January 1, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ (31 ਦਸੰਬਰ, 2014): ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਬਾਦਲ ਦਲ, ਸੰਤ ਸਮਾਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਿਚਕਾਰ ਚੱਲਦੇ ਤਨਾਅ ਅਤੇ ਜੱਥੇਦਾਰ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਅਤੇ ਜੱਥੇਦਾਰ ਨੰਦਗੜ੍ਹ ਵਿਚਾਕਰ ਫੌਨ ‘ਤੇ ਗੱਲਬਾਤ ਹੋਣ ਤੋਂ ਬਾਅਦ ਇੱਕ ਆਰਜ਼ੀ ਤੌਰ ‘ਤੇ ਇਹ ਮੁੱਦਾ ਮਾਘੀ ਤਕ ਸ਼ਾਂਤ ਹੋ ਗਿਆ ਹੈ।
ਅਹਿਮ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਨੰਦਗੜ੍ਹ ਦਰਮਿਆਨ ਫੋਨ ਤੇ ਸੰਖੇਪ ਗੱਲਬਾਤ ਹੋਈ ਹੈ।
ਉਧਰ ਜਥੇਦਾਰ ਨੰਦਗੜ੍ਹ ਨੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਅਤੇ ਮੂਲ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦਿੰਦੇ ਰਹਿਣਗੇ।
ਅਹਿਮ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਨੰਦਗੜ੍ਹ ਦਰਮਿਆਨ ਫੋਨ ’ਤੇ ਗੱਲਬਾਤ ਤੋਂ ਬਾਅਦ ਫੈਸਲਾ ਮਾਘੀ ਤੱਕ ਟਾਲ ਦਿੱਤਾ ਗਿਆ। ਅਕਾਲੀ ਦਲ ਜਥੇਦਾਰ ਨੰਦਗੜ੍ਹ ਨੂੰ ਮਿੱਠਤ ਨਾਲ ਜਥੇਦਾਰੀ ਤੋਂ ਲਾਂਭੇ ਕਰਨ ਦੇ ਮੂਡ ਵਿਚ ਆ ਗਿਆ ਹੈ। ਹੁਣ ਅਕਾਲੀ ਦਲ ਇਸ ਤਰ੍ਹਾਂ ਫੈਸਲਾ ਲਵੇਗਾ ਕਿ ਜਥੇਦਾਰ ਨੰਦਗੜ੍ਹ ਨੂੰ ਬਦਲ ਵੀ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਵੀ ਕੋਈ ਠੇਸ ਨਾ ਪੁੱਜੇ।
ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਬਾਰੇ ਪਹਿਲੀ ਜਨਵਰੀ ਨੂੰ ਰੱਖੀ ਮੀਟਿੰਗ ਵੀ ਹੁਣ ਪਿਛਾਂਹ ਪਾ ਦਿੱਤੀ ਹੈ। ਸੂਤਰ ਆਖਦੇ ਹਨ ਕਿ ਬਾਦਲ ਦਲ ਨੂੰ ਏਨਾ ਕੁ ਡਰ ਹੈ ਕਿ ਤਬਦੀਲੀ ਮਗਰੋਂ ਜਥੇਦਾਰ ਨੰਦਗੜ੍ਹ ਉਨ੍ਹਾਂ ਦੇ ਵਿਰੋਧ ਵਿਚ ਨਾ ਤੁਰ ਪੈਣ। ਇਸੇ ਲਈ ਅਕਾਲੀ ਦਲ ਨੇ ਮਾਣ-ਸਨਮਾਨ ਨਾਲ ਵਿਦਾ ਕਰਨ ਦੀ ਗੱਲ ਆਖੀ ਹੈ ਪ੍ਰੰਤੂ ਇਸ ਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਉਂਜ ਸੰਤ ਸਮਾਜ ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਉਤਾਰਨ ਵਾਸਤੇ ਕਾਫ਼ੀ ਕਾਹਲ ਵਿਚ ਹੈ।
ਜਥੇਦਾਰ ਨੰਦਗੜ੍ਹ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਆਪਣੇ ਸਟੈਂਡ ’ਤੇ ਅੱਜ ਵੀ ਕਾਇਮ ਹਨ। ਉਨ੍ਹਾਂ ਆਖਿਆ ਕਿ ਉਹ ਆਪਣੇ ਅਹੁਦੇ ਤੋਂ ਖੁਦ ਅਸਤੀਫ਼ਾ ਨਹੀਂ ਦੇਣਗੇ। ਲਾਹੁਣ ਵਾਲੇ ਭਾਵੇਂ ਕੋਈ ਮਰਜ਼ੀ ਦੋਸ਼ ਲਗਾ ਕੇ ਲਾਂਭੇ ਕਰ ਦੇਣ।
Related Topics: Badal Dal, Jathedar Balwant Singh Nandgarh, NanakshahI Calander, Sant Samaj