ਖਾਸ ਖਬਰਾਂ » ਸਿੱਖ ਖਬਰਾਂ

ਪੰਜਾਬ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਦਾ ਲੇਖਾ ਵੀ ਜਨਤਕ ਕਰੇ: ਬਾਪੂ ਬਲਦੇਵ ਸਿੰਘ

August 20, 2018 | By

ਨਕੋਦਰ/ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਾਕਾ ਬਹਿਬਲ ਕਲਾਂ 2015 ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੇ ਲੇਖੇ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਇਜਲਾਸ ਦੌਰਾਨ ਜਨਤਕ ਕਰਨ ਦੇ ਐਲਾਨ ਤੋਂ ਬਾਅਦ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਦੂਜੀ ਵਾਰ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਸਾਕਾ ਨਕੋਦਰ 1986 ਬਾਰੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਦਾ ਲੇਖਾ ਵੀ ਜਨਤਕ ਕਰਨ ਲਈ ਕਿਹਾ ਹੈ।

ਪਹਿਲਾਂ ਵੀ ਬਾਪੂ ਬਲਦੇਵ ਸਿੰਘ ਤੇ ਉਨ੍ਹਾਂ ਦੀ ਪਤਨੀ ਮਾਤਾ ਬਲਦੀਪ ਕੌਰ ਨੇ 30 ਜੁਲਾਈ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਯਾਦ ਕਰਵਾਇਆ ਸੀ ਕਿ 2 ਫਰਵਰੀ, 1986 ਨੂੰ ਨਕੋਦਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਦੀ ਘੋਰ ਬੇਅਦਬੀ ਹੋਈ ਸੀ ਜਿਸ ਤੋਂ ਬਾਅਦ ਇਨ੍ਹਾਂ ਸਰੂਪ ਸਾਹਿਬਾਨ ਦੀ ਸੇਵਾ ਸੰਭਾਲ ਲਈ ਗੁਰਦੁਆਰਾ ਗੁਰੂ ਅਰਜਨ ਜੀ (ਨਕੋਦਰ) ਵੱਲ ਸ਼ਾਂਤਮਈ ਤਰੀਕੇ ਨਾਲ ਜਾ ਰਹੀ ਸਿੱਖ ਸੰਗਤ ਤੇ ਪੰਜਾਬ ਪੁਲਿਸ ਵੱਲੋਂ ਗੋਲੀ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ 4 ਫਰਵਰੀ 1986 ਨੂੰ ਨਕੋਦਰ ਵਿਖੇ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ

ਉਨ੍ਹਾਂ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਸੀ ਕਿ ਜਿਸ ਵੇਲੇ ਇਹ ਸਾਕਾ ਵਾਪਰਿਆ ਸੀ ਉਸ ਵੇਲੇ ਅਮਰਿੰਦਰ ਸਿੰਘ ਖੁਦ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸਨ। ਬਰਨਾਲਾ ਸਰਕਾਰ ਵੱਲੋਂ ਇਸ ਸਾਕੇ ਦੀ ਪੜਤਾਲ ਸਾਬਕਾ ਜੱਜ ਜਸਟਿਸ ਗੁਰਨਾਮ ਸਿੰਘ ਕੋਲੋਂ ਕਰਵਾਈ ਗਈ ਸੀ ਜਿਨ੍ਹਾਂ ਆਪਣੀ ਪੜਤਾਲ ਦਾ ਲੇਖਾ 1987 ਵਿੱਚ ਹੀ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਸੀ। ਪਰ ਬੀਤੇ 31 ਸਾਲਾਂ ਤੋਂ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਇਸ ਲੇਖੇ ਨੂੰ ਦੱਬੀ ਬੈਠੀਆਂ ਹਨ।

ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਨੇ 18 ਅਗਸਤ ਨੂੰ ਮੁੱਖ ਮੰਤਰੀ ਨੂੰ ਲਿਖੀ ਦੂਜੀ ਚਿੱਠੀ ਵਿੱਚ ਕਿਹਾ ਹੈ ਕਿ ਹੁਣ ਜਦੋਂ ਸਾਕਾ ਬਹਿਬਲ ਕਲਾਂ 2015 ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਦਾ ਲੇਖਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ-ਨਾਲ ਹੀ ਜਸਟਿਸ ਗੁਰਨਾਮ ਸਿੰਘ ਦੀ ਸਾਕਾ ਨਕੋਦਰ 1986 ਦੀ ਜਾਂਚ ਦਾ ਲੇਖਾ ਵੀ ਵਿਧਾਨ ਸਭਾ ਵਿੱਚ ਜਨਤਕ ਕੀਤਾ ਜਾਵੇ।

ਬਾਪੂ ਬਲਦੇਵ ਸਿੰਘ ਤੇ ਮਾਤਾ ਬਲਦੀਪ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਪੜ੍ਹੋ (ਚਿੱਠੀ ਅੰਗਰੇਜ਼ੀ ਵਿੱਚ ਹੈ) :  Saka Nakodar 1986: Letter to Punjab CM Demanding Disclosure of Justice Gurnam Singh’s Inquiry Report

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,