June 27, 2015 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ(26 ਜੂਨ, 2015): ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਰਿਆ ਵਿੱਚ ਗਰਕ ਹੋਣ ਦੇ ਮੁੱਦੇ ‘ਤੇ ਬਾਦਲ ਦਲ ਨੂੰ ਹਰ ਦਿਨ ਕਿਸੇ ਨਾ ਕਿਸੇ ਤਰਾਂ ਸ਼ਰਮਸਾਰ ਹੋਣਾਂ ਪੈ ਰਿਹਾ ਹੈ।ਬਾਦਲ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੀ ਨਸ਼ਿਆਂ ਦੇ ਮੁੱਦੇ ‘ਤੇ ਬਾਦਲ ਦਲ ਨੂੰ ਘਰਨ ਦਾ ਕੋਈ ਵੀ ਮੌਕਾ ਅਜ਼ਾਈ ਨਹੀਂ ਜਾਣ ਦਿੰਦੀ ਅਤੇ ਬਾਦਲ ਦਲੀਆਂ ਨੂੰ ਸ਼ਰਮਸਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ।
ਅਜਿਹਾ ਹੀ ਕੁੱਝ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ‘ਤੇ ਹੁਸ਼ਿਆਰਪੁਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਇਕ ਵਾਰ ਫ਼ਿਰ ਉੱਭਰ ਕੇ ਸਾਹਮਣੇ ਆਇਆ। ਸਮਾਗਮ ਦੀ ਪ੍ਰਧਾਨਗੀ ਕਰਨ ਆਏ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਨੇ ਜਿੱਥੇ ਪੰਜਾਬ ਨੂੰ ਨਸ਼ਿਆਂ ਦੀ ਵਰਤੋਂ ਵਿਚ ਦੇਸ਼ ਦਾ ਨੰਬਰ ਇਕ ਸੂਬਾ ਦੱਸਿਆ ਉਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਰੋਸ ਜ਼ਾਹਿਰ ਕੀਤਾ ਕਿ ਪੰਜਾਬ ਨੂੰ ਐਵੇਂ ਹੀ ਬਦਨਾਮ ਕੀਤਾ ਜਾ ਰਿਹਾ ਹੈ।
ਭਾਜਪਾ ਆਗੂ ਅਕਾਲੀ ਲੀਡਰਸ਼ਿਪ ਦੇ ਮੂੰਹ ‘ਤੇ ਇਹ ਗੱਲ ਆਖ ਗਏ ਕਿ ਪੰਜਾਬ ਨਸ਼ਿਆਂ ‘ਚ ਮੋਹਰੀ ਹੈ ਪਰ ਅਕਾਲੀ ਆਗੂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਸਿਰ ਘੜਾ ਭੰਨਦੇ ਨਜ਼ਰ ਆਏ।ਸ੍ਰੀ ਗਹਿਲੋਤ ਨੇ ਤਾਂ ਪ੍ਰੈਸ ਕਾਨਫ਼ਰੰਸ ਦੌਰਾਨ ਵੀ ਇਹੋ ਕਿਹਾ ਕਿ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਪੰਜਾਬ ਵਿਚ ਸਭ ਤੋਂ ਵੱਧ ਹੈ।
ਉਨ੍ਹਾਂ ਆਪਣੇ ਇਸ ਦਾਅਵੇ ਦਾ ਆਧਾਰ ਕਿਸੇ ਸਰਵੇਖਣ ਨੂੰ ਬਣਾਇਆ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕਿਸ ਸਰਵੇਖਣ ਦਾ ਜ਼ਿਕਰ ਕਰ ਰਹੇ ਹਨ, ਤਾਂ ਉਹ ਜਵਾਬ ਨਹੀਂ ਦੇ ਸਕੇ।ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਬੜੇ ਸੰਕੋਚਵੇਂ ਲਹਿਜੇ ਵਿਚ ਕਿਹਾ ਕਿ ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵਿਚ ਜਿੰਨਾ ਚੰਗਾ ਤਾਲਮੇਲ ਹੋਵੇਗਾ ਉਨ੍ਹਾਂ ਹੀ ਫ਼ਾਇਦੇਮੰਦ ਰਹੇਗਾ।
ਜਦੋਂ ਸ. ਠੰਡਲ ਨੇ ਮਾਈਕ ਸੰਭਾਲਿਆ ਤਾਂ ਉਨ੍ਹਾਂ ਨੇ ਕਾਫ਼ੀ ਤਿੱਖੀ ਸੁਰ ਵਿਚ ਕਿਹਾ ਕਿ ਇਕ-ਦੂਜੇ ‘ਤੇ ਤੋਹਮਤਾਂ ਲਾਉਣਾ ਸਮੱਸਿਆ ਦਾ ਹੱਲ ਨਹੀਂ।ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ, ਦੋਵਾਂ ਨੂੰ ਨਸ਼ਿਆਂ ਦੇ ਫੈਲਾਅ ਦੀ ਸਿੱਧੀ ਜ਼ਿੰਮੇਵਾਰੀ ਲੈ ਕੇ ਇਸ ਦਾ ਹੱਲ ਲੱਭਣਾ ਪਵੇਗਾ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਕਾਲੀ ਦਲ ਦੀ ਬੋਲੀ ਬੋਲਦੇ ਨਜ਼ਰ ਆਏ।ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਇਹ ਕਹਿਣਾ ਕਿ ਪੰਜਾਬ ਦੇ 70 ਫ਼ੀਸਦੀ ਲੋਕ ਨਸ਼ਿਆਂ ‘ਚ ਜਕੜੇ ਹੋਏ ਹਨ, ਕੋਰਾ ਝੂਠ ਹੈ।ਉਨ੍ਹਾਂ ਇੱਥੋਂ ਤੱਕ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਸੇਵਨ ਪਿਛਲੇ ਕੁੱਝ ਸਾਲਾਂ ‘ਚ ਕਾਫ਼ੀ ਘੱਟ ਗਿਆ ਹੈ।ਇੱਥੋਂ ਤੱਕ ਕਿ ਵਿਆਹਾਂ ਸ਼ਾਦੀਆਂ ‘ਤੇ ਵੀ ਸ਼ਰਾਬ ਦਾ ਸੇਵਨ ਘੱਟ ਗਿਆ ਹੈ।ਜਦੋਂ ਉਹ ਇਹ ਦਾਅਵਾ ਕਰ ਰਹੇ ਸਨ ਤਾਂ ਸਟੇਜ ‘ਤੇ ਬੈਠੇ ਕੁੱਝ ਨੇਤਾਵਾਂ ਦੇ ਚਿਹਰਿਆਂ ‘ਤੇ ਗੈਰ-ਯਕੀਨੀ ਝਲਕ ਰਹੀ ਸੀ।
ਸ੍ਰੀ ਸਾਂਪਲਾ ਨੇ ਵੀ ਪੰਜਾਬ ਵਿਚ ਵਧੀ ਨਸ਼ੇ ਦੀ ਅਲਾਮਤ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਬਾਹਰ ਜਾ ਕੇ ਜੋ ਮਰਜ਼ੀ ਕਹੀਏ, ਆਪਣੇ ਘਰ ਵਿਚ ਇਸ ਸੱਚਾਈ ਨੂੰ ਝੁਠਲਾ ਨਹੀਂ ਸਕਦੇ।
Related Topics: Drugs Abuse and Drugs Trafficking in Punjab, Parkash Singh Badal