June 28, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸੂਬੇ ਵਿੱਚ ਵਾਪਰ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਨਿਤ ਦਿਨ ਨਵਾਂ ਨਸੀਹਤ ਨਾਮਾ ਜਾਰੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਜੇਹੀ ਘਟਨਾ ਨੂੰ ਕਿਸ ਹੱਦ ਤੀਕ ਹਲਕੇ ਪੱਧਰ ਨਾਲ ਲੈਂਦੀ ਹੈ ਇਸਦੀ ਤਾਜਾ ਮਿਸਾਲ ਇਥੇ ਬੀਤੇ ਕਲ੍ਹ ਵਾਪਰੀ ਘਟਨਾ ਉਪਰੰਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੇ ਕਲ੍ਹ ਸ਼ਾਮ 6 ਵਜੇ ਦੇ ਕਰੀਬ ਲੁਧਿਆਣਾ ਵਾਸੀ ਬਿਮਲਾ ਨਾਮੀ ਇੱਕ ਜਨਾਨੀ ਨੇ ਜਦੋਂ ਦੁਖਭੰਜਨੀ ਬੇਰ ਸਾਹਮਣੇ ਕਮਰਾ ਨੰਬਰ 5 ਵਿਖੇ ਚਲ ਰਹੇ ਅਖੰਡਪਾਠ ਦੌਰਾਨ ਪਾਵਨ ਸਰੂਪ ਤੋਂ ਰੁਮਾਲਾ ਖਿਚਣ ਦੀ ਕੋਸ਼ਿਸ਼ ਕੀਤੀ ਜਿਸਨੂੰ ਡਿਊਟੀ ਤੇ ਮੌਜੁੂਦ ਅਖੰਡ ਪਾਠੀ ਸਿੰਘਾਂ ਨੇ ਨਾਕਾਮ ਕਰ ਦਿੱਤਾ। ਅਖੰਡ ਪਾਠੀ ਮਨਜੀਤ ਸਿੰਘ, ਬਿਕਰਮ ਸਿੰਘ ਅਤੇ ਸੇਵਾਦਾਰਨੀ ਕੁਲਦੀਪ ਕੌਰ ਨੇ ਸਬੰਧਤ ਜਨਾਨੀ ਨੂੰ ਕਾਬੂ ਕਰਕੇ ਜਥੇਦਾਰ ਪਰਕਰਮਾ ਦੇ ਕਮਰਾ ਨੰਬਰ 56 ਵਿੱਚ ਲਿਆਂਦਾ ਤੇ ਫਿਰ ਉਸਨੂੰ ਥਾਣਾ ਗਲਿਆਰਾ ਦੀ ਪੁਲਿਸ ਪਾਸ ਫੜਾ ਦਿੱਤਾ।
ਪੁਲਿਸ ਨੇ ਵੀ ਸਬੰਧਤ ਔਰਤ ਦੇ ਡਾਕਟਰੀ ਮੁਆਇਨੇ ਦੇ ਨਾਮ ਹੇਠ ਭੱਜ ਨੱਠ ਕਰਨ ਬਾਅਦ ਉਸ ਖਿਲਾਫ 26-27 ਜੂਨ ਦੀ ਦਰਮਿਆਨੀ ਰਾਤ 12.06 ਵਜੇ ਜੇਰੇ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਪੁਲਿਸ ਗਲਿਆਰਾ ਦੇ ਮੁਖੀ ਇੰਸਪੈਕਟਰ ਭਗਵਾਨ ਸਿੰਘ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵੀ ਘਟਨਾ ਬਾਰੇ ਐਨੀ ਕੁ ਜਾਣਕਾਰੀ ਹੀ ਰੱਖਦੇ ਹਨ। ਪਰ ਚਰਚਾ ਇਹ ਹੋ ਰਹੀ ਹੈ ਕਿ ਜਿਸ ਜਨਾਨੀ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਬੇਅਦਬੀ ਦੀ ਹਰਕਤ ਕਰਨ ਦੀ ਜ਼ੁਰਅਤ ਵਿਖਾਈ ਉਸ ਖਿਲਾਫ ਮਾਮਲਾ ਦਰਜ ਕਰਾਉਣ ਲਈ ਅਖੰਡ ਪਾਠੀ ਹੀ ਅੱਗੇ ਕਿਉਂ ਆਏ? ਕੀ ਦਰਬਾਰ ਸਾਹਿਬ ਦੇ ਅੰਦਰੂਨੀ ਤੇ ਪਰਕਰਮਾ ਪ੍ਰਬੰਧ ਲਈ ਕੋਈ ਵੀ ਸੁਪਰਵਾਈਜਰ, ਮੀਤ ਮੈਨੇਜਰ ਜਾਂ ਵਧੀਕ ਮੈਨੇਜਰ ਮੌਕੇ ਤੇ ਡਿਊਟੀ ਉੱਤੇ ਨਹੀ ਸੀ?
ਜਿਕਰਯੋਗ ਹੈ ਕਿ ਅਖੰਡ ਪਾਠੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਪੱਕੇ ਮੁਲਾਜਮ ਵੀ ਨਹੀ ਮੰਨੇ ਜਾਂਦੇ ਜੋ ਕਿ ਕਿਸੇ ਗਵਾਹੀ ਦੀ ਲੋੜ ਪੈਣ ਤੇ ਜੋਰ ਦੇਕੇ ਸਾਹਮਣੇ ਲਿਆਂਦੇ ਜਾ ਸਕਣ। ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੀ ਇਸ ਕਾਰਵਾਈ ਨੂੰ ਵੇਖਦਿਆਂ ਤਨਜ ਕੀਤਾ ਜਾ ਰਿਹਾ ਹੈ ‘ਔਰੋਂ ਕੋ ਨਸੀਹਤ ਖੁਦ ਮੀਆਂ ਫਜ਼ੀਹਤ’।
Related Topics: darbar sahib amritsar, SGPC