ ਰਾਹ ਵਿਚ ਸਿੱਧੇ ਅਸਿੱਧੇ ਅੜਿਕੇ ਖੜ੍ਹੇ ਕਰੇ ਜਾਂ ਆਪ ਭਾਜਪਾ ਦੇ ਕਿਸੇ ਸ਼ੜਯੰਤਰ ਦਾ ਸ਼ਿਕਾਰ ਹੋ ਜਾਵੇ।
ਦੇਖਣ ਵਾਲੀ ਗੱਲ ਹੈ ਕਿ ਦਿੱਲੀ ਵਿਚ ਭਾਜਪਾ ਨੇ ਕਿਰਨ ਬੇਦੀ ਨੂੰ ਵੀ ਉਸੇ ਧੂਮ ਤੜਾਕੇ ਨਾਲ ਉਤਾਰਿਆ ਸੀ ਜਿਵੇਂ ਕਿ ਕਦੀ ਕੇਂਦਰ ਵਿਚ ਨਰਿੰਦਰ ਮੋਦੀ ਨੂੰ ਉਤਾਰਿਆ ਸੀ ਪਰ ਕਿਰਨ ਬੇਦੀ ਤਾਂ ਆਪਣੀ ਹੀ ਸੀਟ ਤੋਂ ਵੀ ਜਿੱਤ ਨਾ ਸਕੀ।
ਉਧਰ ਸ਼ਿਵ ਸੈਨਾ ਦੇ ਆਗੂ ਉੱਧਤਵ ਠਾਕਰੇ ਨੇ ਆਪਣੇ ਵਲੋਂ ਇਸ ਸਬੰਧੀ ਇੱਕ ਤੋੜਾ ਝਾੜਿਆ ਹੈ ਕਿ ਇਹ ਬੇਦੀ ਦੀ ਨਹੀਂ ਮੋਦੀ ਦੀ ਹਾਰ ਹੈ। ਉਧਤਵ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੇਕਰ ਆਪ ਦੇ ਸਹੁੰ ਚੁਕ ਸਮਾਗਮ ਤੇ ਉਸ ਨੂੰ ਬੁਲਾਇਆ ਗਿਆ ਤਾਂ ਸ਼ਾਮਲ ਵੀ ਹੋਵੇਗਾ ।
ਦੂਸਰੇ ਪਾਸੇ ਕਾਂਗਰਸ ਨੇ ਤਾਂ ਆਪਣੀ ਹਾਰ ਨੂੰ ਬੜੀ ਨਿਮਰਤਾ ਨਾਲ ਮੰਨ ਲਿਆ ਹੈ ਅਤੇ ਉਹ ਨਿਰਾਸਤਾ ਅਤੇ ਅਸਫਲਤਾ ਦੇ ਆਲਮ ਵਿਚ ਹੈ। ਇਹਨਾਂ ਚੋਣ ਨਤੀਜਿਆਂ ਨਾਲ ਭਾਰਤ ਵਿਚ ਇੱਕ ਨਵੇਂ ਇਨਕਲਾਬ ਦੀ ਉਮੰਗ ਵੀ ਉਜਾਗਰ ਹੋ ਰਹੀ ਹੈ ਤਾਂ ਕਿ ਦੇਸ਼ ਦੇ ਬਹੁਸੰਖਿਅਕ ਗਰੀਬ ਲੋਕ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਸੰਪਰਦਾਇਕ ਤੰਗ ਨਜ਼ਰੀ ਤੋਂ ਨਿਜਾਤ ਪਾ ਸਕਣ। ਕੀ ਅਰਵਿੰਦ ਨਵੇਂ ਭਾਰਤ ਦੇ ਇਨਕਲਾਬੀ ਆਗੂ ਵਜੋਂ ਸਫਲ ਹੋ ਸਕਣਗੇ ਇਹ ਸਵਾਲ ਆਮ ਆਦਮੀ ਦੇ ਦਿਲ ਵਿਚ ਅੱਜ ਧੜਕ ਰਿਹਾ ਹੈ।
ਇਹਨਾ ਚੋਣ ਨਤੀਜਿਆਂ ਦਾ ਆਉਣ ਵਾਲੇ ਦਿਨਾਂ ਵਿਚ ਜਿਥੇ ਸਮੁੱਚੇ ਦੇਸ਼ ਵਿਚ ਸਪੱਸ਼ਟ ਪ੍ਰਭਾਵ ਪਏਗਾ ਉਥੇ ਗਵਾਂਢੀ ਰਾਜਾਂ ਵਿਚ ਤਾਂ ਖਾਸ ਕਰਕੇ ਅਸਰ ਪਏਗਾ। ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸਿੱਖ ਉਮੀਦਵਾਰਾਂ ਨੂੰ ਕਿਓਂਕਿ ਹੁਣ ਹਾਰ ਦਾ ਮੂੰਹ ਦੇਖਣਾਂ ਪਿਆ ਹੈ ਇਸ ਕਰਕੇ ਇਸ ਦਾ ਇੱਕ ਸੁਨੇਹਾ ਪੰਜਾਬ ਦੇ ਭਵਿੱਖ ਵਲ ਵੀ ਜਾਂਦਾ ਹੈ।
ਇੱਕ ਹੋਰ ਹੈਰਾਨੀ ਜਨਕ ਤੱਥ ਇਹ ਵੀ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਚੁਣਾਵ ਅਯੋਗ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਕਰ ਦਿੱਤੇ । ਚੁਣਾਵ ਅਯੋਗ ਮੁਤਾਬਕ ਦਿੱਲੀ ਵਿਚ ਆਮ ਆਦਮੀ ਨੂੰ 54.3% ਭਾਜਪਾ ਨੂੰ 32.2% ਅਤੇ ਕਾਂਗਰਸ ਨੂੰ 9.7% ਵੋਟ ਮਿਲਣ ਵਾਲੇ ਸਨ।
ਚੋਣ ਨਤੀਜਿਆਂ ਨੇ ਇਹ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜੇਕਰ ਭਵਿੱਖ ਵਿਚ ਦੇਸ਼ ਦੀ ਜਨਤਾ ਵਿਚ ਕੋਈ ਵੀ ਵਧੀਆ ਵਿਕਲਪ ਹੋਇਆ ਤਾਂ ਉਹ ਸਭ ਵੱਡੀਆਂ ਪਾਰਟੀਆਂ ਦਾ ਪੱਤਾ ਸਾਫ ਕਰ ਸਕਦੇ ਹਨ।
ਵੱਡੀ ਗੱਲ ਇਹ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਜਿਥੇ ਭਾਰਤ ਦੇ ਲੋਕਾਂ ਵਿਚ ਵੱਡੀ ਹਿਲਜੁਲ ਕੀਤੀ ਹੈ ਉਥੇ ਇਹਨਾ ਨੇ ਭਾਰਤ ਤੋਂ ਬਾਹਰ ਵੀ ਵੱਡੀ ਹਿਲਜੁਲ ਕੀਤੀ ਹੈ। ਯੂ ਕੇ ਵਿਚ ਬੈਠੇ ਪ੍ਰਗਟ ਤੌਰ ਤੇ ਬਾਦਲ ਦਲੀਆਂ ਅਤੇ ਪ੍ਰਗਟ ਰੂਪ ਵਿਚ ਖਾਲਿਸਤਾਨੀ ਪਰ ਛੁਪੇ ਰੂਪ ਬਾਦਲ ਦਲੀਆਂ ਵਿਚ ਵੀ ਨਿਰਾਸਤਾ ਅਤੇ ਕੁੜੱਤਣ ਦਾ ਆਲਮ ਹੈ।
ਸ: ਜਰਨੈਲ ਸਿੰਘ ਪਤਰਕਾਰ ਦੀ ਜਿੱਤ ਨਾਲ ਆਮ ਸਿੱਖਾਂ ਅਤੇ ਰਵਾਇਤੀ ਖਾਲਿਸਤਾਨੀਆਂ ਦੇ ਇੱਕ ਹਿੱਸੇ ਵਿਚ ਖੁਸ਼ੀ ਦਾ ਮਹੌਲ ਵੀ ਪਾਇਆ ਗਿਆ ਹੈ ਅਤੇ ਅਤੇ ਜੇਕਰ ਕੇਜਰੀਵਾਲ ਦਿੱਲੀ ਦੇ ਸਿੱਖ ਕਤਲੇਆਮ ਦੇ ਕੁਝ ਇੱਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬ ਹੋ ਸਕਿਆ ਤਾਂ ਇਥੋਂ ਦੀ ਸਥਾਨਕ ਖਾਲਿਸਤਾਨੀ ਰਾਜਨੀਤੀ ਵਿਚ ਵੱਡੀ ਉਥਲ ਪੁੱਥਲ ਹੋਣ ਦੀ ਸੰਭਾਵਨਾਂ ਵੀ ਹੈ।
ਅਰਵਿੰਦ ਕੇਜਰੀਵਾਲ ਦਾ ਆਪਣਾ ਚਰਿੱਤਰ ਇੱਕ ਅੰਦੋਲਨਕਾਰੀ ਦਾ ਹੋਣ ਕਾਰਨ ਉਸ ਦੇ ਇੱਕ ਕਾਮਯਾਬ ਰਾਜਨੀਤਕ ਬਣ ਸਕਣ ਸਬੰਧੀ ਬਹੁਤ ਸਾਰੇ ਸ਼ੰਕੇ ਵੀ ਹਨ। ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਜਨਲੋਕਪਾਲ ਬਿੱਲ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿਚ ਆਏ ਸਨ।
ਉਸ ਵੇਲੇ ਉਹਨਾ ਦੇ ਨਾਲ ਨਾਲ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਵੀ ਸੁਰਖੀਆਂ ਵਿਚ ਸਨ। ਹੈਰਾਨੀ ਦੀ ਉਸ ਵੇਲੇ ਹੱਦ ਨਾਂ ਰਹੀ ਜਦੋਂ ਅਰਵਿੰਦ ਮੁਖ ਮੰਤ੍ਰੀ ਬਣ ਕੇ ਵੀ ਅੰਦੋਲਨਕਾਰੀ ਬਣੇ ਰਹੇ ਅਤੇ ਸੜਕ ਤੇ ਆ ਬੈਠੇ। ਉਸ ਵੇਲੇ ਉਸ ਨੇ ਡੰਕੇ ਦੀ ਚੋਟ ਤੇ ਜਨਤਾ ਨੂੰ ਥਾਣੇਦਾਰੀ ਦੇਣ ਦੇ ਦਾਅਵੇ ਵੀ ਕੀਤੇ ਕਿ ਅਗਰ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਫੋਨ ਰਿਕਾਰਡਿੰਗ ਕਰਕੇ ਮੇਰੇ ਕੋਲ ਆ ਜਾਵੋ ਅਤੇ ਮੈਂ ਉਸ ਨੂੰ ਬਾਹਰ ਦਾ ਰਸਤਾ ਦਿਖਾਵਾਂਗਾ ਅਤੇ ਉਸ ਨੇ ਕੁਝ ਅਫਸਰਾਂ ਦੀ ਛੁੱਟੀ ਕੀਤੀ ਵੀ ਅਤੇ ਇਸੇ ਮੁੱਦੇ ਤੇ ਅੜਚਣ ਆਉਣ ਤੇ ਸੜਕ ਤੇ ਜਾ ਬੈਠਾ।
ਸਾਨੂੰ ਨਾਂ ਤਾਂ ਕੇਜਰੀਵਾਲ ਦੀ ਨੀਅਤ ਤੇ ਸ਼ੱਕ ਹੈ ਅਤੇ ਨਾਂ ਹੀ ਇਸ ਗੱਲੋਂ ਅਸੀਂ ਅਨਜਾਣ ਹਾਂ ਕਿ ਰਿਸ਼ਵਤ ਅਤੇ ਸਿਫਾਰਸ਼ ਕਿਸ ਹੱਦ ਤਕ ਭਾਰਤੀ ਜਨਤਾ ਦਾ ਲਹੂ ਪੀ ਰਹੀ ਹੈ ਪਰ ਤਾਂ ਵੀ ਅਜੇਹੇ ਗੰਭੀਰ ਮੁੱਦਿਆਂ ਤੇ ਸੜਕ ਸ਼ਾਪ ਨੀਤੀ ਆਪ ਲਈ ਬਹੁਤ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦੀ ਹੈ।
ਇਹਨਾ ਚੋਣ ਨਤੀਜਿਆਂ ਸਬੰਧੀ ਕੁਝ ਹੋਰ ਸੰਕੇਤ ਵੀ ਹੈਰਾਨੀ ਜਨਕ ਹਨ। ਕੁਝ ਮਹੀਨੇ ਪਹਿਲਾਂ ਗੁਜਰਾਤ ਵਿਚ ਆਪ ਦੇ 96% ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਸਨ ਅਤੇ ਅਰਵਿੰਦ ਕੇਜਰੀਵਾਲ ਖੁਦ ਨਰਿੰਦਰ ਮੋਦੀ ਤੋਂ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਹਾਰਿਆ ਸੀ ਜਦ ਕਿ ਦਿੱਲੀ ਵਿਚ ਇਸ ਤੋਂ ਉਲਟ ਨਤੀਜੇ ਆਏ। ਇਸ ਦਾ ਸਿੱਧਾ ਮਤਲਬ ਜਾਂ ਤਾਂ ਭਾਰਤੀ ਲੋਕ ਭਾਜਪਾ ਵਲੋਂ ਮੋੜਾ ਪਾ ਰਹੇ ਹਨ ਅਤੇ ਜਾਂ ਭਾਰਤੀ ਰਾਜਨੀਤੀ ਕੇਂਦਰੀ ਨਾਂ ਹੋ ਕੇ ਸਥਾਨਕ ਹੋ ਗਈ ਹੈ।
ਕਿਸੇ ਰਾਜ ਦੇ ਚੋਣ ਨਤੀਜੇ ਉਸ ਦੇ ਆਪਣੇ ਸੁਭਾਅ ਅਤੇ ਸਬੰਧਤ ਰਾਜਨੀਤਕ ਧਿਰਾਂ ਦੀ ਕਾਰਗੁਜ਼ਾਰੀ ਤੇ ਨਿਰਭਰ ਹਨ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਭਾਰਤੀ ਲੋਕ ਵੋਟ ਦੇਣ ਲੱਗੇ ਦਿਲ ਦੀ ਥਾਂ ਦਿਮਾਗ ਤੋਂ ਕੰਮ ਲੈ ਸਕਦੇ ਹਨ ਅਤੇ ਹੁਣ ਉਹਨਾ ਦੇ ਆਗੂ ਉਹਨਾਂ ਨੂੰ ਫਿਰਕੂ, ਜਾਤੀ ਅਤੇ ਜਜ਼ਬਾਤੀ ਨਾਅਰਿਆਂ ਵਿਚ ਉਲਝਾ ਨਹੀਂ ਸਕਣਗੇ।
ਭਾਜਪਾ ਦੇ ਰੱਥ ਨੂੰ ਝਟਕਾ:
ਜਿਸ ਵੇਲੇ ਮੋਦੀ ਦਿੱਲੀ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਇੱਕ ਗੱਲ ਉਹਨਾ ਨੇ ਅੱਡੀਆਂ ਚੁੱਕ ਕੇ ਕਹੀ ਸੀ ਕਿ ਜੋ ਵਿ ਇਸ ਵੇਲੇ ਦੇਸ਼ ਦਾ ਮੂਡ ਹੈ ਉਹ ਹੀ ਦਿੱਲੀ ਦਾ ਵੀ ਹੈ । ਇਸ ਤੋਂ ਮਤਲਬ ਇਹ ਸੀ ਕਿ ਹਿੰਦੂਤਵ ਦੇ ਉਸ ਦੇ ਰੱਥ ਨੂੰ ਦੇਸ਼ ਵਿਆਪੀ ਸਮਰਥਨ ਦੀ ਗਰੰਟੀ ਹੈ ਪਰ ਦਿੱਲੀ ਵਿਚ ਉਸਦਾ ਇੱਹ ਹਿੰਦੂਤਵੀ ਰੱਥ ਇੱਕ ਝਟਕੇ ਨਾਲ ਰੁਕ ਗਿਆ ਅਤੇ ਹੁਣ ਹਰ ਅਲੋਚਕ ਇਹ ਕਹਿ ਰਿਹਾ ਹੈ ਕਿ ਨਰਿੰਦਰ ਮੋਦੀ ਆਪਣੇ ਦਿਲ ਦੀ ਕਹਿਣ ਵਿਚ ਬਹੁਤ ਜਲਦ ਬਾਜੀ ਕਰ ਗਿਆ ਹੈ ਅਤੇ ਨਾਲ ਹੀ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਆਰ ਐਸ ਐਸ ਦੇ ਘਰ ਵਾਪਸੀ ਵਾਲੇ ਸੰਪਰਦਾਇਕ ਤੰਗਨਜ਼ਰੀ ਅਤੇ ਨਕਾਰਤਮਕਤਾ ਵਾਲੇ ਝੱਲ ਤੋਂ ਮੋਦੀ ਆਪਣੇ ਆਪ ਨੂੰ ਅਲਹਿਦਾ ਕਰ ਵੀ ਸਕੇਗਾ ਕਿ ਨਹੀਂ। ਕਿਹਾ ਜਾ ਰਿਹਾ ਹੈ ਕਿ ਮੋਦੀ ਇਸ ਤੋਂ ਕੁਝ ਵੀ ਸਬਕ ਸਿੱਖਣ ਵਾਲਾ ਨਹੀਂ ਅਤੇ ਇਹ ਝੱਲ ਹੀ ਉਸ ਦੇ ਅਤੇ ਭਾਜਪਾ ਦੇ ਨਿਘਾਰ ਦਾ ਕਾਰਨ ਬਣ ਜਾਵੇਗਾ।
ਭਾਰਤੀ ਘੱਟਗਿਣਤੀਆਂ ਲਈ ਇੱਕ ਮੌਕਾ:
ਆਮ ਆਦਮੀ ਪਾਰਟੀ ਦੀ ਜਿੱਤ ਨਾਲ ਭਾਰਤੀ ਘੱਟਗਿਣਤੀਆਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਭਾਜਪਾ ਵਰਗੀ ਫਿਰਕਾ ਪ੍ਰਸਤ ਅਤੇ ਕਾਂਗਰਸ ਵਰਗੀ ਭ੍ਰਿਸ਼ਟ ਪਾਰਟੀ ਤੋਂ ਮੁਕਤੀ ਪਾ ਕੇ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕਰਨ।
ਕਾਰਪੋਰੇਟ ਕੰਪਨੀਆਂ ਅਤੇ ਫਿਰਕੂ ਨਾਅਰੇ ਦੇ ਬਲਬੂਤੇ ਭਾਰਤੀ ਸਿੰਘਾਸਨ ਤੇ ਬੈਠੇ ਮੋਦੀ ਤੋਂ ਲੋਕੀ ਨਿਰਾਸ਼ ਹੋਣਾਂ ਸ਼ੁਰੂ ਹੋ ਗਏ ਹਨ ਅਤੇ ਹੁਣ ਲੋੜ ਹੈ ਨਵੇਂ ਚਿਹਰਿਆਂ ਅਤੇ ਨਵੀਂ ਸ਼ੁਰੂਆਤ ਦੀ। ਦੂਨੀਆਂ ਭਰ ਦਾ ਮੀਡੀਆ ਇਸੇ ਗੱਲ ਤੇ ਕੇਂਦਰਤ ਹੈ। ਚੀਨ ਵਿਚ ਤਾਂ ਇੱਕ ਪਤਰਕਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿਚ ਹੁਣ ਹਨੂਮਾਨ ਪੀਰੀਅਡ ਦਾ ਅੰਤ ਹੋ ਗਿਆ ਹੈ।
ਝਾੜੂ ਮੁੱਕ ਗਏ:
ਆਪ ਦੀ ਜਿੱਤ ਨਾਲ ਦਿੱਲੀ ਵਿਚ ਜਿਥੇ 30 ਰੁਪਏ ਵਿਚ ਵਿਕਣ ਵਾਲਾ ਝਾੜੂ 200 ਰੁਪਏ ਨੂੰ ਪਹੁੰਚ ਗਿਆ ਹੈ ਉਥੇ ਆਪ ਦੇ ਆਗੂ ਭਗਵੰਤ ਮਾਨ ਨੇ ਹਾਸਰਸ ਅੰਦਾਜ਼ ਵਿਚ ਕਿਹਾ ਹੈ ਕਿ ਅਸੀਂ ਕਹਿੰਦੇ ਸਾਂ ਕਿ ਆਪ ਦੇ ਆਉਣ ਨਾਲ ਬਿਜਲੀ ਬਿੱਲ ਹਾਫ ਤੇ ਪਾਣੀ ਮਾਫ ਹੋਵੇਗਾ ਹੁਣ ਕਹਿੰਦੇ ਹਾਂ ਕਿ ਆਪ ਦੇ ਆਉਣ ਨਾਲ ਭਾਜਪਾ ਵੀ ਸਾਫ ਅਤੇ ਕਾਂਗ੍ਰਸ ਵੀ ਸਾਫ। ਭਵਿੱਖ ਵਿਚ ਆਪ ਦੇ ਇਹਨਾ ਦਾਅਵਿਆਂ ਦਾ ਕੀ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ
Related Topics: Aam Aadmi Party, BJP, Congress Government in Punjab 2017-2022, Delhi Assembly By-election