May 8, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਆਮ ਆਦਮੀ ਨੇ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ‘ਚ ਪਾਰਟੀ ਦੀ ਕਮਾਨ ਸੌਂਪੀ ਹੈ। ਉਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਬਣਾਏ ਗਏ ਹਨ। ਭਗਵੰਤ ਮਾਨ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਪੰਜਾਬ ਆਪ ਦੇ ਪ੍ਰਧਾਨ ਸਨ।
ਆਮ ਆਦਮੀ ਪਾਰਟੀ ਨੇ ਪੰਜਾਬ ਲਈ ਸਿਆਸੀ ਮਾਮਲਿਆਂ ਬਾਰੇ ਵੱਖਰੀ ਕਮੇਟੀ (ਪੀਏਸੀ) ਬਣਾਉਣ ਦਾ ਵੀ ਫੈਸਲਾ ਕੀਤਾ ਤਾਂ ਕਿ ਸੂਬਾਈ ਇਕਾਈ ਆਜ਼ਾਦਾਨਾ ਫੈਸਲੇ ਲੈ ਸਕੇ। ਪਾਰਟੀ ਦੀ ਪੀਏਸੀ ਦੀ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਇਕਾਈ ਨੂੰ ਲੀਹ ਉਤੇ ਪਾਉਣ ਲਈ ਖਾਕੇ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮਾਨ ਨੂੰ ਪੰਜਾਬ ਦਾ ਕਨਵੀਨਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸਹਿ-ਕਨਵੀਨਰ ਚੁਣਿਆ ਗਿਆ। ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦਾ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਤਰਜਮਾਨ ਨੇ ਕਿਹਾ ਕਿ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਪੀਏਸੀ ਦੀ ਹੋਈ ਮੀਟਿੰਗ ਵਿੱਚ ਇਹ ਨਿਯੁਕਤੀਆਂ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵਿਧਾਇਕਾਂ, ਜ਼ੋਨ ਇੰਚਾਰਜਾਂ ਅਤੇ ਪਾਰਟੀ ਦੀਆਂ ਮੁਹਰੈਲ ਜਥੇਬੰਦੀਆਂ ਦੇ ਮੁਖੀਆਂ ਨਾਲ ਲੰਮਾ ਸਮਾਂ ਮੀਟਿੰਗ ਕੀਤੀ ਗਈ। ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਸਾਂਝੀਆਂ ਮੀਟਿੰਗਾਂ ਤੋਂ ਪਹਿਲਾਂ ਸਾਰਿਆਂ ਦੇ ਵਿਚਾਰ ਸੁਣੇ ਗਏ। ਇਸ ਤੋਂ ਬਾਅਦ ਪੀਏਸੀ ਵਿੱਚ ਅੰਤਮ ਫੈਸਲਿਆਂ ਉਤੇ ਮੋਹਰ ਲੱਗੀ। ਕਮੇਟੀ ਨੇ ਪੰਜਾਬ ਵਿੱਚ ਚਾਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਵੀ ਫੈਸਲਾ ਕੀਤਾ। ਪਾਰਟੀ ਬੁਲਾਰੇ ਨੇ ਕਿਹਾ ਕਿ ਭਗਵੰਤ ਮਾਨ ਸੂਬਾਈ ਕਨਵੀਨਰ ਦੀ ਹੈਸੀਅਤ ਵਿੱਚ ਪਾਰਟੀ ਦੇ ਸਾਰੇ ਮਾਮਲਿਆਂ ਲਈ ਜ਼ਿੰਮੇਵਾਰ ਹੋਣਗੇ, ਜਦੋਂ ਕਿ ਅਮਨ ਅਰੋੜਾ ਖ਼ਾਸ ਤੌਰ ਉਤੇ ਸੂਬੇ ਵਿੱਚ ਪਾਰਟੀ ਢਾਂਚਾ ਵਿਕਸਤ ਕਰਨ ਉਤੇ ਕੰਮ ਕਰਨਗੇ। ਪੰਜਾਬ ਵਿੱਚ ਪਾਰਟੀ ਆਧਾਰ ਨੂੰ ਮੁੜ ਮਜ਼ਬੂਤ ਕਰਨ ਲਈ ਸਾਰੇ ਮਸਲਿਆਂ ਵਿੱਚ ਸੰਤੁਲਿਤ ਪਹੁੰਚ ਅਪਣਾਈ ਜਾਵੇਗੀ। ਬੁਲਾਰੇ ਨੇ ਕਿਹਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾਏਗੀ ਅਤੇ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦਿਆਂ ਉਤੇ ਘੇਰੇਗੀ। ਪੀਏਸੀ ਨੇ ਸੂਬਾਈ ਇਕਾਈ ਨੂੰ ਲੋਕਾਂ ਵਿੱਚ ਜਾਣ ਅਤੇ ਕਾਂਗਰਸ ਸਰਕਾਰ ਨੂੰ ਹਰੇਕ ਵਾਅਦੇ ਪ੍ਰਤੀ ਜਵਾਬਦੇਹ ਬਣਾਉਣ ਦਾ ਆਦੇਸ਼ ਦਿੱਤਾ।
ਭਗਵੰਤ ਮਾਨ ਨੂੰ ਪੰਜਾਬ ‘ਆਪ’ ਦਾ ਪ੍ਰਧਾਨ ਥਾਪੇ ਜਾਣ ਤੋਂ ਨਾਰਾਜ਼ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਚੀਫ਼ ਵ੍ਹਿਪ ਤੇ ਤਰਜਮਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਧਰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖਹਿਰਾ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ।
ਸਬੰਧਤ ਖ਼ਬਰ:
Related Topics: Aam Aadmi Party, Bhagwant Maan, Gurpreet Singh Waraich Ghuggi