June 19, 2017 | By ਸਿੱਖ ਸਿਆਸਤ ਬਿਊਰੋ
ਲਾਹੌਰ: ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਇਆ ਗਿਆ। ਇਸ ਮੌਕੇ ਓਕਾਫ਼ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਨੇ ਐਲਾਨ ਕੀਤਾ ਕਿ ਓਕਾਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਹੌਰ ਵਿੱਚ ਬੰਦ ਪਏ ਗੁਰਦੁਆਰਾ ਦੀਵਾਨ ਖਾਨਾ ਅਤੇ ਨਨਕਾਣਾ ਸਾਹਿਬ ਵਿਖੇ ਸਥਿਤ ਭਾਈ ਮਰਦਾਨਾ ਜੀ ਦੇ ਘਰ ਦਾ ਕੰਮ ਵੀ ਜਲਦ ਆਰੰਭਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਨਵੀਆਂ ਸਰਾਂਵਾਂ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਹ ਸਾਰੀਆਂ ਤਿਆਰੀਆਂ ਗੁਰੂ ਨਾਨਕ ਪਾਤਸ਼ਾਹ ਦੇ 2019 ਵਿੱਚ ਵੱਡੇ ਪੱਧਰ ‘ਤੇ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪਵਿੱਤਰ ਸ਼ਹਿਰ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ ਜਾਵੇਗਾ।
ਨਨਕਾਣਾ ਸਾਹਿਬ ਵਿਖੇ ਸਥਿਤ 6 ਹੋਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਦਾ ਕੰਮ ਵੀ ਆਰੰਭ ਹੋ ਜਾਵੇਗਾ। ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਗੁਰੂਦੁਆਰਾ ਡੇਹਰਾ ਸਾਹਿਬ ਸਮੇਤ ਸਾਰੇ ਗੁਰਧਾਮਾਂ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਭਾਰਤ ਤੋਂ ਗਏ 14 ਸਿੱਖ ਸ਼ਰਧਾਲੂ ਵੀ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋਏ। ਓਕਾਫ਼ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਨੇ ਭਾਰਤ ਸਰਕਾਰ ਵੱਲੋਂ 80 ਸਿੱਖ ਯਾਤਰੀਆਂ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਪਾਕਿਸਤਾਨ ਨਾ ਭੇਜੇ ਜਾਣ ਤੇ ਅਫਸੋਸ ਵੀ ਜ਼ਾਹਿਰ ਕੀਤਾ।
ਸਬੰਧਤ ਖ਼ਬਰ:
ਪਾਕਿਸਤਾਨ ਜਾਣ ਵਾਲੇ ਸਿੱਖ ਸਿੱਖ ਜੱਥੇ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਨਹੀਂ ਜਾਣ ਦਿੱਤਾ ਗਿਆ …
Related Topics: 550th Gurpurab of Guru Nanak Sahib, Nankana Sahib, Original Nanakshahi Calender, PSGPC