December 16, 2014 | By ਸਿੱਖ ਸਿਆਸਤ ਬਿਊਰੋ
ਅਲੀਗੜ੍ਹ(15 ਦਸੰਬਰ, 2014): ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਰ.ਐਸ.ਐਸ. ਅਤੇ ਬਜਰੰਗ ਦਲ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਸੀ। ਇਥੇ 57 ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਦਾ ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਇਆ ਗਿਆ ਸੀ।
ਇਸ ਸਮੇਂ ਹਿੰਦੂ ਜਥੇਬੰਦੀਆਂ ਵੱਲੋਂ 25 ਦਸੰਬਰ ਨੂੰ ਅਲੀਗੜ੍ਹ ਵਿੱਚ 5000 ਪਰਿਵਾਰਾਂ ਦੇ ਧਰਮ ਪਰਿਵਰਤਨ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।ਇਸ ਧਰਮ ਪਰਿਵਰਤਨ ਦੇ ਸਮਾਗਮ ਦੇ ਐਲਾਨ ਤੋਂ ਭੈਭੀਤ ਇਸਾਈ ਭਾਈਚਾਰੇ ਨੇ ਸ਼ਹਿਰ ਦੇ ਇਸਾਈਆਂ ਨੇ ਗਿਰਜਾਘਰਾਂ ਲਈ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ।
ਅਲੀਗੜ੍ਹ ਜ਼ੋਨ ਦੇ ਡੀਆਈਜੀ ਅਮਿਤ ਅਗਰਵਾਲ ਨੇ ਪੀਟੀਆਈ ਨੂੰ ਦੱਸਿਆ ਕਿ ਜਥੇਬੰਦੀਆਂ ‘ਘਰ ਵਾਪਸੀ’ ਪ੍ਰੋਗਰਾਮ ਨੂੰ ਅਲੀਗੜ੍ਹ ਅਤੇ ਹਾਥਰਸ ਜ਼ਿਲ੍ਹਿਆਂ ਦੇ ਪਿੰਡਾਂ ’ਚ ਤਬਦੀਲ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਚ ਖੁਫ਼ੀਆ ਇਹਤਿਆਤ ਵਧਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਦੇ ਮੈਂਬਰਾਂ ਨੇ ਕ੍ਰਿਸਮਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਚਰਚਾਂ ’ਚ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ।
ਇਕ ਚਰਚ ਦੇ ਪਾਦਰੀ ਜੋਨਾਥਨ ਲਾਲ ਨੇ ਕਿਹਾ ਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਇਸਾਈਆਂ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ। ਸ਼ਹਿਰ ’ਚ ਐਤਵਾਰ ਤੋਂ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ ਤੇ ਚੌਕਸੀ ਰੱਖੀ ਜਾ ਰਹੀ ਹੈ।
Related Topics: Christian in India, Hindu Groups, Minorities in India