ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਹਵਾਰਾ ਨੂੰ ਰੋਪੜ ਅਦਾਲਤ ਵਿੱਚ ਕੀਤਾ ਪੇਸ਼

August 4, 2015 | By

ਰੋਪੜ (3 ਅਗਸਤ, 2015 ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਦਿੱਲੀ ਤਿਹਾੜ ਜ਼ੇਲ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਪੁਲਿਸ ਵਲੋਂ ਸਖ਼ਤ ਪੁਲਿਸ ਸੁਰਖਿਆ ਹੇਠ ਰੋਪੜ ਦੀ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ। ਇਸ ਮੌਕੇ ਰੋਪੜ ਸ਼ਹਿਰ ਵਿਚ ਚਾਰੋ ਪਾਸੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਹੋਈ ਸੀ।

ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਛਪੀ ਮੁਤਾਬਿਕ ਭਾਈ ਹਵਾਰਾ ਨੂੰ ਸਾਲ 1988 ਵਿਚ ਥਾਣਾ ਚਮਕੌਰ ਸਾਹਿਬ ਵਿਖੇ ਆਰਮ ਐਕਟ ਤਹਿਤ ਐਫ਼ ਆਈ ਆਰ ਨੰ: 53 ਉਨਾਂ ਖਿਲਾਫ਼ ਦਰਜ਼ ਮੁਕੱਦਮੇ ਦੇ ਸਬੰਧ ਵਿਚ 313 ਦੇ ਬਿਆਨ ਦੇਣ ਲਈ ਰੋਪੜ ਵਿਖੇ ਐਡੀਸ਼ਨਲ ਸ਼ੈਸ਼ਨ ਜੱਜ ਸੁਨੀਤਾ ਰਾਣੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਭਾਈ ਹਵਾਰਾ ਰੋਪੜ ਅਦਾਲਤ ਵਿੱਚ ਜਾਣ ਸਮੇਂ

ਭਾਈ ਹਵਾਰਾ ਰੋਪੜ ਅਦਾਲਤ ਵਿੱਚ ਜਾਣ ਸਮੇਂ

ਇਸ ਮੌਕੇ ਭਾਈ ਹਵਾਰਾ ਦੇ ਮੁਕੱਦਮੇ ਦੀ ਪੈਰਵਾਈ ਕਰ ਰਹੇ ਸੀਨੀਅਰ ਐਡਵੋਕੇਟ ਸਰਬਜੀਤ ਸਿੰਘ ਬੈਂਸ ਅਤੇ ਐਡਵੋਕੇਟ ਕੁਲਵਿੰਦਰ ਕੌਰ ਅਦਾਲਤ ਵਿਚ ਹਾਜ਼ਿਰ ਸਨ। ਭਾਈ ਹਵਾਰਾ ਨੇ ਆਪਣੇ ਵਕੀਲਾਂ ਦੀ ਹਾਜ਼ਰੀ ਵਿਚ ਜੱਜ ਦੇ ਸਾਹਮਣੇ ਪੇਸ਼ ਹੋਕੇ ਆਪਣੇ ਬਿਆਨ ਦਰਜ਼ ਕਰਵਾੳੂਂਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਮੇਰੇ ਉਪੱਰ ਇਹ ਝੂਠਾ ਕੇਸ ਪਾਇਆ ਹੈ ।

ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਹੱਥਿਆਰ ਆਪਣੇ ਕੋਲੋਂ ਰੱਖ ਕੇ ਮੇਰੇ ਤੇ ਝੂਠਾ ਕੇਸ ਪਾਇਆ ਸੀ। ਐਡਵੋਕੇਟ ਸਰਬਜੀਤ ਸਿੰਘ ਬੈਂਸ ਨੇ ਦਸਿਆ ਕਿ ਇਕ ਕੇਸ ਵਿਚ ਐਫ਼ ਆਈ ਆਰ ਨੰ: 41ਸਾਲ 1988 (ਟਾਡਾ ਐਕਟ)ਵਿਚ ਵੀ ਹਵਾਰਾ ਨੂੰ ਗਿ੍ਰਫ਼ਤਾਰ ਕੀਤਾ ਹੋਇਆ ਹੈ ਜੋ ਕਿ ਪੁਲਿਸ ਨੇ ਆਪ ਪਾਇਆ ਹੋਇਆ ਹੈ।

ਇਸ ਮੌਕੇ ਭਾਈ ਹਵਾਰਾ ਨੇ ਸੁਣਵਾਈ ਕਰ ਰਹੇ ਐਡੀਸ਼ਨਲ ਸ਼ੈਸ਼ਨ ਜੱਜ ਨੂੰ ਇਹ ਵੀ ਕਿਹਾ ਕਿ ਦਿੱਲੀ ਤੋਂ ਪੰਜਾਬ ਤਕ ਦੇ ਸਾਰੇ ਸਫ਼ਰ ਦੋਰਾਨ ਅਤੇ ਪੰਜਾਬ ਦੇ ਥਾਣੇ ਵਿਚ ਸਾਰੀ ਰਾਤ ਮੈਨੂੰ ਬੇੜੀਆਂ ਵਿਚ ਜਕੜ ਕੇ ਰਖਿਆ ਜਾਂਦਾ ਹੈ। ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਸ਼ਰੇਆਮ ਧੱਕੇਸ਼ਾਹੀ ਦਾ ਸਬੂਤ ਹੈ।

ਭਾਈ ਹਵਾਰਾ ਨੂੰ ਰੋਪੜ ਅਦਾਲਤ ਵਿਚ ਮਿਲਣ ਆਏ ਪਰਿਵਾਰਿਕ ਮੈਂਬਰਾਂ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ। ਅਦਾਲਤ ਤੋਂ ਵਾਪਿਸ ਜਾਣ ਲੱਗੇ ਭਾਈ ਹਵਾਰਾ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ,ਜਿਸ ਦੇ ਜਵਾਬ ਵਿਚ ਵੱਡੀ ਤਦਾਦ ਵਿਚ ਵੱਖ ਵੱਖ ਜੱਥੇਬੰਦੀਆਂ ਤੋਂ ਆਏ ਸਿੱਖਾਂ ਵਲੋਂ ਲਗਾਤਾਰ ਨਾਅਰਿਆਂ ਦੀ ਝੱੜੀ ਲਗਾ ਦਿਤੀ ਗਈ।

ਐਡਵੋਕੇਟ ਬੈਂਸ ਨੇ ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਅਦਾਲਤ ਵਲੋਂ ਅਗਲੀ ਸੁਣਵਾਈ 4ਸਤੰਬਰ2015 ਪਾ ਦਿਤੀ ਗਈ ਹੈ। ਭਾਈ ਹਵਾਰਾ ਨੂੰ ਬੇੜੀਆਂ ਨਾਲ ਬੰਨਕੇ ਅਦਾਲਤ ਵਿਚ ਪੇਸ਼ ਕਰਨ ਦੇ ਮਾਮਲੇ ਬੋਲਦਿਆਂ ਐਡਵੋਕੇਟ ਬੈਂਸ ਨੇ ਕਿਹਾ ਕਿ ਇਹ ਸ਼ਰੇਆਮ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਰੀੜ ਦੀ ਹੱਡੀ ਦੀ ਬੀਮਾਰੀ ਤੋਂ ਵੀ ਪੀੜਤ ਹੈ ਜਿਸਨੂੰ ਰੋਪੜ ਅਦਾਲਤ ਵਿਚ ਪੇਸ਼ ਕਰਨ ਲਈ ਲਗਾਤਾਰ ਲਗਭਗ 16 ਘੰਟੇ ਸਫ਼ਰ ਕਰਨਾ ਪੈਂਦਾ ਹੈ। ਜਿਸ ਦੋਰਾਨ ਹਵਾਰਾ ਨੂੰ ਪਿਸ਼ਾਬ ਵਗੈਰਾ ਵੀ ਕਰਨ ਦੀ ਇਜ਼ਾਜਤ ਨਹੀਂ ਦਿਤੀ ਜਾਂਦੀ ਹੈ।

ਭਾਈ ਹਵਾਰਾ ਦੀ ਰੋਪੜ ਪੇਸ਼ੀ ਮੌਕੇ ਸਿੱਖ ਰਲੀਫ਼ ਯੂ ਕੇ ਦੇ ਸੀਨੀਅਰ ਆਗੂ ਭਾਈ ਆਰ ਪੀ ਸਿੰਘ,ਪਰਮਿੰਦਰ ਸਿੰਘ ਅਮਲੋਹ ਤੋਂ ਇਲਾਵਾ ,ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਤੋਂ ਕੁਲਦੀਪ ਸਿੰਘ ਦੁਬਾਲੀ,ਕੁਲਦੀਪ ਸਿੰਘ ਭਾਗੋਵਾਲ , ਗੁਰਚਰਨ ਸਿੰਘ, ਬਲਜੀਤ ਸਿੰਘ ਖਾਲਸਾ ,ਬੀਬੀ ਸੰਦੀਪ ਕੌਰ, ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਨੌਜੁਆਨ ਪੰਥ ਦਰਦੀ ਮੋਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,