November 28, 2014 | By ਸਿੱਖ ਸਿਆਸਤ ਬਿਊਰੋ
– ਸ੍ਰ. ਗੁਰਤੇਜ ਸਿੰਘ
ਦਿੱਲੀ ਦੀ ਆਪਣੀ ਸਹਿਯੋਗੀ (ਗ਼ੁਲਾਮ) ਸਿੱਖ ਦਿੱਖ ਵਾਲੀ ਪੰਥਕ ਜਥੇਬੰਦੀ ਕੋਲੋੰ ਸੰਘ ਪਰਵਾਰ ਨੇ ਬਿਆਨ ਦਿਵਾਇਆ ਹੈ ਕਿ ਦਿੱਲੀ ਦੇ ਅੌਰੰਗਜ਼ੇਬ ਰੋਡ ਦਾ ਨਾਂਅ ਬਦਲ ਕੇ ਗੁਰੂ ਤੇਗ਼ ਬਹਾਦਰ ਰੋਡ ਕਰ ਦਿੱਤਾ ਜਾਵੇ। ਸੰਘ ਪਰਿਵਾਰ ਅਤੇ ਏਸ ਦੇ ਪੂਰਵਜਾਂ ਦਾ ਹਿੰਦ ਦੀ ਜੁਝਾਰੂ ਸਿਆਸਤ ਵਿੱਚ ਉੱਕਾ ਹੀ ਕੁਈ ਹਿੱਸਾ ਨਹੀੰ। ਸਾਰਾ ਪੰਨਾ ਖਾਲੀ ਪਿਆ ਹੈ। ਕੁਝ ਕੁ ਮੁਨਾਸਬ ਅਤੇ ਜ਼ਿਆਦਾ ਗ਼ੈਰ-ਮੁਨਾਸਬ ਹਰਬੇ ਵਰਤ ਕੇ ਹੁਣ ਹਿੰਦੂਤਵੀ ਸ਼ਕਤੀਆਂ ਨੇ ਹਿੰਦ ਦੀ ਹਕੂਮਤ ਸੰਭਾਲੀ ਹੈ ਤਾਂ ਇਹ ਓਸ ਗ਼ੁਲਾਮੀ ਦੇ ਦੌਰ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦੇ ਹਨ ਜੋ ਇਹਨਾਂ ਦੀ ਨਾਕਾਮੀ ਅਤੇ ਦੇਸ਼ ਦੀ ਜ਼ਲਾਲਤ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ਇਹਨਾਂ ਦਾ ਖਿਆਲ ਹੈ ਕਿ ਸੜਕਾਂ ਦੇ ਕੰਢੇ ਚੰਦ ਨਾੰਵਾੰ ਵਾਲੇ ਫੱਟਿਆੰ ਉੱਤੇ ਸਿਆਹੀ ਫੇਰ ਕੇ, ਨਵੇੰ ਨਾੰਅ ਉਕਰ ਕੇ ਇਤਿਹਾਸ ਬਦਲਿਆ ਜਾ ਸਕਦਾ ਹੈ।
ਪਰ ਵੇਖੋ ਅਜਬ ਵਰਤਾਰਾ ਕਿ ਸਾਰੀ ਸਿਆਸੀ ਸ਼ਕਤੀ ਮੁੱਠੀ ਵਿੱਚ ਹੁੰਦਿਆੰ ਹੋਇਆੰ ਵੀ ਅਜੇ ਵੀ ਇਹ ਅਰਜਣ ਵਾੰਗੂੰ ਸ਼ਿਖੰਡੀ ਦੇ ਪਿੱਛੇ ਲੁਕ ਕੇ ਆਪਣੇ ਜ਼ਹਿਰੀਲੇ ਤੀਰ ਆਪਣੇ ਦੁਸ਼ਮਣਾੰ ਅਤੇ ਮੁਲਕੀ ਆਧਾਰ ਦੀਆੰ ਮੂਲ ਕਲਪਨਾਵਾੰ ਉੱਤੇ ਦਾਗਣਾ ਚਾਹੁੰਦੇ ਹਨ। ਇਹ ਇਹਨਾੰ ਦੀ ਸਦੀਆੰ ਦੀ ਫ਼ਿਤਰਤ ਦੇ ਐਨ ਅਨੁਕੂਲ ਹੈ ਪਰ ਸ਼ਿਖੰਡੀ ਬਣ ਕੇ ਜ਼ਹਿਰ ਉਗਲਣ ਦਾ ਮੌਕਾ ਦੇਣਾ ਸਿੱਖ-ਸੁਭਾਅ ਅਨੁਕੂਲ ਨਹੀੰ – ਇਹ ਸਾਕਤ ਕਰਮ ਹੈ।ਮੁਸਲਮਾਨਾੰ ਨਾਲ ਵੈਰ ਕੱਢਣ ਦਾ ਇਹ ਨਖਿੱਧ ਤਰੀਕਾ ਹੈ।
ਸੰਘ ਪਰਿਵਾਰ ਨੂੰ ਗੁਰੂ ਤੇਗ਼ ਬਹਾਦਰ ਨਾਲ ਵੀ ਕੋਈ ਹੇਜ ਨਹੀੰ। ਹੁਣ ਗੁਰੂ ਤੇਗ਼ ਬਹਾਦਰ ਗੁਰੂ ਗ੍ਰੰਥ ਸਰੂਪ ਹੋ ਉਹਨਾੰ ਗੁਰਦਵਾਰਿਆੰ ਵਿੱਚ ਸੁਸ਼ੋਭਤ ਹੈ ਜਿਨ੍ਹਾੰ ਦੀ ਬੇਹੁਰਮਤੀ ਕਰਨਾ, ਢਾਹੁਣਾ ਏਸ ਜਮਾਤ ਤੋੰ ਪ੍ਰਭਾਵਤ ਮਾਨਸਿਕਤਾ ਦਾ ਖਾਸ ਤੌਰ ਉੱਤੇ ਪ੍ਰਮੁੱਖ ਕਰਮ ਰਿਹਾ ਹੈ। ਇਹਨਾਂ ਨੇ ਕਦੇ ਓਸ ਨਿੱਤਨੇਮ ਦੀ ਨਿਖੇਧੀ ਨਹੀੰ ਕੀਤੀ ਜਿਸ ਅਧੀਨ ਗੁਰੂ ਗ੍ਰੰਥ ਦੀਆੰ ਬੀੜਾੰ ਨੂੰ ਸਿਲਸਿਲੇਵਾਰ ਸਾੜਿਆ ਜਾ ਰਿਹਾ ਹੈ। ਗੁਰੂ ਤੇਗ਼ ਬਹਾਦਰ ਅੱਜ ਖ਼ਾਲਸਾ ਰਹਿਤ ਹੋ ਹਰ ਸਿੱਖ ਦੇ ਸਰੂਪ ਵਿੱਚ ਦੀਦਾਰੇ ਦੇ ਰਿਹਾ ਹੈ ਜਿਸ ਨੂੰ ਗਲ਼ਾੰ ਵਿੱਚ ਬਲਦੇ ਟਾਇਰਾੰ, ਕਸਾਈਆੰ ਦੀਆੰ ਛੁਰੀਆੰ ਆਦਿ ਨਾਲ ਮਿਟਾਉਣ ਵਾਲਿਆੰ ਦਾ ਭਰਪੂਰ ਸਾਥ ਦੇ ਕੇ ਇਹਨਾੰ ਨੇ ਗੁਰੂ ਅਤੇ ਸਿੱਖਾੰ ਪ੍ਰਤੀ ਆਪਣੀ ਨਫ਼ਰਤ ਦਾ ਮੁਜ਼ਾਹਰਾ ਅਜੇ ਕੱਲ੍ਹ ਕੀਤਾ ਸੀ।
ਇੱਕ ਕਥਾ ਕਹਿੰਦੀ ਹੈ ਕਿ ਸ਼ਹੀਦੀ ਤੋੰ ਪਹਿਲਾੰ ਬਲਦੀ ਅੱਗ ਵਿੱਚ ਤਿੰਨ ਸਰ੍ਹੋੰ ਦੇ ਦਾਣਿਆੰ ਨੂੰ ਮਹਿਫ਼ੂਜ਼ ਵਿਖਾ ਕੇ ਗੁਰੂ ਨੇ ਸੰਕੇਤ ਦਿੱਤਾ ਸੀ ਕਿ ਉਹ ਤੀਸਰ ਪੰਥ ਦੇ ਰਾਖੇ ਹਨ ਜੋ ਸਭ ਦੀ ਪੱਤ ਦਾ ਜਾਮਨ ਹੈ। ਕੀ ਇਹ ਸ਼ਿਖੰਡੀ ਦੇ ਓਹਲੇ ਸੰਘ ਪਾੜ-ਪਾੜ ਨਫ਼ਰਤ ਬੀਜਣ ਵਾਲੇ ਗੁਰੂ ਤੇਗ਼ ਬਹਾਦਰ ਦੇ ਤੀਸਰ ਪੰਥ ਨੂੰ ਸੰਵਿਧਾਨਕ ਮਾਨਤਾ ਦਿਵਾਉਣ ਲਈ ਤਿਆਰ ਹਨ? ਕਿ ਜਾੰ ਏਸ ਨੂੰ ਸੁਤੰਤਰ ਧਰਮ ਵਜੋੰ ਮਿਲੀ ਆਲਮੀ ਮਾਨਤਾ ਨੂੰ ਜੜ੍ਹੋੰ ਖ਼ਤਮ ਕਰ ਕੇ ਆਪਣੇ ਨਿਗੂਣੇ ਪਰਿਵਾਰ ਵਿੱਚ ਜਜ਼ਬ ਕਰਨ ਲਈ ਉਤਾਵਲੇ ਹਨ?
ਸਵਾਲ ਹੋਰ ਵੀ ਹਨ – ਕਦੇ ਫ਼ੇਰ ਪੁੱਛਾੰਗੇ।
ਔਰੰਗਜ਼ੇਬ ਗੁਰੂ ਦਾ ਕਾਤਲ, ਹਿੰਦ ਦੀ ਅਣਖ ਦਾ ਕਾਤਲ, ਮਨੁੱਖ ਦੀ ਧਾਰਮਕ-ਰਾਜਸੀ ਅਜ਼ਾਦੀ ਦਾ ਕਾਤਲ ਜ਼ਾਲਮ ਤਾਨਾਸ਼ਾਹ ਸੀ। ਜਿੰਨੀ ਦੇਰ ਉਹ ਜਿਊੰਦਾ ਸੀ ਅਸੀੰ ਓਸ ਨਾਲ ਦੁਸ਼ਮਣੀ ਦੀ ਰੀਤ ਬਖ਼ੂਬੀ ਨਿਭਾਈ। ਅਸੀੰ ਰਣਜੀਤ ਨਗਾਰਾ ਬਣ ਓਸ ਦੀਆੰ ਰਾਤਾੰ ਦੀ ਨੀੰਦ ਹਰਾਮ ਕਰਦੇ ਰਹੇ। ਅਸੀੰ ਓਸ ਦੇ ਘੋੜਿਆੰ ਦੇ ਨਾਲ਼ਾੰ ਹੇਠ ਦੋਜ਼ਖ ਦੀ ਅੱਗ ਬਾਲੀ। ਅੱਜ ਓਸ ਨੂੰ ਕਬਰਾੰ ਵਿੱਚ ਸੁੱਤੇ ਨੂੰ ਸਦੀਆੰ ਹੋ ਗਈਆੰ ਹਨ। ਓਸ ਦਾ ਜਿਸਮ ਅਤੇ ਹੱਡੀਆੰ ਕਿਰਮ ਖਾ ਚੁੱਕੇ ਹਨ। ਕਿਆਮਤ ਦੇ ਦਿਨ ਜਦੋੰ ਜੀ ਉੱਠੇਗਾ ਤਾੰ ਓਸ ਦੇ ਪੈਗੰਬਰ ਨੇ ਓਸ ਵੱਲ ਪਿੱਠ ਮੋੜਨੀ ਹੈ – ਇਹ ਇੰਤਜ਼ਾਮ ਵੀ ਦਸਮੇਸ਼ ਦੇ ਨੀਹਾੰ ਿਵੱਚ ਚਿਣੀੰਦੇ ਬਾਲ ਸਾਹਿਬਜ਼ਾਦੇ ਕਰ ਚੁੱਕੇ ਹਨ।
ਓਸ ਦੇ ਪੁੱਤਰ ਨੇ ਸਾਹਿਬ ਕਲਗ਼ੀਧਰ ਨੂੰ ਸੰਕੇਤਕ ਤੌਰ ਉੱਤੇ ਤਖ਼ਤ ਉੱਤੇ ਬਰਾਬਰ ਬਿਠਾ ਕੇ, ਹਜ਼ਰਤ ਅਲੀ ਦਾ ਖੰਡਾ ਉਹਨਾੰ ਨੂੰ ਭੇਟ ਕਰ ਕੇ ਓਸ ਦੇ ਗੁਨਾਹਾੰ ਲਈ ਮੁਆਫ਼ੀ ਮੰਗ ਲਈ ਸੀ। ਹੁਣ ਸਾਡੀ ਨੌਰੰਗੇ ਤੁਰਕੜੇ ਨਾਲ ਕੋਈ ਦੁਸ਼ਮਣੀ ਨਹੀੰ। ਪਿਛਲੇ ਸਮਿਆੰ ਵਿੱਚ ਨਾਦਰਸ਼ਾਹੀ ਤਰਜ਼ ਉੱਤੇ ਸਿੱਖਾੰ ਦਾ ਦਿੱਲੀ ਵਿੱਚ ਕਤਲੇਆਮ ਕਰ ਕੇ ਅਜੋਕੇ ਸਾਮਰਾਜ ਨੇ ਮੁਗ਼ਲਾੰ ਵਿਰੁੱਧ ਸਾਡੇ ਸਾਰੇ ਗਿਲ਼ੇ-ਸ਼ਿਕਵੇ ਤਕਰੀਬਨ ਭੁਲਾ ਦਿੱਤੇ ਹਨ। ਨੌਰੰਗੇ ਦੀ ਸਿੱਖ ਦੁਸ਼ਮਣੀ ਦੇ ਬਾਵਜੂਦ ਦਿੱਲੀ ਵਿੱਚ ਖ਼ਾਲਸੇ ਦੀ ਮਾਤਾ, ਭਾਈ ਮਨੀ ਸਿੰਘ, ਭਾਈ ਨੰਦ ਲਾਲ ਮਹਿਫ਼ੂਜ਼ ਸਨ। ਚੁਰਾਸੀ ਵਿੱਚੋੰ ਗੁਜ਼ਰੇ ਅਸੀੰ ਹੁਣ ਇਹ ਦਾਅਵਾ ਨਹੀੰ ਕਰ ਸਕਦੇ ਕਿ ਅਸੀੰ ਬਤੌਰ ਸਿੱਖ ਦਿੱਲੀ ਵਿੱਚ ਮਹਿਫ਼ੂਜ਼ ਹਾੰ ਤੇ ਸਾਡੀ ਇੱਜ਼ਤ ਸਭ ਦੀ ਸਾਂਝੀ ਇੱਜ਼ਤ ਹੈ ਜਿਵੇੰ ਕਿ ਉਹਨਾੰ ਦੀ ਇੱਜ਼ਤ ਸਾਡੀ ਇੱਜ਼ਤ ਹੁੰਦੀ ਸੀ।
ਅਸੀੰ ਅੱਜ ਦੇ ਨੌਰੰਗਿਆੰ ਨਾਲ ਸਿੱਝਣ ਲਈ ਮਜਬੂਰ ਹਾੰ। ਕੱਲ੍ਹ ਦਾ ਨੌਰੰਗਾ ਹੁਣ ਓਨਾ ਵੱਡਾ ਦੁਸ਼ਮਣ ਨਹੀੰ ਜਾਪਦਾ – ਉਹ ਇਤਿਹਾਸ ਦਾ ਪਰਛਾਵਾੰ ਬਣ ਚੁੱਕਾ ਹੈ। ਦਿੱਲੀ ਦੇ ਕਣ-ਕਣ ਵਿੱਚ, ਔਰੰਗਜ਼ੇਬ ਰੋਡ ਸਮੇਤ, ਨਿਰਦੋਸ਼ ਸਿੱਖਾੰ ਦਾ ਖੂਨ ਸਮਾਇਆ ਹੋਇਆ ਹੈ। ਸਾਰੀਆੰ ਸੜਕਾੰ ਲਾਲੋ-ਲਾਲ ਹਨ: “ਦਿੱਲੀ ਹੈੰਸਿਆਰੀਏ ਤੈੰ ਰੱਤ ਧੜੀ ਲਵਾਈ। ਤੂੰ ਮਾਸ ਖਾਏੰ ਇਉੰ ਪੁੱਤਰਾੰ ਜਿਉੰ ਬਕਰ ਕਸਾਈ।”
ਅਸੀੰ ਕਦੇ ਵੀ ਨਹੀੰ ਚਾਹੁੰਦੇ ਕਿ ਜਿਸ ਖੂਨੀ ਸੜਕ ਉੱਤੇ ਨੌਰੰਗੇ ਦਾ ਨਾਪਾਕ ਨਾੰਅ ਛਪਿਆ ਸੀ ਓਸ ਉੱਤੇ ਹਿੰਦ ਦੀ ਚਾਦਰ ਸੱਚੇ ਸਾਹਿਬ ਦਾ ਨਾੰਅ ਲਿਖਿਆ ਜਾਵੇ। ਬਦਲੀਆੰ ਪ੍ਰਸਥਿਤੀਆੰ ਵਿੱਚ ਇਹ ਬਹੁਤ ਢੁਕਵਾੰ ਹੋਵੇਗਾ ਜੇ ਦਿੱਲੀ ਦਾ ਹੀ ਨਾੰਅ ਬਦਲ ਕੇ ਔਰੰਗਾਬਾਦ ਕਰ ਦਿੱਤਾ ਜਾਵੇ। ਇਹ ਦਿੱਲੀ ਦੀ ਫ਼ਿਤਰਤ ਅਤੇ ਦਿੱਲੀ ਵਿੱਚ ਰਾਜ ਕਰਦੀ ਜਮਾਤ ਦੀ ਮੱਕਾਰ ਮਾਨਸਿਕਤਾ ਦੇ ਵੀ ਐਨ ਅਨੁਕੂਲ ਹੈ।
Related Topics: Gurtej Singh (Former IAS)