November 19, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅਦਾਲਤ ਦੇ ਹੁਕਮਾਂ ਨਾਲ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਕੰਮ-ਕਾਜ ਸੰਭਾਲਣ ਉਪਰੰਤ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਹੋਈ ਪਹਿਲੀ ਮੀਟਿੰਗ ਵਿੱਚ ਹਰਵਿੰਦਰ ਸਿੰਘ ਸਰਨਾ ਵੱਲੋਂ ਲਏ ਸਾਰੇ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵਿੱਚ ਪ੍ਰਬੰਧਕੀ ਕਮੇਟੀ ਦੇ ਹੋਏ ਸਾਲਾਨਾ ਇਜਲਾਸ ਵਿੱਚ ਅਵਤਾਰ ਸਿੰਘ ਮੱਕੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਸਰਨਾ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਵੀ ਮੈਂਬਰ ਹਨ। ਇਸ ਚੋਣ ਖ਼ਿਲਾਫ਼ ਪਟਨਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੇ ਹੁਣ ਨਵੰਬਰ ਮਹੀਨੇ ਵਿੱਚ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਾਲੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ਨਾਲ ਮੁੜ ਅਵਤਾਰ ਸਿੰਘ ਮੱਕੜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਮੀਟਿੰਗ ਦੀ ਕਾਰਵਾਈ ਬਾਰੇ ਮੱਕੜ ਨੇ ਦੱਸਿਆ ਕਿ ਅੱਜ (18 ਨਵੰਬਰ, 2017) ਮੀਟਿੰਗ ਵਿੱਚ ਬਹੁਸੰਮਤੀ ਨਾਲ ਸਰਨਾ ਵੱਲੋਂ ਕੀਤੇ ਫ਼ੈਸਲਿਆਂ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਅਤੇ ਬਣਾਈ ਕਮੇਟੀ ਵੀ ਭੰਗ ਕਰ ਦਿੱਤੀ ਹੈ।
ਸਬੰਧਤ ਖ਼ਬਰ:
ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ …
ਮੀਟਿੰਗ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਚਾਰ ਕਰੋੜ ਪੰਜਾਹ ਲੱਖ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਕਾਸ਼ ਪੁਰਬ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਤੇ ਸੰਗਤ ਲਈ ਦੋ ਟੈਂਟ ਸਿਟੀ ਬਣਾਏ ਜਾਣਗੇ। ਇੱਕ ਟੈਂਟ ਸਿਟੀ ਕੰਗਣ ਘਾਟ ਅਤੇ ਦੂਜਾ ਬਾਈਪਾਸ ਵਿਖੇ ਬਣਾਇਆ ਜਾਵੇਗਾ। ਮੱਕੜ ਨੇ ਜਾਣਕਾਰੀ ਦਿੱਤੀ ਕਿ ਲੰਗਰ ਬਣਾਉਣ ਦੀ ਜ਼ਿੰਮੇਵਾਰ ਵੱਖ-ਵੱਖ ਡੇਰਿਆਂ ਦੇ ਮੁਖੀਆਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੌਂਪੀ ਗਈ ਹੈ, ਜਿਨ੍ਹਾਂ ਵਿੱਚ ਬਾਬਾ ਮਹਿੰਦਰ ਸਿੰਘ ਇੰਗਲੈਂਡ ਵਾਲੇ, ਬਾਬਾ ਨਿਰਮਲ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਆਦਿ ਸ਼ਾਮਲ ਹਨ।
ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ 12 ਤੋਂ 22 ਦਸੰਬਰ ਤੱਕ ਪ੍ਰਭਾਤ ਫੇਰੀਆਂ ਹੋਣਗੀਆਂ। 22 ਦਸੰਬਰ ਨੂੰ ਸਵੇਰੇ ਤਖ਼ਤ ਪਟਨਾ ਸਾਹਿਬ ਵਿਖੇ ‘ਸੰਤ-ਸਮਾਗਮ’ ਹੋਵੇਗਾ। 24 ਦਸੰਬਰ ਨੂੰ ਸਵੇਰੇ ਨਗਰ ਕੀਰਤਨ ਸਜਾਇਆ ਜਾਵੇਗਾ। 25 ਦਸੰਬਰ ਨੂੰ ਗੁਰਪੁਰਬ ਵਾਲੇ ਦਿਨ ਮੁੱਖ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਜਪਾਲ ਅਤੇ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਹੋਰ ਸਿਆਸੀ ਆਗੂ ਪੁੱਜਣਗੇ।
Related Topics: Avtar Singh Makkar, Harwinder Singh Sarna, Nanakshahi Calendar, Sikhs in Bihar, Takhat Sri Patna Sahib