ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਮੱਲ ਸਿੰਘ ਦੇ ਅੰਤਮ ਸਸਕਾਰ ‘ਚ ਹਾਜ਼ਰ ਹੋਏ ਧਾਰਮਿਕ ਅਤੇ ਸਿਆਸੀ ਆਗੂ, ਅੰਤਮ ਅਰਦਾਸ 24 ਅਗਸਤ ਨੂੰ

August 16, 2017 | By

ਅਨੰਦਪੁਰ ਸਾਹਿਬ: ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਗਿਆਨੀ ਮੱਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਇਥੇ ਤਖਤ ਸਾਹਿਬ ਦੇ ਬਾਹਰਵਾਰ ਸਰੋਵਰ ਨਾਲ ਲਗਦੇ ਮੈਦਾਨ ਵਿਖੇ ਕਰ ਦਿੱਤਾ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਇੱਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਜਿਥੇ ਉਨ੍ਹਾਂ ਨੇ ਕੱਲ੍ਹ ਅੰਤਮ ਸਵਾਸ ਲਏ। ਅੰਤਮ ਅਰਦਾਸ ਗਿਆਨੀ ਗੁਰਬਚਨ ਸਿੰਘ ਨੇ ਕੀਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇ ਦਿਖਾਈ।

ਗਿਆਨੀ ਮੱਲ ਸਿੰਘ ਦੇ ਅੰਤਮ ਸਸਕਾਰ 'ਚ ਹਾਜ਼ਰ ਹੋਏ ਧਾਰਮਿਕ ਅਤੇ ਸਿਆਸੀ ਆਗੂ

ਗਿਆਨੀ ਮੱਲ ਸਿੰਘ ਦੇ ਅੰਤਮ ਸਸਕਾਰ ‘ਚ ਹਾਜ਼ਰ ਹੋਏ ਧਾਰਮਿਕ ਅਤੇ ਸਿਆਸੀ ਆਗੂ

ਇਸ ਮੌਕੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਬਚਨ ਸਿੰਘ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਗਿਆਨੀ ਹਰਪ੍ਰੀਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਚਾਵਲਾ, ਬਾਬਾ ਹਰਨਾਮ ਸਿੰਘ ਧੁੰਮਾ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਪੂਰਨ ਸਿੰਘ, ਪ੍ਰੋ: ਮਨਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਰਣਜੀਤ ਸਿੰਘ ਤਲਵੰਡੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਲਾਭ ਸਿੰਘ ਕਿਲ੍ਹਾ ਨੰਦਗੜ੍ਹ ਵਾਲੇ, ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ, ਪੰਜਾਬ ਸਰਕਾਰ ਵੱਲੋਂ ਬੀਬੀ ਗੁਰਨੀਤ ਤੇਜਾ ਆਈ.ਏ.ਐਸ. ਡਿਪਟੀ ਕਮਿਸ਼ਨਰ ਰੂਪਨਗਰ ਆਦਿ ਹਾਜ਼ਰ ਸਨ।

ਗਿਆਨੀ ਮੱਲ ਸਿੰਘ (ਫਾਈਲ ਫੋਟੋ)

ਗਿਆਨੀ ਮੱਲ ਸਿੰਘ (ਫਾਈਲ ਫੋਟੋ)

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਗਿਆਨੀ ਮੱਲ ਸਿੰਘ ਦਾ ਜਨਮ 1 ਅਪ੍ਰੈਲ 1955 ਨੂੰ ਪਿਤਾ ਸ. ਸਰਵਣ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਦੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਮਹਾਨ ਵਿਦਵਾਨਾਂ ਨਿਰਮਲਾ ਸੰਪ੍ਰਦਾਇ ਦੇ ਮਹੰਤ ਭਾਗ ਸਿੰਘ ਤੇ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਪਾਸੋਂ ਗੁਰਮਤਿ, ਗੁਰਬਾਣੀ ਤੇ ਇਤਿਹਾਸ ਦੀ ਤਾਮੀਲ ਹਾਸਲ ਕੀਤੀ। ਉਨ੍ਹਾਂ ਨੇ 8 ਜੁਲਾਈ 1979 ਨੂੰ ਬਤੌਰ ਕਥਾਵਾਚਕ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾਵਾਂ ਸ਼ੁਰੂ ਕੀਤੀਆਂ। ਆਪ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਫਿਰ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਬਤੌਰ ਹੈਡ ਗ੍ਰੰਥੀ ਸੇਵਾ ਨਿਭਾਈ। ਇਸ ਅਰਸੇ ਦੌਰਾਨ ਆਪ ਨੇ 16 ਪੁਸਤਕਾਂ ਲਿਖੀਆਂ। ਗਿਆਨੀ ਮੱਲ ਸਿੰਘ ਨੂੰ 22-08-2013 ਨੂੰ ਸ਼੍ਰੋਮਣੀ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,