February 17, 2018 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਵਫਦ ਦੀ ਅਗਵਾਈ ਤਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਲੇਕਿਨ ਇਨ੍ਹਾਂ ਦੋਨਾਂ ਆਗੂਆਂ ਦਰਮਿਆਨ ਕੋਈ ਅਧਿਕਾਰਤ ਮੁਲਾਕਾਤ ਤੈਅ ਨਹੀ ਹੈ।
ਕਨੇਡਾ ਸਰਕਾਰ ਚਾਹੁੰਦੀ ਹੈ ਕਿ ਜਸਟਿਨ ਟਰੂਡੋ ਤੇ ਉਸਦੇ ਵਫਦ ਦੀ ਫੇਰੀ ਸਿੱਖ ਅਜਾਦੀ ਮਸਲੇ ਤੋਂ ਦੂਰ ਰੱਖੀ ਜਾਏ ਪ੍ਰੰਤੂ ਖਾਲਿਸਤਾਨ ਦੇ ਮੁੱਦੇ ਤੇ ਪੁੱਛੇ ਜਾਣ ਵਾਲੇ ਕਿਸੇ ਵੀ ਸਵਾਲ ‘ਤੇ ਪੇਸ਼ ਕੀਤੇ ਜਾਣ ਵਾਲੇ ਪੱਖ ਦੀ ਰੂਪ ਰੇਖਾ ਵੀ ਤੈਅ ਹੋ ਚੱੁਕੀ ਹੈ ।
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੱਜ ਤੋਂ ਸ਼ੁਰੂ ਹੋ ਰਹੀ ਭਾਰਤ ਫੇਰੀ ਸਬੰਧੀ ਅਪਣਾਈ ਜਾ ਰਹੀ ਰਣਨੀਤੀ ਦਾ ਖੁਲਾਸਾ ਕਰਦਿਆਂ ਕਨੇਡਾ ਦੇ ਅਖਬਾਰ ‘ਦ ਕਨੇਡੀਅਨ ਪਰੈਸ’ਨੇ ਕਿਹਾ ਹੈ ਕਿ ਭਾਰਤੀ ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ‘ਕਿ ਕੈਪਟਨ ਅਮਰਿੰਦਰ ਸਿੰਘ ,ਪ੍ਰਧਾਨ ਮੰਤਰੀ ਟਰੂਡੋ ਦੀ ਦਰਬਾਰ ਸਾਹਿਬ ਫੇਰੀ ਦੌਰਾਨ ਉਨ੍ਹਾ ਦੀ ਅਗਵਾਈ ਕਰਨਗੇ’ਦੇ ਬਾਵਜੂਦ ਦੋਨਾਂ ਆਗੂਆਂ ਦਰਮਿਆਨ ਕੋਈ ਅਧਿਕਾਰਤ ਮੁਲਾਕਾਤ ਤੈਅ ਨਹੀ ਹੋਈ।
ਇੱਕ ਕਨੇਡੀਅਨ ਅਧਿਕਾਰੀ ਨੇ ਅਖਬਾਰ ਨੂੰ ਦੱਸਿਆ ਹੈ ‘ਇਸ ਵਕਤ ਤੀਕ ਅਸੀਂ ਅਜੇਹਾ ਕੁਝ ਵੀ ਤੈਅ ਨਹੀ ਕੀਤਾ।ਕਨੇਡੀਅਨ ਅਧਿਕਾਰੀ ਦੇ ਇਸ ਬਿਆਨ ਤੇ ਅਖਬਾਰ ਦੇ ਪ੍ਰਗਟਾਵੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਦਾਅਵਿਆਂ ਤੇ ਵਿਰਾਮ ਲਗਾ ਦਿੱਤਾ ਕਿ ‘ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਦੇ ਸਾਰਥਿਕ ਨਤੀਜੇ ਨਿਕਲਣਗੇ’।
ਅਖਬਾਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਟਰੂਡੋ ਤੇ ਉਸਦੇ ਵਫਦ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਮੁਲਕਾਂ ਦਰਮਿਆਨ ਦੋ-ਧਿਰੀ ਅਧਿਕਾਰਤ ਗਲਬਾਤ ਲਈ ਸਿਰਫ ਇਕ ਦਿਨ ਰੱਖਿਆ ਗਿਆ ਹੈ । ਅਖਬਾਰ ਅਨੁਸਾਰ ਦੋ ਧਿਰੀ ਮੁਲਾਕਾਤ ਦਾ ਏਜੰਡਾ ਵੀ ਲਗ ਭਗ ਤੈਅ ਹੈ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਸਟਿਨ ਟਰੂਡੋ ਦਰਮਿਆਨ ਪਿਛਲੇ ਮਹੀਨੇ ਸਵਿਟਜ਼ਰਲੈਂਡ ਵਿਖੇ ਹੋਈ ‘ਵਰਲਡ ਇਕਨਾਮਿਕ ਫੌਰਮ’ਮੌਕੇ ਹੋਈ ਮੁਲਾਕਾਤ ਦੀ ਗਲਬਾਤ ਨੂੰ ਅੱਗੇ ਤੋਰਨਾ ਹੈ ਤੇ ਇਹ ਮੁੱਦਾ ਹੈ ਕਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਰਾਜਦੂਤਕ ਅਧਿਕਾਰੀਆਂ ਤੇ ਲਗਾਈ ਗਈ ਪਾਬੰਦੀ ਦਾ।
ਅਖਬਾਰ ਦਾ ਕਹਿਣਾ ਹੈ ਕਿ ਭਾਵੇਂ ਕਨੇਡਾ ੱਿਵਚ ਵੱਡੀ ਗਿਣਤੀ ਸਿੱਖ ਖਾਲਿਸਤਾਨ ਲਹਿਰ ਦੇ ਹੱਕ ਵਿੱਚ ਨਹੀ ਹਨ ਫਿਰ ਭੀ ਪ੍ਰਧਾਨ ਮੰਤਰੀ ਟਰੂਡੋ ਦੀ ਨੀਤੀ ਰਹੇਗੀ ਕਿ ਇਸਨੂੰ ਮੁੱਦਾ ਨਾ ਬਣਾਇਆ ਜਾਏ।ਕਨੇਡਾ ਸਰਕਾਰ ਚਾਹੁੰਦੀ ਹੈ ਕਿ ਜਸਟਿਨ ਟਰੂਡੋ ਤੇ ਉਸਦੇ ਵਫਦ ਦੀ ਫੇਰੀ ਸਿੱਖ ਅਜਾਦੀ ਮਸਲੇ ਤੋਂ ਦੂਰ ਰੱਖੀ ਜਾਏ ।ਅਖਬਾਰ ਅਨੁਸਾਰ ਜੇ ਲੋੜ ਪਈ ਤਾਂ ਖਾਲਿਸਤਾਨ ਮੱੁਦੇ ਤੇ ਜੋ ਕੁਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿਣਾ ਹੈ ਉਹ ਵੀ ਤੈਅ ਹੋ ਚੱੁਕਿਆ ਹੈ।ਜੇ ਕਿਧਰੇ ਭਾਰਤੀ ਮੀਡੀਆ ਵਲੋਂ ਕਨੇਡਾ ਵਿੱਚ ਖਾਲਿਸਤਾਨ ਦਾ ਮੁੱਦਾ ਉਠਾਇਆ ਜਾਂਦਾ ਹੈ ਤਾਂ ਜਸਟਿਨ ਟਰੂਡੋ ਇਹੀ ਕਹਿਣਗੇ ਕਿ ‘ਕਨੇਡਾ ਅਖੰਡ ਭਾਰਤ ਦੀ ਹਮਾਇਤ ਕਰਦਾ ਹੈ ,ਕਿਸੇ ਵੀ ਤਰ੍ਹਾਂ ਦੇ ਅੱਤਵਾਦ ਦੀ ਹਮਾਇਤ ਨਹੀ ਕਰੇਗਾ ਲੇਕਿਨ ਇੰਡੋ ਕਨੇਡੀਅਨ ਸਿੱਖਾਂ ਵੱਲੋਂ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਦੀ ਹਮਾਇਤ ਵਿੱਚ ਬੋਲਣ ਦੀ ਅਜਾਦੀ ਨੂੰ ਕੁਚਲਣ ਦੀ ਗਲ ਨਹੀ ਕਰਨਗੇ’।
ਅਖਬਾਰ ਅਨੁਸਾਰ ਜਸਟਿਨ ਟਰੂਡੋ ਤਾਜ ਮਹਲ,ਜਾਮਾ ਮਸਜਿਦ,ਸਾਬਰਮਤੀ ਆਸ਼ਰਨ ਵੀ ਜਾ ਰਹੇ ਹਨ ।ਉਹ ਕੁਝ ਵਪਾਰਕ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰ ਰਹੇ ਹੈ। ਟਰੂਡੋ ਦੀ ਇਹ ਭਾਰਤ ਫੇਰੀ ਦੋਨਾਂ ਮੁਲਕਾਂ ਦਰਮਿਆਨ ਸਭਿਆਚਾਰ ਅਤੇ ਵਪਾਰਕ ਸਾਂਝ ਨੂੰ ਪੀਡਾ ਕਰਨ ਲਈ ਹੈ ।
Related Topics: Captain Amrinder Singh Government, Justin Trudeau, Narinder pal Singh, Sri Darbar Sahib