June 27, 2017 | By ਸਿੱਖ ਸਿਆਸਤ ਬਿਊਰੋ
ਸਰੀ: ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਅੈਨ ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਰੈਡੀਕਲ ਦੇਸੀ ਪਬਲੀਕੇਸ਼ਨ ਵੱਲੋਂ ਲਾਂਚ ਕੀਤੀ ਇਸ ਪਟੀਸ਼ਨ ਉਤੇ ਬ੍ਰਿਟਿਸ਼ ਕੋਲੰਬੀਆ ਦੇ ਪੰਜ ਸੌ ਤੋਂ ਵੱਧ ਵਸਨੀਕਾਂ ਦੇ ਹਸਤਾਖ਼ਰ ਹਨ। ਧਾਲੀਵਾਲ ਹਾਲੇ ਤਕ ਇਕਲੌਤੇ ਲਿਬਰਲ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਇਸ ਕੇਸ ਵਿੱਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਵਾਸਤੇ ਇਕ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਉਹ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।
ਇਹ ਪਟੀਸ਼ਨ ਵਕੀਲ ਅਮਨਦੀਪ ਸਿੰਘ ਨੇ ਤਿਆਰ ਕੀਤੀ ਹੈ ਅਤੇ ਉਨ੍ਹਾਂ ਨੇ ਕੈਨੇਡੀਅਨ ਸਰਕਾਰ ਨੂੰ ਇਸ ਅਪਾਹਜ ਪ੍ਰੋਫੈਸਰ ਦੀ ਰਿਹਾਈ ਲਈ ਦਖ਼ਲ ਦੇਣ ਲਈ ਕਿਹਾ ਹੈ। ਪ੍ਰੋ. ਸਾਈਬਾਬਾ ਨੂੰ ਮਾਓਵਾਦੀਆਂ ਦਾ ਸਮਰਥਕ ਗਰਦਾਨ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵ੍ਹੀਲਚੇਅਰ ਸਹਾਰੇ ਚੱਲਣ ਵਾਲੇ ਪ੍ਰੋ. ਸਾਈਬਾਬਾ ਵੱਲੋਂ ਭਾਰਤੀ ਸਮਾਜ ਵਿੱਚ ਹਾਸ਼ੀਏ ਉਤੇ ਧੱਕੇ ਵਰਗਾਂ ਅਤੇ ਕਬਾਇਲੀ ਲੋਕਾਂ ਉਤੇ ਸਰਕਾਰੀ ਜਬਰ ਦਾ ਵਿਰੋਧ ਕੀਤਾ ਜਾਂਦਾ ਸੀ। ਇਸ ਦੌਰਾਨ ਰੈਡੀਕਲ ਦੇਸੀ ਟੀਮ ਨੇ ਅਪਾਹਜਾਂ ਬਾਰੇ ਮੰਤਰੀ ਕਾਰਲਾ ਕਿਓਲਟਰੋਅ ਨੂੰ ਇਕ ਪੱਤਰ ਸੌਂਪਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਮਨੁੱਖੀ ਆਧਾਰ ਉਤੇ ਇਸ ਕੇਸ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਟੀਮ ਨੇ ਦੱਸਿਆ ਕਿ ਮੰਤਰੀ ਦਾ ਸਟਾਫ ਬੇਹੱਦ ਸਹਿਯੋਗੀ ਸੀ ਅਤੇ ਉਨ੍ਹਾਂ ਨੇ ਸਾਈਬਾਬਾ ਕੇਸ ਨੂੰ ਧਿਆਨ ਨਾਲ ਸੁਣਿਆ। ਚੇਤਨਾ ਐਸੋਸੀਏਸ਼ਨ, ਸਿੱਖ ਨੇਸ਼ਨ, ਗੁਰਦੁਆਰਾ ਦਸਮੇਸ਼ ਦਰਬਾਰ ਤੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਤੋਂ ਇਲਾਵਾ ਵੈਨਕੂਵਰ ਦੇ ਰੌਸ ਸਟਰੀਟ ਸਿੱਖ ਟੈਂਪਲ ਦੇ ਕੁੱਝ ਮੈਂਬਰਾਂ ਵੱਲੋਂ ਵੀ ਇਸ ਪਹਿਲ ਦਾ ਸਮਰਥਨ ਕੀਤਾ ਗਿਆ ਹੈ।
ਸਬੰਧਤ ਖ਼ਬਰ:
ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਉਮਰ ਕੈਦ …
Related Topics: Canadian Government, Indian Satae, Prof. Saibaba, Sikhs in Canada, Sukh Dhaliwal