December 27, 2016 | By ਹਮੀਰ ਸਿੰਘ
ਚੰਡੀਗੜ੍ਹ (ਹਮੀਰ ਸਿੰਘ): ਮੌਜੂਦਾ ਜਮਹੂਰੀ ਪ੍ਰਣਾਲੀ ਵਿੱਚ ਪਰਿਵਾਰਵਾਦ ਦੀ ਸਿਆਸਤ ਹਕੀਕੀ ਰੂਪ ਲੈ ਗਈ ਹੈ। ਪਰਿਵਾਰਕ ਮੁਖੀਆਂ ਵੱਲੋਂ ਆਪਣੇ ਧੀਆਂ-ਪੁੱਤਰਾਂ ਨੂੰ ਸਿਆਸੀ ਪੌੜੀਆਂ ਚੜ੍ਹਨ ਵਿੱਚ ਸਹਾਈ ਹੋਣ ਦੀਆਂ ਅਨੇਕ ਉਦਾਹਰਣਾਂ ਹਨ ਪ੍ਰੰਤੂ 2017 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਰਿਵਾਰਕ ਮੈਂਬਰਾਂ ਦੀ ਟਿਕਟ ਦੀ ਚਾਹਤ ਨੇ ਆਪਸੀ ਟਕਰਾਅ ਬਗਾਵਤੀ ਹੱਦ ਤੱਕ ਵਧਾ ਦਿੱਤਾ ਹੈ। ਕਈ ਪਿਤਾ-ਪੁੱਤਰ, ਤਾਏ-ਭਤੀਜੇ, ਭਰਾ-ਭੈਣਾਂ ਟਿਕਟ ਦੀ ਚਾਹਤ ਵਿੱਚ ਇੱਕ-ਦੂਸਰੇ ਨੂੰ ਠਿੱਬੀ ਲਗਾਉਣ ਦੀ ਦੌੜ ਵਿੱਚ ਹਨ।
ਕਾਂਗਰਸ ਦੇ 75 ਸਾਲਾ ਆਗੂ ਗੁਰਚੇਤ ਸਿੰਘ ਭੁੱਲਰ ਆਪਣੇ ਬੇਟੇ ਸੁਖਪਾਲ ਸਿੰਘ ਭੁੱਲਰ ਦੀ ਟਿਕਟ ਕਟਵਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਤੱਕ ਚਲੇ ਗਏ। ਉਨ੍ਹਾਂ ਆਪਣੇ ਦੋਵਾਂ ਪੁੱਤਰਾਂ ਵਿੱਚੋਂ ਕਿਸੇ ਨੂੰ ਵੀ ਟਿਕਟ ਨਾ ਦੇਣ ਦੀ ਅਪੀਲ ਕਰਦਿਆਂ ਖੁਦ ਦਾਅਵੇਦਾਰੀ ਪੇਸ਼ ਕੀਤੀ ਸੀ। ਗੁਰਚੇਤ ਸਿੰਘ ਖੁਦ ਮਰਹੂਮ ਬੇਅੰਤ ਦੀ ਸਰਕਾਰ ਵਿੱਚ ਮੰਤਰੀ ਅਤੇ ਦੋ ਵਾਰ ਵਿਧਾਇਕ ਰਹੇ ਹਨ। 2007 ਅਤੇ 2012 ਦੀ ਚੋਣ ਵਿੱਚ ਵੀ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਅਸਫਲ ਰਹੇ ਸਨ। ਕਾਂਗਰਸ ਨੇ ਤਰਨ ਤਾਰਨ ਕਾਂਗਰਸ ਕਮੇਟੀ ਦੇ ਪ੍ਰਧਾਨ ਉਨ੍ਹਾਂ ਦੇ ਬੇਟੇ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਨਾਲ ਨਿਵਾਜ ਦਿੱਤਾ ਤਾਂ ਪਿਤਾ ਅਤੇ ਦੂਸਰਾ ਪੁੱਤਰ ਅਨੂਪ ਸਿੰਘ ਭੁੱਲਰ ਬਾਗੀ ਤੌਰ ’ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ।
ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਵਿੱਚੋਂ ਫਿਲਹਾਲ ਆਪਣੀਆਂ 23 ਸੀਟਾਂ ਵਿੱਚੋਂ ਕਿਸੇ ਉੱਤੇ ਵੀ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਇਸ ਦੇ ਲੁਧਿਆਣਾ (ਕੇਂਦਰੀ) ਸੀਟ ਤੋਂ ਤਿੰਨ ਵਾਰ ਵਿਧਾਇਕ ਰਹੇ ਸੱਤਪਾਲ ਗੋਸਾਈਂ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ। ਭਾਜਪਾ ਵੱਲੋਂ 75 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਟਿਕਟ ਨਾ ਦੇਣ ਕਾਰਨ 78 ਸਾਲਾ ਗੋਸਾਈਂ ਦੇ ਪੁੱਤਰ, ਬੇਟੀ, ਪੋਤਰਾ ਅਤੇ ਬੇਟੀ ਦਾ ਦਿਓਰ ਸਮੇਤ ਸਾਰੇ ਹੀ ਟਿਕਟ ਦੇ ਦਾਅਵੇਦਾਰ ਹਨ। ਉਨ੍ਹਾਂ ਦਾ ਉਦਯੋਗਪਤੀ ਪੁੱਤਰ ਸੁਦਰਸ਼ਨ ਗੋਸਾਈਂ, ਬੇਟੀ ਰਾਜੇਸ਼ਵਰੀ ਗੋਸਾਈਂ, ਪੋਤਰੇ ਅਤੇ ਯੁਵਾ ਮੋਰਚਾ ਆਗੂ ਅਮਿਤ ਗੋਸਾਈਂ ਟਿਕਟ ਦੀ ਦੌੜ ਵਿੱਚ ਹਨ। ਇੱਥੋਂ ਤੱਕ ਕਿ ਰਾਜੇਸ਼ਵਰੀ ਦਾ ਦਿਓਰ ਗੁਰਦੇਵ ਸ਼ਰਮਾ ਟਿਕਟ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ।
ਕਾਂਗਰਸ ਦੇ ਮੁੱਖ ਸੰਸਦੀ ਸਕੱਤਰ ਰਹੇ, ਬਟਾਲਾ ਤੋਂ ਮੌਜੂਦਾ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਸ਼ਵਨੀ ਸੇਖੜੀ ਲਈ ਸਭ ਤੋਂ ਵੱਡੀ ਸਿਰਦਰਦੀ ਉਨ੍ਹਾਂ ਦੇ ਭਰਾ ਇੰਦਰ ਸੇਖੜੀ ਬਣ ਗਏ ਹਨ। ਇੰਦਰ ਸੇਖੜੀ 1985 ਤੋਂ ਅਸ਼ਵਨੀ ਦੀ ਚੋਣਾਂ ਵਿੱਚ ਮੱਦਦ ਕਰਦੇ ਆ ਰਹੇ ਹਨ। ਪਿਛਲੇ ਸਮੇਂ ਦੌਰਾਨ ਨਗਰ ਪਾਲਿਕਾ ਚੋਣਾਂ ਵਿੱਚ ਭਾਜਪਾ ਨਾਲ ਮਿਲ ਕੇ ਕੀਤੇ ਫ਼ੈਸਲੇ ਕਰਕੇ ਨਾਰਾਜ਼ ਕਾਂਗਰਸੀਆਂ ਦੇ ਇੱਕ ਵੱਡੇ ਹਿੱਸੇ ਨੇ ਇੰਦਰ ਸੇਖੜੀ ਨੂੰ ਟਿਕਟ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਕਰਵਾਏ ਗਏ ਸਰਵੇਖਣ ਕਾਰਨ ਵੀ ਅਸ਼ਵਨੀ ਸੇਖੜੀ ਦੀ ਟਿਕਟ ਉੱਤੇ ਸੰਕਟ ਦੇ ਬੱਦਲ ਛਾਏ ਰਹੇ ਪ੍ਰੰਤੂ ਉਹ ਟਿਕਟ ਲੈਣ ਵਿੱਚ ਕਾਮਯਾਬ ਰਹੇ। ਇਸ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਹੇ ਹਨ ਅਤੇ ਅਸ਼ਵਨੀ ਨੂੰ ਨਾ ਜਿੱਤਣ ਦੇਣ ਦੇ ਐਲਾਨ ਵੀ ਕਰ ਦਿੱਤੇ ਗਏ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸੰਤੋਖ ਸਿੰਘ ਰੰਧਾਵਾ ਦਾ ਪਰਿਵਾਰ ਵੀ ਆਪਸ ਵਿੱਚ ਉਲਝ ਰਿਹਾ ਹੈ। ਇਨ੍ਹਾਂ ਦੇ ਦੋਵਾਂ ਪੁੱਤਰਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਨੇ ਡੇਰਾ ਬਾਬਾ ਨਾਨਕ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ ਸੀ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਅਤੇ ਵੱਡੇ ਭਾਈ ਇੰਦਰਜੀਤ ਸਿੰਘ ਨੇ ਛੋਟੇ ਨੂੰ ਨਾ ਜਿੱਤਣ ਦਾ ਖੁੱਲ੍ਹੇਆਮ ਐਲਾਨ ਕਰ ਦਿੱਤਾ ਹੈ।
ਨਵਾਂਸ਼ਹਿਰ ਤੋਂ ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਮਰਹੂਮ ਦਿਲਬਾਗ ਸਿੰਘ ਦਾ ਪਰਿਵਾਰ ਆਹਮੋ-ਸਾਹਮਣੇ ਹੈ। ਦਿਲਬਾਗ ਸਿੰਘ ਦਾ ਪੋਤਰਾ ਅੰਗਦ ਸੈਣੀ ਆਪਣੇ ਤਾਏ ਚਰਨਜੀਤ ਚੰਨੀ ਨਾਲ ਦੋ-ਦੋ ਹੱਥ ਕਰੇਗਾ। ਅੰਗਦ 25 ਸਾਲਾਂ ਦਾ ਹੋ ਜਾਣ ’ਤੇ ਮੌਜੂਦਾ ਕਾਂਗਰਸ ਵਿਧਾਇਕ ਅਤੇ ਉਸ ਦੀ ਮਾਤਾ ਇਕਬਾਲ ਕੌਰ ਨੇ ਪੁੱਤਰ ਲਈ ਸੀਟ ਖਾਲੀ ਛੱਡ ਦਿੱਤੀ। ਚੰਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਇਸ ਤੋਂ ਪਹਿਲਾਂ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ ਹੋਈ ਚੋਣ ਵਿੱਚ ਵੀ ਚੰਨੀ ਨੇ ਆਪਣੀ ਮਾਤਾ ਖਿਲਾਫ਼ ਵੀ ਚੋਣ ਲੜੀ ਸੀ।
ਪੰਜਾਬ ਦੇ ਇੱਕੋ-ਇੱਕ ਮੁਸਲਮਾਨ ਵਿਧਾਇਕ ਭੇਜਣ ਵਾਲੇ ਵਿਧਾਨ ਸਭਾ ਹਲਕੇ ਵਿੱਚ ਵੀ ਭੈਣ ਅਤੇ ਭਰਾ ਵਿਚਾਲੇ ਟੱਕਰ ਹੋਣ ਦੀ ਸੰਭਾਵਨਾ ਹੈ। ‘ਆਪ’ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਅਰਸ਼ਦ ਡਾਲੀ ਕਾਂਗਰਸ ਦੀ ਸਾਬਕਾ ਵਿਧਾਇਕ ਅਤੇ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਰਜ਼ੀਆ ਸੁਲਤਾਨਾ ਦੇ ਭਰਾ ਹਨ।
ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਮਰਹੂਮ ਜ਼ੋਰਾ ਸਿੰਘ ਮਾਨ ਦੇ ਦੋਵੇਂ ਪੁੱਤਰ ਟਿਕਟ ਦੀ ਤਲਾਸ਼ ਵਿੱਚ ਸਨ। ਵਰਦੇਵ ਸਿੰਘ ਮਾਨ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਗੁਰੂਹਰਸਹਾਇ ਤੋਂ ਟਿਕਟ ਦੇ ਦਿੱਤੀ ਹੈ ਤਾਂ ਦੂਸਰੇ ਭਰਾ ਨਰਦੇਵ ਮਾਨ ਨੇ ਹੋਰ ਪਾਰਟੀ ਵਿੱਚ ਜਗ੍ਹਾ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਸੂਚਨਾ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂਆਂ ਨਾਲ ਉਸ ਨੇ ਅਬੋਹਰ ਤੋਂ ਚੋਣ ਲੜਨ ਸਬੰਧੀ ਸਮਝੌਤੇ ਨੂੰ ਅੰਜਾਮ ਦੇ ਵੀ ਦਿੱਤਾ ਸੀ ਤਾਂ ਆਖਰੀ ਮੌਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਨ ਦੀ ਭਾਜਪਾ ਵਿੱਚ ਸ਼ਮੂਲੀਅਤ ਰੁਕਵਾ ਦਿੱਤੀ।
(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)
Related Topics: Badal Dal, Congress Government in Punjab 2017-2022, Hamir Singh, Indian Politics, Punjab BJP, Punjab Elections 2017 (ਪੰਜਾਬ ਚੋਣਾਂ 2017), Punjab Politics, Punjab Polls 2017