June 21, 2018 | By ਸਿੱਖ ਸਿਆਸਤ ਬਿਊਰੋ
ਫ਼ਰੀਦਕੋਟ: ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾਵਾਂ ਦੀ ਜਾਂਚ ਵਿਚ ਤੇਜੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਜਿੱਥੇ ਸੂਤਰਾਂ ਦੇ ਹਵਾਲੇ ਨਾਲ ਡੇਰਾ ਸਿਰਸਾ ਪ੍ਰੇਮੀਆਂ ਨੂੰ ਇਸ ਵਿਚ ਸਿੱਧਾ ਦੋਸ਼ੀ ਦੱਸ ਰਹੀਆਂ ਹਨ ਉੱਥੇ ਪੰਜਾਬ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮ ਫਿਲਹਾਲ ਚੁੱਪ ਹੈ।
ਇਸ ਦੌਰਾਨ ਥਾਣਾ ਸਿਟੀ ਵਿੱਚ ਦਰਜ ਤਕਰੀਬਨ 7 ਸਾਲ ਪੁਰਾਣੇ ਸਰਕਾਰੀ ਜਾਇਦਾਦ ਦੀ ਸਾੜ-ਫੂਕ ਦੇ ਕੇਸ ਵਿੱਚ ਮਹਿੰਦਰ ਪਾਲ ਬਿੱਟੂ ਸਮੇਤ ਗ੍ਰਿਫ਼ਤਾਰ 10 ਡੇਰਾ ਸਿਰਸਾ ਪ੍ਰੇਮੀਆਂ ਦਾ ਪੁਲੀਸ ਰਿਮਾਂਡ ਖਤਮ ਹੋਣ ਬਾਅਦ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਆਗੂ ਮਹਿੰਦਰ ਪਾਲ ਬਿੱਟੂ ਨੂੰ ਬੀਤੇ ਕੱਲ੍ਹ ਮੁੜ ਸਥਾਨਕ ਡਿਊਟੀ ਮੈਜਿਸਟਰੇਟ ਗੁਰਭਿੰਦਰ ਸਿੰਘ ਜੌਹਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੰਜਾਬੀ ਟ੍ਰਿਬਿਊਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਬਿੱਟੂ ਨੇ ਅਦਾਲਤ ਵਿਚ 2011 ਦੇ ਸਾੜ-ਫੂਕ ਕੇਸ ‘ਚ ਜੁਰਮ ਇਕਬਾਲ ਕਰਨ ਦਾ ਬਿਆਨ ਦਿੱਤਾ ਹੈ। ਖਬਰ ਅਨੁਸਾਰ ਪੁਲਿਸ ਵੱਲੋਂ ਅਦਾਲਤ ਸਾਹਮਣੇ ਮਹਿੰਦਰਪਾਲ ਬਿੱਟੂ ਦੇ ਬਿਆਨ ਦਫਾ 164 (ਸੀ.ਆਰ. ਪੀ. ਸੀ.) ਤਹਿਤ ਦਰਜ਼ ਕਰਵਾਏ ਗਏ।
ਮੋਗਾ ਵਿਖੇ ਪਹੁੰਚੀ ਸੀ.ਬੀ.ਆਈ ਦੀ ਟੀਮ ਨੇ ਵੀ ਆਪਣੀ ਜਾਂਚ ਵਿਚ ਤੇਜੀ ਲਿਆਂਦੀ ਹੈ ਤੇ ਇੱਥੇ ਸੀਆਈਏ ਸਟਾਫ ਵਿੱਚ ਸੀਬੀਆਈ ਦੀ ਡੀਆਈਜੀ ਰੈਂਕ ਦੀ ਮਹਿਲਾ ਅਧਿਕਾਰੀ ਦੀ ਅਗਵਾਈ ਹੇਠ ਤਕਰੀਬਨ 8 ਮੈਂਬਰੀ ਟੀਮ ਨੇ ਡੇਰਾ ਪ੍ਰੇਮੀਆਂ ਦੇ ਪੁਲੀਸ ਰਿਮਾਂਡ ਦੌਰਾਨ ਬਰਗਾੜੀ ਕਾਂਡ ਦੀ ਪੁੱਛ-ਪੜਤਾਲ ਦੀ ਜਾਂਚ ਰਿਪੋਰਟ ਘੋਖੀ।
ਪੰਜਾਬੀ ਟ੍ਰਿਬਿਊਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰੂ ਘਰ ’ਚੋਂ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੇਰਾ ਸਿਰਸਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਚੋਰੀ ਕੀਤਾ ਸੀ। ਉਹ ਮੋਟਰਸਾਈਕਲ ’ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ ਸਨ ਅਤੇ ਇਸ ਤੋਂ ਬਾਅਦ ਬਾਕੀ ਮੁਲਜ਼ਮਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਦੱਸਿਆ ਜਾ ਰਿਹਾ ਹੈ।
ਪਹਿਰੇਦਾਰ ਅਖਬਾਰ ਦੀ ਖ਼ਬਰ ਅਨੁਸਾਰ ਸੀ.ਬੀ.ਆਈ ਦੀ ਟੀਮ ਵਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਦੋ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵੀ ਜਾਂਚ ਟੀਮ ਪਹੁੰਚੀ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ।
ਅਖ਼ਬਾਰੀ ਖ਼ਬਰਾਂ ਅਨੁਸਾਰ ਜਾਂਚ ਟੀਮਾਂ ਨੇ ਪਹਿਲਾਂ ਪਿੰਡ ਡੱਗੋਰੋਮਾਣਾ ਵਿਖੇ ਇਕ ਡੇਰਾ ਸਿਰਸਾ ਪ੍ਰੇਮੀ ਦੇ ਘਰ ਪਹੁੰਚ ਕੇ ਮੁਆਇਨਾ ਕੀਤਾ ਅਤੇ ਉਸ ਤੋਂ ਬਾਅਦ ਉਹ ਪਿੰਡ ਸਿੱਖਾਂ ਵਾਲਾ ਵਿਖੇ ਇਕ ਡੇਰਾ ਸਿਰਸਾ ਪ੍ਰੇਮੀ ਦੇ ਘਰ ਗਏ ਜਿੱਥੋਂ ਉਨ੍ਹਾਂ ਉਹ ਟਰੰਕ ਕਬਜ਼ੇ ਵਿਚ ਲਿਆ, ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਚੋਰੀ ਕਰਨ ਤੋਂ ਬਾਅਦ ਲਗਭਗ ਦੋ ਮਹੀਨੇ ਤਕ ਪਾਵਨ ਸਰੂਪ ਉਸ ਟਰੰਕ ਵਿਚ ਰੱਖੇ ਗਏ।
ਇਸ ਦੌਰਾਨ ਜਾਂਚ ਟੀਮ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨੇੜੇ ਇਕ ਘਰ ਵਿਚ ਰਹਿੰਦੇ ਡੇਰਾ ਸਿਰਸਾ ਪ੍ਰੇਮੀ ਦੇ ਘਰ ਵੀ ਪਹੁੰਚ ਕੀਤੀ ਜਿਸ ਦਾ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
Related Topics: CBI, Dera Sauda Sirsa, Incident of Beadbi of Guru Granth Shaib at Bargar Village, Punjab Police