February 26, 2017 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਲ 2012 ਵਿੱਚ ਆਜ਼ਾਦ ਤੌਰ ’ਤੇ ਵਿਧਾਇਕ ਚੁਣੇ ਜਾਣ ਉਪਰੰਤ ਆਪਣੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਹਾਕਮ ਬਾਦਲ ਦਲ ਨਾਲ ਸਬੰਧ ਰੱਖਣ ਨੂੰ ਆਪਣੀ ਜ਼ਿੰਦਗੀ ਦੀ ਇਕ ਬੱਜਰ ਗਲਤੀ ਆਖਦਿਆਂ ਕਿਹਾ ਕਿ ਉਹ ਇਸ ਲਈ ਸਦਾ ਹੀ ਪਛਤਾਉਂਦੇ ਰਹਿਣਗੇ। ਬੈਂਸ ਪਾਰਟੀ ਦੇ ਯੂਥ ਵਿੰਗ ਲਈ ਨਵੀਂ ਨਿਯੁਕਤੀ ਕਰਨ ਲਈ ਇਥੇ ਆਏ ਸਨ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਇਸ ਹਲਕੇ ਦੇ ਉਮੀਦਵਾਰ ਕਰਤਾਰ ਸਿੰਘ ਪਹਿਲਵਾਨ, ਲੋਕ ਇਨਸਾਫ਼ ਪਾਰਟੀ ਦੇ ਆਗੂ ਅਮਰੀਕ ਸਿੰਘ ਵਰਪਾਲ ਸਮੇਤ ਕਈ ‘ਆਪ’ ਆਗੂ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਲੋਕ ‘ਆਪ’ ਦੀ ਸਰਕਾਰ ਦਾ ਗਠਨ ਕਰਨ ਲਈ ਆਪਣਾ ਮਤਦਾਨ ਦੇ ਚੁੱਕੇ ਹਨ ਤੇ ਸੂਬੇ ਅੰਦਰੋਂ 11 ਮਾਰਚ ਨੂੰ ਵੋਟਾਂ ਦੇ ਨਤੀਜਿਆਂ ਉਪਰੰਤ ਲਿਫਾਫੇ ਦੀ ਰਾਜਨੀਤੀ ਦਾ ਖਾਤਮਾ ਕੀਤਾ ਜਾ ਸਕੇਗਾ। ਉਨ੍ਹਾਂ ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਸੱਤਾ ਪ੍ਰਤੀ ਭੁੱਖ ਦਾ ਨਾਂ ਦਿੱਤਾ। ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਆਪ ਨੂੰ ਯੋਗ ਉਮੀਦਵਾਰ ਨਹੀਂ ਆਖਿਆ। ਉਨ੍ਹਾਂ ਹਰਿਆਣਾ ਦੇ ਇਨੈਲੋ ਆਗੂਆਂ ਦੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਕਰਨ ਲਈ ਆਉਣ ’ਤੇ ਉਹ ਖੁਦ ਵੀ ਹਰਿਆਣਾ ਦੇ ਆਗੂਆਂ ਨਾਲ ਨਿਪਟਣ ਲਈ ਤਿਆਰ ਸਨ। ਉਨ੍ਹਾਂ ਇਸ ਕਾਰਵਾਈ ਨੂੰ ਬਾਦਲਾਂ ਅਤੇ ਚੌਟਾਲਿਆਂ ਦੀ ਸਾਂਝੀ ਚਾਲ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਤਸ਼ੱਦਦ ਕਰਕੇ ਹੀ ਚੋਣਾਂ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
Related Topics: Lok Insaf Party, Simarjit Bains