August 17, 2010 | By ਕਰਮਜੀਤ ਸਿੰਘ ਚੰਡੀਗੜ੍ਹ
ਚੰਡੀਗੜ੍ਹ/ਪਟਿਆਲਾ (17 ਅਗਸਤ, 2010 – ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ। ਪਟਿਆਲਾ ਵਿਚ ਗੁਰਮਤਿ ਰੀਤਾਂ ਮੁਤਾਬਕ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਉਹ ਆਪਣੇ ਪਿਛੇ ਆਪਣੀ ਪਤਨੀ ਸਰਤਾਜ ਕੌਰ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਅੰਤਮ ਸਸਕਾਰ ਦੇ ਮੌਕੇ ਰਾਜਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਚੋਟੀ ਦੇ ਆਗੂ ਹਾਜ਼ਰ ਸਨ। ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਸ. ਸੁਰਿੰਦਰ ਪਾਲ ਸਿੰਘ ਪੰਚ ਪ੍ਰਧਾਨੀ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੇ ਰਿਸ਼ਤੇ ਵਜੋਂ ਸਾਂਢੂ ਲਗਦੇ ਸਨ ਜੋ ਪਿਛਲੇ ਇਕ ਸਾਲ ਤੋਂ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿਚ ਨਜ਼ਰਬੰਦ ਹਨ। ਉਨ੍ਹਾਂ ਦਾ ਜੱਦੀ ਪਿੰਡ ਠਰੂਆ ਹੈ ਜੋ ਪਾਤੜਾਂ ਤਹਿਸੀਲ ਵਿਚ ਪੈਂਦਾ ਹੈ।
ਭਾਈ ਸੁਰਿੰਦਰ ਪਾਲ ਸਿੰਘ ਦਾ ਜੀਵਨ ਅਣਗਿਣਤ ਘਟਨਾਵਾਂ ਨਾਲ ਭਰਪੂਰ ਇਕ ਅਜਿਹੀ ਦਾਸਤਾਨ ਹੈ ਜੋ ਉਨ੍ਹਾਂ ਦੇ ਅਣਗਿਣਤ ਸਾਥੀਆਂ ਅਤੇ ਦੋਸਤਾਂ ਮਿੱਤਰਾਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੇ ਸੁਰਿੰਦਰ ਪਾਲ ਸਿੰਘ ਨੂੰ ਰੂਪੋਸ਼ ਜੀਵਨ ਦੌਰਾਨ ਵੀ ਅਤੇ ਉਸ ਤੋਂ ਬਾਅਦ ਵੀ ਅਨੇਕਾਂ ਉਤਰਾਵਾਂ-ਚੜ੍ਹਾਵਾਂ ਦੌਰਾਨ ਬਹੁਤ ਨੇੜੇ ਹੋ ਕੇ ਵੇਖਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ (ਹਿਸਟਰੀ) ਅਤੇ ਐਮ ਫਿਲ (ਹਿਸਟਰੀ) ਦੀ ਪੜ੍ਹਾਈ ਦੌਰਾਨ ਹੀ ਉਹ ਹੋਰਨਾਂ ਹਜ਼ਾਰਾਂ ਨੌਜਵਾਨਾਂ ਵਾਂਗ ਜੁਝਾਰੂ ਲਹਿਰ ਵਿਚ ਸ਼ਾਮਲ ਹੋ ਗਏ ਅਤੇ ਛੇਤੀ ਹੀ ਚੋਟੀ ਦੇ ਆਗੂਆਂ ਵਿੱਚ ਉਨ੍ਹਾਂ ਦੀ ਗਿਣਤੀ ਹੋਣ ਲੱਗੀ। ਦਸਿਆ ਜਾਂਦਾ ਹੈ ਕਿ ਜੁਝਾਰੂ ਲਹਿਰ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵਿਚ ਇਕ ਸਰਗਰਮ ਤਾਲ-ਮੇਲ ਕਰਨ ਅਤੇ ਉਨ੍ਹਾਂ ਵਿਚ ਭਰਾਤਰੀ ਭਾਵ ਦੇ ਰਿਸ਼ਤੇ ਕਾਇਮ ਕਰਨ ਵਿਚ ਸੁਰਿੰਦਰ ਪਾਲ ਸਿੰਘ ਦੇ ਰੋਲ ਨੂੰ ਜਾਗਦੇ ਲੋਕਾਂ ਦਾ ਇਤਿਹਾਸ ਸਦਾ ਯਾਦ ਰਖੇਗਾ। ਲਹਿਰ ਦੌਰਾਨ ਪੁਲਿਸ ਨੇ ਉਨ੍ਹਾਂ ਉਤੇ ਜਿਸਮਾਨੀ ਅਤੇ ਮਾਨਸਿਕ ਤਸ਼ੱਦਦ ਦਾ ਇਕ ਅਜਿਹਾ ਦੌਰ ਚਲਾਇਆ ਕਿ ਗੁਝੀਆਂ ਸੱਟਾਂ ਨੇ ਉਨ੍ਹਾਂ ਦੇ ਜਿਸਮ ਨੂੰ ਭੰਨ-ਤੋੜ ਦਿਤਾ ਸੀ ਪਰ ਫਿਰ ਵੀ ਉਨ੍ਹਾਂ ਦਾ ਆਤਮਕ ਬਲ ਇੰਨਾ ਉੱਚਾ, ਮਜ਼ਬੂਤ ਤੇ ਦ੍ਰਿੜ ਇਰਾਦੇ ਵਾਲਾ ਸੀ ਕਿ 7-8 ਸਾਲ ਦੀ ਜੇਲ੍ਹ ਭੁਗਤਣ ਪਿਛੋਂ ਵੀ ਉਹ ਚੁਪ ਕਰਕੇ ਨਹੀਂ ਬੈਠੇ ਅਤੇ ਜੁਝਾਰੂ ਲਹਿਰ ਦੇ ਦਰਦ ਨੂੰ ਉੱਚੀ ਕਿਸਮ ਦਾ ਬੌਧਿਕ ਤੇ ਰਾਜਨੀਤਕ ਸਰੂਪ ਦੇਣ ਲਈ ਜੁੱਟ ਗਏ। ਲਹਿਰ ਦੇ ਡਿੱਗ ਜਾਣ ਪਿਛੋਂ ਉਨ੍ਹਾਂ ਨੇ ਘਰਾਂ ਵਿਚ ਖਾਮੋਸ਼ ਬੈਠੇ ਸਾਥੀਆਂ ਨੂੰ ਹੌਂਸਲਾ ਦੇ ਕੇ ਖੜ੍ਹਾ ਕੀਤਾ, ਉਨ੍ਹਾਂ ਨੂੰ ਜਥੇਬੰਦ ਕੀਤਾ ਅਤੇ ਇਸ ਕਾਰਜ ਵਿਚ ਵੱਡੀ ਸਫ਼ਲਤਾ ਵੀ ਹਾਸਲ ਕੀਤੀ।
ਜੁਝਾਰੂ ਲਹਿਰ ਦੇ ਮੱਧਮ ਹੋਣ ਪਿਛੋਂ ਅਤੇ ਜੇਲ੍ਹ ਦੀ ਜ਼ਿੰਦਗੀ ਨੇ ਉਨ੍ਹਾਂ ਦੇ ਜੀਵਨ ਵਿਚ ਇਕ ਵੱਡਾ ਤੇ ਹੈਰਾਨਕੁੰਨ ਠਰੰਮਾ, ਸਹਿਜ, ਧੀਰਜ ਤੇ ਦ੍ਰਿੜਤਾ ਲੈ ਆਂਦੀ ਸੀ ਅਤੇ ਲਹਿਰ ਦੇ ਡਿੱਗਣ ਦੇ ਕਾਰਨਾਂ ਉਤੇ ਉਨ੍ਹਾਂ ਨੇ ਗੰਭੀਰ ਵਿਚਾਰਾਂ ਦਾ ਇਕ ਸਿਲਸਿਲਾ ਤੇ ਮਾਹੌਲ ਪੈਦਾ ਕਰ ਦਿਤਾ। ਇਸ ਦਿਸ਼ਾ ਵਿਚ ‘ਸ਼ਹਾਦਤ ਇੰਟਰਨੈਸ਼ਨਲ’ ਦਾ ਉੱਚੀ ਪੱਧਰ ਦੇ ਵਿਚਾਰਾਂ ਦਾ ਮੈਗ਼ਜ਼ੀਨ ਕੱਢਣ ਵਿਚ ਉਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ। ਜਦੋਂ ਇਹ ਮੈਗ਼ਜ਼ੀਨ ਮਾਲੀ ਮੁਸ਼ਕਲਾਂ ਅਤੇ ਅਣਦਿਸਦੀਆਂ ਰੁਕਾਵਟਾਂ ਕਾਰਨ ਬੰਦ ਹੋ ਗਿਆ ਤਾਂ ਛੇਤੀ ਹੀ ‘ਸਿੱਖ ਸ਼ਹਾਦਤ’ ਲੁਧਿਆਣਾ ਤੋਂ ਸ਼ੁਰੂ ਕਰਨ ਵਿਚ ਵੀ ਉਨ੍ਹਾਂ ਦਾ ਮਹੱਤਵਪੂਰਨ ਰੋਲ ਹੈ।
ਖਾੜਕੂ ਸਿੱਖ ਉਸ ਲਹਿਰ ਦੇ ਡਿੱਗ ਜਾਣ ਕਾਰਨ ਪੰਜਾਬ ਵਿਚ ਜਿਹੜਾ ਉਦਾਸ ਖਲਾਅ ਪੈਦਾ ਹੋ ਗਿਆ ਸੀ ਉਸ ਨੂੰ ਭਰਨ ਵਿਚ ਵੀ ਭਾਈ ਸੁਰਿੰਦਰ ਪਾਲ ਸਿੰਘ ਸਾਡੀਆਂ ਯਾਦਾਂ ਵਿਚ ਕਾਇਮ ਰਹੇਗਾ। ਇਹ ਸੁਰਿੰਦਰ ਪਾਲ ਸਿੰਘ ਹੀ ਸੀ ਜਿਸ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਵੇਂ ਸਿਰਿਉਂ ਪੁਨਰ ਗਠਨ ਕਰਨ ਲਈ ਸਖਤ ਤੇ ਸਾਰਥਕ ਕੋਸ਼ਿਸ਼ ਕੀਤੀ ਅਤੇ ਇਸ ਇਤਿਹਾਸਕ ਜਥੇਬੰਦੀ ਦੀ ਅਗਵਾਈ ਲਈ ਇਹੋ ਜਿਹੇ ਸੁਲਝੇ, ਚੇਤੰਨ, ਸੰਜੀਦਾ ਅਤੇ ਸੁਹਿਰਦ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਿਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿਚ ਆਈ ਖੜੋਤ ਨੂੰ ਨਾ ਸਿਰਫ ਤੋੜਿਆ ਸਗੋਂ ਮੁਸ਼ਕਿਲ ਤੋਂ ਮੁਸ਼ਕਿਲ ਵਾਲੀਆਂ ਹਾਲਤਾਂ ਵਿਚ ਵੀ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਇਹੋ ਜਿਹੇ ਪ੍ਰੋਗਰਾਮ ਦਿਤੇ, ਇਹੋ ਜਿਹੇ ਸੈਮੀਨਾਰ ਕਰਵਾਏ ਜਿਸ ਨਾਲ ਮੁਰਝਾ ਚੁੱਕੀ ਇਸ ਜਥੇਬੰਦੀ ਵਿਚ ਇਕ ਨਵੀਂ ਰੂਹ ਫੂਕੀ ਗਈ। ਇਹ ਇਕ ਅਜਿਹਾ ਦੌਰ ਸੀ ਜਦੋਂ ਸਰਕਾਰ ਨੇ ਜੁਝਾਰੂ ਲਹਿਰ ਨੂੰ ਬਦਨਾਮ ਕਰਨ ਦੀ ਵੱਡੀ ਪੱਧਰ ਉਤੇ ਜਥੇਬੰਦਕ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਪਰ ਸੁਰਿੰਦਰ ਪਾਲ ਸਿੰਘ ਨੇ ਫਿਰ ਵੀ ਹੌਂਸਲਾ ਨਹੀਂ ਛੱਡਿਆ ਅਤੇ ਉਸ ਸਮੇਂ ਜੇਲ੍ਹ ਵਿਚ ਨਜ਼ਰਬੰਦ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿਚ ਸ਼੍ਰੋਮਣੀ ਖ਼ਾਲਸਾ ਦਲ ਨਾਂ ਦੀ ਜਥੇਬੰਦੀ ਕਾਇਮ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਬਾਅਦ ਵਿਚ ਇਹ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ’ ਵਿਚ ਸ਼ਾਮਲ ਹੋ ਗਈ। ਜਦੋਂ ਭਾਈ ਸੁਰਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਅਣਗਿਣਤ ਸਾਥੀਆਂ ਨੂੰ ਮਹਿਸੂਸ ਹੋਇਆ ਕਿ ਅੰਤਰਰਾਸ਼ਟਰੀ ਹਾਲਤਾਂ ਦੇ ਪ੍ਰਸੰਗ ਵਿਚ ਅਤੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿਚ ਉਹ ਇਸ ਪਾਰਟੀ ਵਿਚ ਰਹਿ ਕੇ ਪਾਰਟੀ ਨੂੰ ਨਵੀਆਂ ਲੀਹਾਂ ’ਤੇ ਠੋਸ ਦਿਸ਼ਾ ਨਹੀਂ ਦੇ ਸਕਣਗੇ ਤਾਂ ਉਸ ਪਿਛੋਂ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਸਥਾਪਨਾ ਕੀਤੀ ਗਈ।
ਤਿਹਾੜ ਜੇਲ੍ਹ ਵਿਚ ਨਜ਼ਰਬੰਦ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕ ਮੰਚ ਉਤੇ ਲਿਆਉਣ ਅਤੇ ਉਨ੍ਹਾਂ ਵਿਚ ਤਾਲਮੇਲ ਕਾਇਮ ਕਰਨ ਵਿਚ ਵੀ ਭਾਈ ਸੁਰਿੰਦਰ ਪਾਲ ਸਿੰਘ ਦੇ ਰੋਲ ਨੂੰ ਅਹਿਮ ਗਿਣਿਆ ਜਾਂਦਾ ਹੈ।
ਅੱਜ ਉਨ੍ਹਾਂ ਦੇ ਸੰਸਕਾਰ ਦੇ ਮੌਕੇ ’ਤੇ ਜਿਹੜੀਆਂ ਰਾਜਸੀ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਚੋਟੀ ਦੇ ਆਗੂ ਸ਼ਾਮਲ ਹੋਏ ਉਨ੍ਹਾਂ ਵਿਚ ਭਾਈ ਜਸਵੀਰ ਸਿੰਘ ਖਡੂਰ, ਭਾਈ ਦਰਸ਼ਨ ਸਿੰਘ ਜਗਾਰਾਮ ਤੀਰਥ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਖੁਸ਼ਹਾਲ ਸਿੰਘ (ਪ੍ਰਿੰਸੀਪਲ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ, ਚੰਡੀਗੜ੍ਹ), ਬਾਬਾ ਹਰਦੀਪ ਸਿੰਘ ਮਹਿਰਾਜ (ਕਾਰਸੇਵਾ ਵਾਲੇ), ਭਾਈ ਜਸਵੰਤ ਸਿੰਘ ਖ਼ਾਲਸਾ (ਏਕ ਨੂਰ ਫੌਜ), ਭਾਈ ਰਾਜਿੰਦਰ ਸਿੰਘ ਖ਼ਾਲਸਾ ਅਤੇ ਭਾਈ ਰਵਿੰਦਰ ਸਿੰਘ (ਖ਼ਾਲਸਾ ਪੰਚਾਇਤ), ਭਾਈ ਸਤਨਾਮ ਸਿੰਘ ਪੌਂਟਾ (ਦਲ ਖ਼ਾਲਸਾ), ਭਾਈ ਐਮ ਪੀ ਸਿੰਘ (ਅਕਾਲੀ ਦਲ ਅੰਮ੍ਰਿਤਸਰ), ਭਾਈ ਪਰਮਜੀਤ ਸਿੰਘ ਗਾਜ਼ੀ (ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਸੇਵਕ ਸਿੰਘ (ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਮੱਖਣ ਸਿੰਘ (ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਹਰਜਿੰਦਰ ਸਿੰਘ ਮਾਂਗਟ (ਐਡੀਟਰ ਸ਼ਹਾਦਤ), ਪ੍ਰੋ. ਹਰਜਿੰਦਰ ਸਿੰਘ (ਖ਼ਾਲਸਾ ਕਾਲਜ ਅਨੰਦਪੁਰ ਸਾਹਿਬ), ਭਾਈ ਕਸ਼ਮੀਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਕਈ ਪ੍ਰੋਫੈਸਰ, ਵਿਦਿਆਰਥੀ ਅਤੇ ਸਥਾਨਕ ਆਗੂ ਸ਼ਾਮਲ ਸਨ। ਇਸ ਤੋਂ ਇਲਾਵਾ ਭਾਈ ਦਲਜੀਤ ਸਿੰਘ ਬਿੱਟੂ ਦੀ ਪਤਨੀ ਅੰਮ੍ਰਿਤ ਕੌਰ ਅਤੇ ਭਾਈ ਦਲਜੀਤ ਸਿੰਘ ਦੇ ਪਿਤਾ ਸ. ਅਜੀਤ ਸਿੰਘ ਸਿੱਧੂ ਅਤੇ ਭਾਈ ਦਲਜੀਤ ਸਿੰਘ ਦੇ ਸਾਥੀ ਗੁਰਸ਼ਰਨ ਸਿੰਘ ਗਾਮਾ, ਹਨੀ ਅਤੇ ਸਨੀ ਵੀ ਸਸਕਾਰ ਮੌਕੇ ਹਾਜ਼ਰ ਸਨ।
Related Topics: Akali Dal Panch Pardhani, Bhai Surinderpal Singh, Sikh Struggle, Sikh Students Federation