December 13, 2016 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਮੁੱਖੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੰਤਰੀ ਬਿਕਰਮ ਮਜੀਠੀਆ ਨੂੰ ਬਚਾਉਣ ਲਈ ਸੋਨੀਆ ਗਾਂਧੀ ਨੂੰ ਦੁਹਾਈ ਨਾ ਪਾਉਂਦੇ ਤਾਂ ਅੱਜ ਪੰਜਾਬ ਨਸ਼ਾ ਮੁਕਤ ਸੂਬਾ ਹੁੰਦਾ।
ਹੁਸ਼ਿਆਰਪੁਰ ਸਮੇਤ ਵੱਖ-ਵੱਖ ਥਾਵਾਂ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਸੀਬੀਆਈ ਜਾਂਚ ਤੋਂ ਮੁਕਤ ਕਰਵਾਇਆ।
ਕੇਜਰੀਵਾਲ ਨੇ ਕਿਹਾ, “ਮੈਨੂੰ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਅਤੇ ਉਸ ਸਮੇਂ ਦੇ ਸੂਬਾ ਪ੍ਰਧਾਨ ਦੇ ਉਲਟ ਜਾ ਕੇ ਸੋਨੀਆ ਗਾਂਧੀ ਨੂੰ ਮਜੀਠੀਆ ਖਿਲਾਫ ਸੀਬੀਆਈ ਜਾਂਚ ਰੁਕਵਾਉਣ ਲਈ ਮਿਲਿਆ।” ਆਪ ਆਗੂ ਨੇ ਪੁਛਿਆ ਕਿ ਉਸ ਸਮੇਂ ਕੇਂਦਰ ਵਿਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿਚ ਨਸ਼ਾ ਤਸ਼ਕਰੀ ਦੇ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਮਜੀਠੀਏ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ- ਕੈਪਟਨ ਅਮਰਿੰਦਰ ਸਿੰਘ- ਸੁਖਬੀਰ ਬਾਦਲ- ਬਿਕਰਮ ਮਜੀਠੀਆ ਵਿਚਾਲੇ ਗਠਜੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਮਹੀਨੇ ਪਹਿਲਾਂ ਅਕਾਲੀਆਂ ਨੇ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਦੇ ਸਾਰੇ ਕੇਸ ਬੰਦ ਕਰ ਦਿੱਤੇ ਗਏ।
‘ਆਪ’ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਭ੍ਰਿਸ਼ਟ ਮੁੱਖ ਮੰਤਰੀ ਸੀ ਅਤੇ ਉਸਨੇ ਪੰਜਾਬ ਵਿਚੋਂ ਧਨ ਲੁਟ ਕੇ ਸਵਿੱਸ ਬੈਂਕ ਵਿਚ ਆਪਣੇ ਪੁੱਤਰ ਅਤੇ ਪਤਨੀ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਜਮ੍ਹਾਂ ਕਰਵਾਏ। ਪ੍ਰਧਾਨ ਮੰਤਰੀ ਮੋਦੀ ਉਤੇ ਟਿਪੱਣੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹ ਸਹੀ ਅਰਥਾਂ ਵਿਚ ਕਾਲਾ ਧਨ ਵਾਪਿਸ ਲਿਆਉਣ ਲਈ ਵਚਨਬੱਧ ਹੁੰਦੇ ਤਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦੁਆਰਾ ਸਵਿੱਸ ਬੈਂਕ ਵਿਚ ਜਮ੍ਹਾਂ ਕੀਤਾ ਧਨ ਨੂੰ ਵਾਪਿਸ ਲੈ ਆਉਂਦੇ। ਉਨ੍ਹਾਂ ਕਿਹਾ ਕਿ ਮੈਂ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਦੇ ਸਵਿੱਸ ਬੈਂਕ ਖਾਤੇ ਨੰਬਰ ਅਨੇਕਾਂ ਵਾਰ ਲੋਕਾਂ ਸਾਹਮਣੇ ਪੇਸ਼ ਕਰ ਚੁੱਕਾ ਹਾਂ ਪਰੰਤੂ ਕੈਪਟਨ ਨੇ ਇਕ ਵਾਰ ਵੀ ਇਸ ਸੰਬੰਧੀ ਟਿੱਪਣੀ ਨਹੀਂ ਕੀਤੀ ਕਿ ਮੈਂ ਝੂਠ ਬੋਲ ਰਿਹਾ ਹਾਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੈਪਟਨ ਪਰਿਵਾਰ ਦੇ ਸਵਿੱਸ ਬੈਂਕ ਵਿਚ ਖਾਤੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਧਨ ਕੈਪਟਨ ਨੇ ਪੰਜਾਬ ਤੋਂ ਲੁਟ ਕੇ ਸਵਿੱਸ ਖਾਤਿਆਂ ਵਿਚ ਜਮ੍ਹਾਂ ਕਰਵਾਇਆ ਹੈ ਉਹ ਅਸਲ ਵਿਚ ਨਵੇਂ ਸਕੂਲ, ਯੂਨੀਵਰਸਿਟੀਆਂ ਬਣਾਉਣ ਅਤੇ ਸਿਹਤ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ ਖਰਚ ਹੋਣਾ ਸੀ।
ਨੋਟਬੰਦ ਸੰਬੰਧੀ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਫੈਸਲਾ ਨਿੰਦਣਯੋਗ ਹੈ ਅਤੇ ਇਸ ਰਾਹੀਂ ਗਰੀਬਾਂ ਅਤੇ ਕਿਸਾਨਾਂ ਦੁਆਰਾ ਮਿਹਨਤ ਨਾਲ ਕਮਾਏ ਧਨ ਨੂੰ ਲੁਟਿਆ ਗਿਆ ਹੈ। ਲੋਕ ਆਪਣੇ ਕਮਾਏ ਪੈਸੇ ਨੂੰ ਹੀ ਕਢਾਉਣ ਲਈ ਘੰਟਿਆਂ ਬੱਧੀ ਲਾਇਨਾਂ ਵਿਚ ਲੱਗ ਰਹੇ ਹਨ। ਉਨਾਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਫੈਸਲਾ ਧਨਾਢਾਂ ਅਤੇ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਲਾਭ ਪੰਹੁਚਾਉਣ ਲਈ ਲਿਆ ਗਿਆ ਸੀ ਜੋ ਕਿ ਸਰਕਾਰ ਦਾ ਲੱਖਾਂ ਕਰੋੜ ਰੁਪਏ ਦਬਾਏ ਬੈਠੇ ਹਨ। ਉਨਾਂ ਕਿਹਾ ਕਿ ਮੋਦੀ ਨੇ ਵੱਡੇ ਘਰਾਣਿਆਂ ਦਾ ਹੁਣ ਤੱਕ 1.14 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਅਤੇ ਬਾਕੀ ਧਨਾਢਾਂ ਦਾ ਕੁੱਲ 8 ਲੱਖ ਕਰੋੜ ਕਰਜ਼ਾ ਮੁਆਫ ਕਰਨ ਜਾ ਰਿਹਾ ਹੈ।
Related Topics: Arvind Kejriwal, Bikramjit Singh Majithia, Captain Amrinder Singh Government, Congress Government in Punjab 2017-2022, Punjab Politics, Punjab Polls 2017, Sonia Gandhi