ਖਾਸ ਖਬਰਾਂ » ਸਿਆਸੀ ਖਬਰਾਂ

ਅਸਾਮ ਐਨਆਰਸੀ: ਟੀਐਮਸੀ ਦੇ ਵਫਦ ਨੂੰ ਅਸਾਮ ਦੇ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲਿਆ, ਮਮਤਾ ਨੇ ਕਿਹਾ “ਸੁਪਰ ਐਮਰਜੈਂਸੀ”

August 2, 2018 | By

ਨਵੀਂ ਦਿੱਲੀ: ਸੋਮਵਾਰ ਨੂੰ ਅਸਾਮ ਵਿਚ ਜਾਰੀ ਕੀਤੇ ਗਏ ਨੈਸ਼ਨਲ ਰਜਿਸਟਰ ਆਫ ਸਿਟਜ਼ਿਨਸ਼ਿਪ (ਐਨਆਰਸੀ) ਖਿਲਾਫ ਹੋਣ ਵਾਲੀ ਰੈਲੀ ਵਿਚ ਭਾਗ ਲੈਣ ਲਈ ਅਸਾਮ ਗਏ ਤ੍ਰਿਣਾਮੁਲ ਕਾਂਗਰਸ ਪਾਰਟੀ (ਟੀਐਮਸੀ) ਦੇ ਵਫਦ ਨੂੰ ਸਿਲਚਾਰ ਹਵਾਈ ਅੱਡੇ ‘ਤੇ ਗ੍ਰਿਫਤਾਰ ਕਰਨ ਦੀ ਖਬਰ ਹੈ।

ਅਸਾਮ ਵਿਚ ਨਾਗਰਿਕਤਾ ਸਬੰਧੀ ਕੀਤੀਆਂ ਗਈਆਂ ਨਵੀਂਆਂ ਦਰਜ ਤੋਂ ਬਾਅਦ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਖਿਲਾਫ ਮੋਰਚਾ ਖੋਲਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਟੀਐਮਸੀ ਦੇ ਅਸਾਮ ਗਏ ਐਮਪੀ ਵਫਦ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਨੂੰ “ਸੁਪਰ ਐਮਰਜੈਂਸੀ” ਦੱਸਿਆ ਹੈ।

ਐਨਆਰਸੀ ਇਕ ਸੂਚੀ ਹੈ ਜਿਸ ਰਾਹੀਂ ਇਹ ਤੈਅ ਕੀਤਾ ਜਾਂਦਾ ਹੈ ਕਿ ਕੌਣ ਭਾਰਤ ਦਾ ਨਾਗਰਿਕ ਹੈ ਤੇ ਕੌਣ ਨਹੀਂ। ਅਸਾਮ ਵਿਚ ਹੋਏ ਐਨਆਰਸੀ ਰਾਹੀਂ ਅਸਾਮ ਦੇ ਭਾਰਤੀ ਨਾਗਰਿਕਾਂ ਦੀ ਸੂਚੀ ਬਣਾਈ ਗਈ ਹੈ ਜਿਸ ਵਿਚ ਲੰਬੇ ਸਮੇਂ ਤੋਂ ਅਸਾਮ ਵਿਚ ਰਹਿ ਰਹੇ 40 ਲੱਖ ਦੇ ਕਰੀਬ ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ।

ਟੀਐਮਸੀ ਦਾ ਐਮਪੀ ਵਫਦ ਦੋ ਦਿਨਾਂ ਦੇ ਅਸਾਮ ਦੌਰੇ ‘ਤੇ ਗਿਆ ਸੀ ਜਿੱਥੇ ਉਨ੍ਹਾਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੈਸ਼ਨਲ ਰਜਿਸਟਰ ਆਫ ਸਿਟਿਜ਼ਨਸ਼ਿਪ (ਐਨਆਰਸੀ) ਖਿਲਾਫ ਹੋਣ ਵਾਲੀ ਰੈਲੀ ਵਿਚ ਭਾਗ ਲੈਣਾ ਸੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਟੀਐਮਸੀ ਦੇ ਮੁਖੀ ਹੋਂਚੋ ਨੇ ਕਿਹਾ ਕਿ ਅਸਾਮ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਤਾਕਤ ਦੀ ਨਜ਼ਾਇਜ਼ ਵਰਤੋਂ ਕਰ ਰਹੀ ਹੈ।

ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਵਫਦ ਵਿਚ ਸ਼ਾਮਿਲ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਅਸਾਮ ਪੁਲਿਸ ਨੇ ਖਿੱਚਧੂਹ ਕੀਤੀ। ਉਨ੍ਹਾਂ ਕਿਹਾ ਕਿ ਵਫਦ ਵਿਚ ਸ਼ਾਮਿਲ ਔਰਤ ਆਗੂਆਂ ਨਾਲ ਵੀ ਖਿੱਚਧੂਹ ਕੀਤੀ ਗਈ।

ਮਮਤਾ ਨੇ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਉਨ੍ਹਾਂ ਦੇ ਅੰਤ ਦੀ ਸ਼ੁਰੂਆਤ ਹੈ। ਉਹ ਨਿਰਾਸ਼ ਹੋ ਚੁੱਕੇ ਹਨ। ਇਸੇ ਲਈ ਉਹ ਬਦਮਾਸ਼ਾਂ ਦੇ ਟੋਲੇ ਵਾਂਗ ਵਿਹਾਰ ਕਰ ਰਹੇ ਹਨ।”

ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਦੀ ਅਹਵਾਈ ਵਿਚ ਟੀਐਮਸੀ ਭਾਜਪਾ ਨੂੰ ਇਕ ਵੱਡੀ ਚੁਣੌਤੀ ਦੇ ਰਹੀ ਹੈ ਤੇ ਉਨ੍ਹਾਂ ਨੂੰ ਭਾਰਤ ਵਿਚ ਭਾਜਪਾ ਵਿਰੋਧੀ ਬਣਨ ਵਾਲੇ ਕਿਸੇ ਵੀ ਗਠਜੋੜ ਦੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਵਿਚ ਮਮਤਾ ਬੈਨਰਜੀ ਨੇ ਇਹ ਹੀ ਕਿਹਾ ਕਿ ਉਨ੍ਹਾਂ ਦਾ ਇਕ ਹੀ ਨਿਸ਼ਾਨਾ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੈ।

ਇਸ ਤੋਂ ਪਹਿਲਾਂ ਐਨਆਰਸੀ ਵਿਚ 40 ਲੱਖ ਲੋਕਾਂ ਦੇ ਨਾਂ ਬਾਹਰ ਕਰ ਦਿੱਤੇ ਜਾਣ ‘ਤੇ ਬਿਆਨ ਦਿੰਦਿਆਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਭਾਜਪਾ ਦੀ ਪਾੜ ਪਾਊ ਨੀਤੀ ਨਾਲ ਭਾਰਤ ਵਿਚ ਖਾਨਾਜੰਗੀ ਦੇ ਹਾਲਾਤ ਬਣ ਰਹੇ ਹਨ। ਇਸ ਬਿਆਨ ਦੇ ਅਧਾਰ ‘ਤੇ ਭਾਜਪਾ ਦੀ ਨੌਜਵਾਨ ਇਕਾਈ ਭਾਰਤੀ ਜਨਤਾ ਯੁਵਾ ਮੋਰਚਾ ਨੇ ਅਸਾਮ ਵਿਚ ਮਮਤਾ ਬੈਨਰਜੀ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਾਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,