July 9, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਦੇ ਇੱਕ ਹੋਟਲ ਵਿੱਚ ਸਰਨਾ ਭਰਵਾਂ ਵੱਲੋਂ ਕਰਵਾਏ ਸਨਮਾਨ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ‘ਚ ਬੋਲਦਿਆਂ ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਕਿ ਬਾਦਲ ਦਲ ਦੇ ਸਮੇਂ ‘ਚ ਬੇਅਦਬੀ ਦੀਆਂ 183 ਘਟਨਾਵਾਂ ਹੋਈਆਂ ਤੇ 121 ਦੇ ਦੋਸ਼ੀ ਫੜ੍ਹੇ ਗਏ ਜਦਕਿ ਕਾਂਗਰਸ ਸਰਕਾਰ ਆਉਣ ’ਤੇ ਅਜਿਹੇ 13 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 12 ਦੇ ਦੋਸ਼ੀ ਕਾਬੂ ਕਰ ਲਏ ਗਏ ਹਨ।
ਕੈਪਟਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚੋਂ ਨਸ਼ਾ ਘੱਟ ਗਿਆ ਹੈ ਅਤੇ ਨਸ਼ੇ ਦੇ ਕਾਰੋਬਾਰੀ ਪੰਜਾਬ ਛੱਡ ਕੇ ਦਿੱਲੀ ਆ ਗਏ ਹਨ ਪਰ ਪੰਜਾਬ ਪੁਲਿਸ ਤਸਕਰਾਂ ਨੂੰ ਇੱਥੋਂ ਵੀ ਕਾਬੂ ਕਰ ਲਵੇਗੀ। ਉਨ੍ਹਾਂ ਬਾਦਲ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਇੱਕ ਲੱਖ ਝੂਠੇ ਪਰਚੇ ਵਿਰੋਧੀਆਂ ’ਤੇ ਪਾਏ ਗਏ, ਜਿਨ੍ਹਾਂ ਬਾਰੇ ਮਹਿਤਾਬ ਸਿੰਘ ਕਮਿਸ਼ਨ ਛੇਤੀ ਰਿਪੋਰਟ ਦੇਵੇਗਾ। ਉਨ੍ਹਾਂ ਨੇ ਪਰਮਜੀਤ ਸਿੰਘ ਸਰਨਾ ਨੂੰ ਆਪਣਾ ‘ਸੱਚਾ ਸਲਾਹਕਾਰ’ ਦੱਸਿਆ ਤੇ ਕਿਹਾ ਕਿ ਸਰਨਾ ਭਰਾਵਾਂ ਨੇ ਚੋਣਾਂ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇਸ ਮੌਕੇ ਸਰਨਾ ਨੇ ਕੈਪਟਨ ਅਮਰਿੰਦਰ ਕੋਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਝੂਠੇ ਕੇਸ ਖ਼ਤਮ ਕਰਨ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਦੀ ਵੀ ਮੰਗ ਰੱਖੀ।
ਇਸ ਸਮਾਗਮ ‘ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਮਨਜੀਤ ਸਿੰਘ ਕੱਲਕੱਤਾ, ਸੁਪਰੀਮ ਕੋਰਟ ਦੇ ਵਕੀਲ ਕੇ.ਟੀ.ਐਸ. ਤੁਲਸੀ, ਸਾਬਕਾ ਮੰਤਰੀ ਪਰਨੀਤ ਕੌਰ ਸਮੇਤ ਕਈ ਆਗੂ ਸ਼ਾਮਲ ਹੋਏ। ਸਨਮਾਨ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਸਰਨਾ ਨੇ ਨਿਭਾਈ।
Related Topics: Captain Amrinder Singh Government, Congress Government in Punjab 2017-2022, Harwinder Singh Sarna, KTS Tulsi, Manjit Singh Calcutta, paramjit singh sarna, Sheila Dixit, Shiromani Akali Dal Delhi Sarna