June 15, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਹਿੰਦੂਤਵੀ ਸੋਚ ਵਾਲੀ ਭਾਜਪਾ ਸਰਕਾਰ ਦੀ ਸ਼ਹਿ ਤੇ ਹਿੰਦੂਤਵੀ ਜਮਾਤਾਂ ਵਲੋਂ 21 ਜੂਨ ਨੂੰ ਦੇਸ਼ ਭਰ ਵਿੱਚ ਯੋਗਾ ਦਿਵਸ ਮਨਾਉਣ ਦਾ ਐਲਾਨ ਕਰਨਾ, ਇਹਨਾਂ ਦੀ ਘੱਟ ਗਿਣਤੀਆਂ ਪ੍ਰਤੀ ਮੁਤੱਸਵੀ ਸੋਚ ਦਾ ਪ੍ਰਗਟਾਵਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਇਹਨਾਂ ਵਲੋਂ ਐਲਾਨੇ ਸੰਭਾਵੀ ਯੋਗ ਦਿਵਸ ਦੇ ਸਮਾਨਅੰਤਰ ਸਿੱਖਾਂ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦੇਣਾ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਹਿੰਦੋਸਤਾਨ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ ਨਿਰਮਲ ਸਿੰਘ ਸੰਧੂ, ਜਰਨਲ ਸਕੱਤਰ ਸ ਲਵਸਿ਼ੰਦਰ ਸਿੰਘ ਡੱਲੇਵਾਲ, ਸ ਸੁਖਵਿੰਦਰ ਸਿੰਘ ਖਾਲਸਾ ਅਤੇ ਪੰਥਕ ਆਗੂ ਜਥੇਦਾਰ ਜੋਗਾ ਸਿੰਘ ਵਲੋਂ ਆਖਿਆ ਗਿਆ ਕਿ ਅੱਜ ਜਰੂਰਤ ਹੈ ਕਿ ਹਿੰਦੂਤਵੀਆਂ ਦੇ ਹਰ ਮਾਰੂ ਵਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਆਰਐੱਸਐੱਸ, ਵਰਗੀਆਂ ਹਿੰਦੂਤਵੀ ਜਥੇਬੰਦੀਆਂ ਵਲੋਂ ਯੋਗਾ ਦਿਵਸ ਦੇ ਬਹਾਨੇ ਦੇਸ਼ ਵਾਸੀਆਂ ਨੂੰ ਹਿੰਦੂਤਵੀ ਸੱਭਿਅਤਾ ਦੇ ਰੰਗ ਵਿੱਚ ਰੰਗਣ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ। ਜਿਸ ਤੋਂ ਹਰ ਸਿੱਖ ਨੂੰ ਸੁਚੇਤ ਹੁੰਦਿਆਂ ਇਸ ਤੋਂ ਦੂਰ ਰਹਿਣ ਦੀ ਜਰੂਰਤ ਹੈ।
ਅੱਜ ਹਰ ਸਿਆਸੀ ਪਾਰਟੀ ਅਤੇ ਵਿਆਕਤੀ ਵਿਸ਼ੇਸ਼ ਸਿੱਖ ਕੌਮ ਤੇ ਹੋਏ ਅੱਤਿਅਚਾਰਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਦਿੱਲੀ ਵਿੱਚ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਕਮਲ ਨਾਥ ਨੂੰ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਇੰਚਾਰਜ ਬਣਾਉਣਾ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਵਰਗਿਆਂ ਨੂੰ ਕਲੀਨ ਚਿੱਟਾਂ ਦੇਣੀਆਂ, ਪੰਜਾਬ ਵਿੱਚ ਖਾੜਕੂਵਾਦ ਦੀ ਆਮਦ ਦੇ ਬਹਾਨੇ ਆਏ ਦਿਨ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਆਦਿ ਫਿਰਕੂ ਜਮਾਤ ਦੇ ਅਕਸਰ ਹੀ ਕਾਲੇ ਕਾਰਨਾਮੇ ਰਹੇ ਹਨ ਅਤੇ ਅੱਜ ਵੀ ਹਨ।
ਸਿੱਖ ਕੌਮ ਦਾ ਨਿਸ਼ਾਨਾ ਕੇਵਲ ਆਜਾਦ ਸਿੱਖ ਰਾਜ ਖਾਲਿਸਤਾਨ ਹੈ, ਜਿਸ ਦੀ ਜੰਗੇ ਆਜ਼ਾਦੀ ਦੌਰਾਨ ਹਜ਼ਾਰਾਂ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਹਨ, ਅਨੇਕਾਂ ਸਿੱਖ ਪੁਲਿਸ ਤਸ਼ੱਦਦ ਕਾਰਨ ਸਰੀਰਕ ਤੌਰ ਤੇ ਨਾਕਾਰਾ ਕਰ ਦਿੱਤੇ ਗਏ ਅਤੇ ਲੰਬਾ ਸਮਾਂ ਜੇਹਲਾਂ ਵਿੱਚ ਬੰਦ ਰਹੇ, ਬਹੁਤ ਸਾਰੇ ਵਿਦੇਸ਼ਾਂ ਵਿੱਚ ਜਲਾਵਤਨੀ ਦਾ ਜੀਵਨ ਬਸਰ ਕਰਦੇ ਹੋਏ ਕੌਮੀ ਨਿਸ਼ਾਨੇ ਪ੍ਰਤੀ ਬਹੁਤ ਹੀ ਦ੍ਰਿੜਤਾ ਨਾਲ ਕੌਮੀ ਆਜਾਦੀ ਲਈ ਯਤਨਸ਼ੀਲ ਹੈ। ਸਿੱਖ ਜਥੇਬੰਦੀਆਂ ਵਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਛੋਟੇ ਮੋਟੇ ਆਪਸੀ ਵਖਰੇਵੇਂ ਪਾਸੇ ਰੱਖ ਕੇ ਖਾਲਿਸਤਾਨ ਲਈ ਯਤਨ ਕੀਤੇ ਜਾਣ ਤਾਂ ਕਿ ਸਿੱਖ ਕੌਮ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਰਚਰ ਪੱਖੋਂ ਸੁਰੱਖਿਅਤ ਹੋ ਸਕੇ।
Related Topics: Gatka Association, Loveshinder Singh Dallewal