January 1, 2016 | By ਮੇਜਰ ਸਿੰਘ
ਚੰਡੀਗੜ੍ਹ: ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ’ਚ ਪੁਲਿਸ ਵੱਲੋਂ ਦੋ ਵਿਅਕਤੀਆਂ ’ਤੇ ਗੈਰ ਮਨੁੱਖੀ ਤਰੀਕੇ ਨਾਲ ਕੀਤੀ ਗਈ ਤਸ਼ੱਦਦ ਦੀ ਜ਼ੋਰਦਾਰ ਅਲੋਚਨਾ ਕੀਤੀ ਹੈ ਅਤੇ ਇਸ ਲਈ ਫੋਰਸ ਦੇ ਸਿਆਸੀਕਰਨ ਨੂੰ ਦੋਸ਼ੀ ਠਹਿਰਾਉਂਦਿਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਾਲਾਤਾਂ ਲਈ ਜ਼ਿੰਮੇਵਾਰ ਦੱਸਿਆ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨੈਤਿਕ ਅਧਾਰ ’ਤੇ ਗ੍ਰਹਿ ਮੰਤਰੀ ਨੂੰ ਤੁਰੰਤ ਅਸਫੀਤਾ ਦੇ ਦੇਣਾ ਚਾਹੀਦਾ ਹੈ। ਸਬੰਧਤ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਤੇ ਮੁਨਸ਼ੀ ਦੀਆਂ ਸੇਵਾਵਾਂ ਨੂੰ ਵੀ ਤੁਰੰਤ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਕਾਂਸਟੇਬਲ, ਮੁਨਸ਼ੀ ਤੇ ਐਸ.ਐਚ.ਓ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੁਖਬੀਰ ਵੱਲੋਂ ਸਿਆਸੀ ਉਦੇਸ਼ਾਂ ਲਈ ਲਗਾਤਾਰ ਪੁਲਿਸ ਦੇ ਸ਼ੋਸ਼ਣ ਕਾਰਨ ਪੁਲਿਸ ਵਾਲੇ ਖੁਦ ਨੂੰ ਕਾਨੂੰਨ ਸਮਝਣ ਲੱਗੇ ਹਨ, ਕਿਉਂਕਿ ਪੁਲਿਸ ਅਫਸਰ ਆਪਣੇ ਸੀਨੀਅਰਾਂ ਦੀ ਬਜਾਏ ਸਿੱਧੇ ਤੌਰ ’ਤੇ ਸਿਆਸੀ ਆਗੂਆਂ ਤੋਂ ਨਿਰਦੇਸ਼ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੇਸ ਹਰ ਰੋਜ਼ ਸਾਹਮਣੇ ਆ ਰਹੇ ਹਨ ਅਤੇ ਸੁਧਾਰ ਦੀਆਂ ਗੱਲਾਂ ਦੇ ਉਲਟ ਵਰਤਮਾਨ ਸ਼ਾਸਨ ’ਚ ਹਾਲਾਤ ਦਿਨੋਂ ਦਿਨ ਬਿਗੜਦੇ ਜਾ ਰਹੇ ਹਨ। ਸੱਚਾਈ ਤਾਂ ਇਹ ਹੈ ਕਿ ਇਹ ਪੰਜਾਬ ਪੁਲਿਸ ਨਹੀਂ, ਬਲਕਿ ਅਕਾਲੀ ਪੁਲਿਸ ਬਣ ਚੁੱਕੀ ਹੈ ਤੇ ਵਧੀਕੀਆਂ ਦੇ ਜ਼ਿਆਦਾਤਰ ਮਾਮਲਿਆਂ ’ਚ ਨਿਰਦੇਸ਼ ਸਥਾਨਕ ਅਕਾਲੀ ਆਗੂਆਂ ਤੋਂ ਆਉਂਦੇ ਹਨ।
ਚੰਨੀ ਨੇ ਕਿਹਾ ਕਿ ਇਹ ਸਮਝ ਤੋਂ ਪਰੇ ਹੈ ਕਿ ਇਕ ਸ਼ਰਾਬ ਵਪਾਰੀ ਦੇ ਇਸ਼ਾਰੇ ’ਤੇ ਇਕ ਵਿਅਕਤੀ ਉਪਰ ਨਜਾਇਜ਼ ਸ਼ਰਾਬ ਵੇਚਣ ਦੇ ਸ਼ੱਕ ਹੇਠ ਪੁਲਿਸ ਵਾਲੇ ਇੰਨੀ ਬੇਰਹਿਮੀ ਨਾਲ ਤਸ਼ੱਦਦ ਕਰ ਸਕਦੇ ਹਨ। ਇਸ ਲੜੀ ਹੇਠ ਇਹ ਤਸ਼ੱਦਦ ਨਹੀਂ, ਬਲਕਿ ਜੰਗਲੀਪਣ ਹੈ, ਜੋ ਆਧੁਨਿਕ ਸਮੇਂ ’ਚ ਸਮਝ ਤੋਂ ਪਰੇ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਇਸ ਕੇਸ ’ਚ ਸ਼ਾਮਿਲ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਸੀ, ਬਲਕਿ ਆਮ ਲੋਕਾਂ ਦਾ ਪੁਲਿਸ ਪ੍ਰਤੀ ਵਤੀਰਾ ਹੈ, ਜਿਹੜੇ ਇਸਨੂੰ ਲੋਕ ਵਿਰੋਧੀ ਤੇ ਗਰੀਬ ਵਿਰੋਧੀ ਸਮਝਦੇ ਹਨ।
ਚੰਨੀ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਪੁਲਿਸ ਅਬੋਹਰ ’ਚ ਇਕ ਦਲਿਤ ਭੀਮ ਟਾਂਕ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ’ਚ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਗ੍ਰਿਫਤਾਰ ਕਰਨ ’ਚ ਹਾਲੇ ਤੱਕ ਫੇਲ੍ਹ ਰਹੀ ਹੈ, ਜੋ ਦੱਸਦਾ ਹੈ ਕਿ ਕਿਵੇਂ ਪੈਸੇ ਵਾਲੇ ਸਿਆਸੀ ਸਬੰਧਾਂ ਰਾਹੀਂ ਖੁਦ ਨੂੰ ਬਚਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਕ ਬੇਰਹਿਮ ਸਰਕਾਰ ਨੂੰ ਉਖਾੜ ਸੁੱਟਣ ਦੀ ਅਪੀਲ ਕੀਤੀ ਹੈ, ਜਿਸ ਲਈ ਮਨੁੱਖੀ ਮੁੱਲਾਂ ਦੀ ਕੋਈ ਕੀਮਤ ਨਹੀਂ ਹੈ ਅਤੇ ਸ਼ਾਸਕਾਂ ਦਾ ਇਕੋਮਾਤਰ ਉਦੇਸ਼ ਖੁੱਲ੍ਹੇਆਮ ਲੁੱਟ ਮਚਾਉਂਦਿਆਂ ਆਪਣੇ ਖਜ਼ਾਨੇ ਭਰਨਾ ਹੈ।
Related Topics: Charanjit SIngh Channi, Congress Government in Punjab 2017-2022, Punjab Government, Punjab Police