March 12, 2016 | By ਸਿੱਖ ਸਿਆਸਤ ਬਿਊਰੋ
ਪਟਿਆਲਾ (11 ਮਾਰਚ, 2016): ਮਦੁਰਾਇ ਯੂਨੀਵਰਸਿਟੀ ਤਾਮਿਲਨਾਡੂ ਦੇ ਪ੍ਰੋਫੈਸਰ ਅਤੇ ਗੁਰੂ ਨਾਨਕ ਦੇਵ ’ਤੇ ਖੋਜ ਕਰਨ ਕਰ ਕੇ ਚਰਚਾ ਵਿਚ ਆਏ ਡਾ. ਮੁਥੂ ਮੋਹਨ ਨੇ ਕਿਹਾ ਕਿ ਜਿਹੜਾ ਵੀ ਸਿੱਖ ਜਾਤ-ਪਾਤ ਪ੍ਰਬੰਧ ਵਿਚ ਵਿਸ਼ਵਾਸ ਰੱਖਦਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੋ ਹੀ ਨਹੀਂ ਸਕਦਾ। ਉਹ ਇੱਥੇ ਪੰਜਾਬੀ ਯੂਨੀਵਰਸਿਟੀ ਵਿਚ ਭਾਈ ਗੁਰਦਾਸ ਚੇਅਰ ਅਤੇ ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਵੱਲੋਂ ਕਰਾਏ ਗਏ ਸਿਰਦਾਰ ਕਪੂਰ ਸਿੰਘ ’ਤੇ ਵਿਸ਼ੇਸ਼ ਭਾਸ਼ਣ ਦੇ ਮੁੱਖ ਬੁਲਾਰੇ ਸਨ।
ਉਨ੍ਹਾਂ ਕਿਹਾ ਕਿ ਆਦਿ ਕਾਲ ਤੋਂ ਲੈ ਕੇ ਜਾਤ ਪਾਤ ਦਾ ਕੋਈ ਸੰਕਲਪ ਨਹੀਂ ਸੀ, ਇੱਥੋਂ ਤੱਕ ਕਿ ਰਿਗਵੇਦ ਵਿਚ ਵੀ ਜਾਤ ਪਾਤ ਦਾ ਕੋਈ ਸੰਦੇਸ਼ ਨਹੀਂ ਦਿੱਤਾ ਗਿਆ। ਪ੍ਰੋ. ਮੁਥੂ ਨੇ ਕਿਹਾ ਕਿ ਜੋ ਸਿੱਖ ਜਾਤ ਪਾਤ ਕਰਦਾ ਹੈ ਜਾਤੀ ਆਧਾਰਤ ਗੁਰਦਆਰੇ ਬਣਾਉਂਦਾ ਹੈ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ।
ਵਿਧਾਨ ਸਭਾ ਪੰਜਾਬ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਇਕ ਦੂਰਅੰਦੇਸ਼ੀ ਤੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ਦੀ ਸਮਝ ਰੱਖਣ ਵਾਲੇ ਵਿਦਵਾਨ ਸਨ। ਪਰ ਅਜੋਕੇ ਯੁੱਗ ਦੇ ਵਿਦਵਾਨਾਂ ਨੇ ਉਨ੍ਹਾਂ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਜੋ ਲੋਕ ਸਾਚੀ ਸਾਖੀ ਨੂੰ ਗਲਤ ਕਹਿੰਦੇ ਹਨ ਉਹ ਲੋਕ ਅਸਲ ਵਿਚ ਵਿਦਵਾਨ ਹੀ ਨਹੀਂ ਹਨ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੀ ਪੀਐਚ ਡੀ ਨਾਲ ਸਬੰਧਤ ਕੁਝ ਅਖ਼ਤਿਆਰ ਕਰਨ ਲਈ ਸਿਰਦਾਰ ਕਪੂਰ ਸਿੰਘ ਨਾਲ ਬਿਤਾਏ ਕੁਝ ਦਿਨਾਂ ਦੀਆਂ ਯਾਦਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਡਾ. ਗਿਆਨ ਸਿੰਘ ਵੱਲੋਂ ਜੋ ਲਿਖਿਆ ਗਿਆ ਹੈ ਉਸ ਵਿਚੋਂ ਕਾਫੀ ਭਾਗ ਭਾਸ਼ਾ ਵਿਭਾਗ ਵੱਲੋਂ ਕੱਟਿਆ ਗਿਆ ਹੈ, ਜਿਸ ਤੋਂ ਸਿਰਦਾਰ ਸਾਹਿਬ ਕਾਫੀ ਦੁਖੀ ਹੋਏ ਸਨ।
ਉਨ੍ਹਾਂ ਇਸ ਵੇਲੇ ਸਿਰਦਾਰ ਕਪੂਰ ਸਿੰਘ ਸਿਮ੍ਰਿਤੀ ਗ੍ਰੰਥ ਤਿਆਰ ਕਰਵਾਉਣ ਅਤੇ ਉਨ੍ਹਾਂ ਦੀ ਤਸਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਲਾਉਣ ਦਾ ਐਲਾਨ ਵੀ ਕੀਤਾ। ਇਸ ਸਮੇਂ ਭਾਈ ਗੁਰਦਾਸ ਚੇਅਰ ਦੇ ਚੇਅਰਮੈਨ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਕ ਵੱਡੀ ਕਾਨਫ਼ਰੰਸ ਸਿਰਦਾਰ ਕਪੂਰ ਸਿੰਘ ਦੇ ਨਾਮ ਤੇ ਅਪਰੈਲ ਦੇ ਆਖ਼ਰੀ ਹਫ਼ਤੇ ਕਰਵਾ ਕੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਮੁਕੰਮਲ ਰੂਪ ਵਿਚ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਅੰਤ ਵਿਚ ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੇ ਮੁਖੀ ਪਰਮਜੀਤ ਸਿੰਘ ਨੇ ਸਰੋਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ. ਮਲਕਿੰਦਰ ਕੌਰ, ਡਾ. ਜੋਗਾ ਸਿੰਘ, ਡਾ. ਅਮਰਜੀਤ ਕੌਰ, ਡਾ. ਸੁਖਦਿਆਲ ਸਿੰਘ, ਡਾ. ਪਰਮਵੀਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਗੁੰਜਨਜੋਤ ਕੌਰ, ਡਾ. ਕੁਲਵੰਤ ਸਿੰਘ ਗਰੇਵਾਲ, ਡਾ. ਬਲਜੀਤ ਕੌਰ ਸੇਖੋਂ ਤੋਂ ਇਲਾਵਾ ਗਿਆਨੀ ਦਿੱਤ ਸਿੰਘ ਸਭਾ ਅਤੇ ਵਿਭਾਗ ਦੇ ਰਿਸਰਚ ਸਕਾਲਰਾਂ ਨੇ ਹਿੱਸਾ ਲਿਆ।
Related Topics: Punjabi University Patiala, S. Kapoor Singh