December 6, 2009 | By ਸੁਰਜੀਤ ਸਿੰਘ
ਲੁਧਿਆਣਾ (6 ਦਸੰਬਰ, 2009): ਇਸ ਸ਼ਹਿਰ ਨੇ ਪਿਛਲੇ ਤਕਰੀਬਨ ਦੋ ਦਿਨ ਭਾਰੀ ਤਣਾਅ, ਟਕਰਾਅ ਤੇ ਵਿਰੋਧ ਪ੍ਰਦਰਸ਼ਨ ਦੇਖੇ ਹਨ। ਸ਼ਹਿਰ ਦਾ ਵੱਡਾ ਹਿੱਸਾ ਅਜੇ ਵੀ ਕਰਫਿਊ ਦੀ ਮਾਰ ਹੇਠ ਹੈ। ਬਿਹਾਰੀ ਮਜਦੂਰਾਂ ਵੱਲੋਂ ਕੀਤੀ ਗਈ ਸ਼ਰੇਆਮ ਲੁੱਟਮਾਰ ਤੇ ਹਿੰਸਾ ਮੌਕੇ ਜਿੱਥੇ ਪੁਲਿਸ ਤੇ ਪ੍ਰਸ਼ਾਸਨ ਦੇ ਘੰਟਿਆਂ ਬੱਧੀ ਲਾਚਾਰ ਦਰਸ਼ਕ ਬਣੇ ਰਹਿਣ ਤੋਂ ਸ਼ਹਿਰ ਦੇ ਲੋਕ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾ ਰਹੇ ਹਨ ਓਥੇ ਸਿੱਖਾਂ ਵੱਲੋਂ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰਨ ਮੌਕੇ ਪ੍ਰਸ਼ਾਸਨ ਵੱਲੋਂ ਸਿੱਧੀ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਕਰ ਦੇਣ ਨੇ ਲੋਕਾਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ।
ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਆਮ ਲੋਕ ਇਸ ਗੱਲ ਤੇ ਇਕਮਤ ਹਨ ਕਿ ਜੇਕਰ ਪ੍ਰਸ਼ਾਸਨ ਨੇ ਗੋਲੀ ਚਲਾਉਣ ਦੀ ਬਜ਼ਾਏ ਦੂਸਰੇ ਤਰੀਕੇ ਵਰਤੇ ਹੁੰਦੇ ਤਾਂ ਕੀਮਤੀ ਮਨੁੱਖੀ ਜਾਨ ਬਚਾਈ ਜਾ ਸਕਦੀ ਸੀ। ਲੋਕ ਚਰਚਾ ਹੈ ਕਿ ਭਾਵੇ ਸਿੱਖਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲਾਠੀਚਾਰਜ ਕਰਕੇ ਕਾਬੂ ਕੀਤਾ ਜਾਣਾ ਮੁਸ਼ਕਿਲ ਸੀ ਪਰ ਪੁਲਿਸ ਵੱਲੋਂ ਜਲ ਤੋਪਾਂ ਜਾਂ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਤਾਂ ਜਾਨੀ ਨੁਕਸਾਨ ਰੋਕਿਆ ਜਾ ਸਕਦਾ ਸੀ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਿੱਖਾਂ ਉਤੇ ਪੁਲਿਸ ਨੇ ਜਲ ਤੋਪਾਂ ਜਾਂ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੇ ਬਿਨਾ ਹੀ ਸਿੱਧੀ ਗੋਲੀ ਚਲਾ ਦਿੱਤੀ ਗਈ ਸੀ ਜਿਸ ਕਾਰਨ ਪਿੰਡ ਲੁਹਾਰਾ ਕਲਾਂ ਵਾਸੀ ਭਾਈ ਦਰਸ਼ਨ ਸਿੰਘ ਦੀ ਮੌਤ ਹੋ ਗਈ ਸੀ। ਭਾਈ ਦਰਸ਼ਨ ਸਿੰਘ ਇੱਕ ਪਰਿਵਾਰਦਾਰ ਸਿੱਖ ਸੀ ਜੋ ਆਟੋ-ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।
ਉਕਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਿਕਾਸ ਗਰਗ, ਜਿਸ ਨੇ ਗੋਲੀ ਚਲਾਉਣ ਦੇ ਲਿਖਤੀ ਹੁਕਮ ਦਿੱਤੇ ਸਨ, ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਸਭ ਕੁਝ ਕਰਕੇ ਵੇਖ ਲਿਆ ਸੀ ਪਰ ਉਹ (ਸਿੱਖ) ਟਲ ਨਹੀਂ ਸਨ ਰਹੇ, ਇਸ ਲਈ ਗੋਲੀ ਚਲਾਉਣ ਤੋਂ ਬਿਨਾ ਹੋਰ ਕੋਈ ਰਾਹ ਬਾਕੀ ਨਹੀਂ ਸੀ ਬਚਿਆ। ਦੂਸਰੇ ਪਾਸੇ ਪੁਲਿਸ ਦੇ ਆਈ. ਜੀ. ਸੰਜੀਵ ਕਾਲਰਾ ਨੇ ਕਿਹਾ ਕਿ ਉਹ ਮੌਕੇ ਉੱਤੇ ਹਾਜ਼ਰ ਨਹੀਂ ਸਨ ਇਸ ਲਈ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਰਬੜ ਦੀਆਂ ਗੋਲੀਆਂ ਵਰਤੀਆਂ ਗਈਆਂ ਸਨ ਕਿ ਨਹੀਂ?
ਇਹ ਦੱਸਣਯੋਗ ਹੈ ਕਿ ਪੁਲਿਸ ਪਿਛਲੇ ਲੰਮੇ ਸਮੇਂ ਤੋਂ ਰਬੜ ਦੀਆਂ ਗੋਲੀਆਂ ਦੀ ਵਰਤੋਂ ਇਸ ਲਈ ਨਹੀਂ ਕਰਦੀ ਕਿ ਇਸ ਨਾਲ ਪ੍ਰਦਰਸ਼ਨਕਾਰੀ ਜਖਮੀ ਹੋ ਜਾਂਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਸਿੱਖ ਪ੍ਰਦਰਸ਼ਨਕਾਰੀਆਂ ਉੱਤੇ ਅਸਲੀ ਗੋਲੀਆਂ ਚਲਾ ਦੇਂਦੀ ਹੈ ਜਿਸ ਨਾਲ ਮੌਤ ਤੱਕ ਹੋਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੁੰਦੀ ਹੈ।