ਲੇਖ

ਸ਼ਹੀਦ ਦਿਲਾਵਰ ਸਿੰਘ ਮਾਂ-ਬਾਪ ਦੀਆਂ ਯਾਦਾਂ ਦੇ ਝਰੋਖੇ ਵਿਚੋਂ…

August 31, 2018 | By

ਇਹ ਲਿਖਤ ਸਾਲ 2009 ਵਿੱਚ ਭਾਈ ਦਿਲਾਵਰ ਸਿੰਘ ਦੇ ਪਰਵਾਰ ਨਾਲ ਮੁਲਾਕਾਤ ਤੋਂ ਬਾਅਦ ਲਿਖੀ ਇਕ ਲਿਖਤ “ਉਨ੍ਹਾਂ ਦੀਆਂ ਗੱਲਾਂ ਦੇ ਮਤਲਬ ਐਨੇ ਸਿੱਧੇ ਨਹੀਂ ਸਨ”, ਜੋ ਕਿ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਅਗਸਤ 2009 ਅੰਕ ਵਿੱਚ ਛਪੀ ਸੀ, ਉੱਤੇ ਅਧਾਰਤ ਹੈ – ਸੰਪਾਦਕ।

ਗੁਰੂ ਪਾਤਿਸ਼ਾਹ ਨੇ ਧਰਤ ਪੰਜਾਬ ਦੇ ਜਾਇਆਂ ਵਿੱਚ ਅਣਖ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ-ਸਦੀਆਂ ਬੱਧੀ ਵੀ ਧਰਤੀ ਦੀ ਕੁੱਖ ਵਿੱਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰ ਕੇ ਬੜੇ ਜ਼ੋਰਾਵਰ ਤਰੀਕੇ ਨਾਲ ਪਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਦਾ ਤੇ ਭਰਪੂਰ ਫਲਦਾ ਹੈ। ਭਾਈ ਦਿਲਾਵਰ ਸਿੰਘ ਜਿਸ ਮਾਹੌਲ ਵਿੱਚ ਜੰਮਿਆ-ਪਲਿਆ ਤੇ ਜੋ ਕਾਰਜ ਉਸ ਨੇ ਨੇਪਰੇ ਚਾੜਿਆ ਉਹ ਇੱਸੇ ਦੀ ਹੀ ਦੱਸ ਪਾਉਂਦਾ ਹੈ ਕਿ ਮਾਹੌਲ ਚਾਹੇ ਜਿਸ ਤਰ੍ਹਾਂ ਦਾ ਮਰਜੀ ਹੋਵੇ ਜਦੋਂ ਗੁਰੂ ਦੀ ਨਦਰਿ ਹੋ ਜਾਵੇ ਤਾਂ ਕੋਈ ਵੀ ਸਧਾਰਨ ਸਿੱਖ ਇਤਿਹਾਸ ਵਿੱਚ ਭਾਰੀ ਕਰਿਸ਼ਮੇ ਦਰਜ ਕਰਵਾ ਸਕਦਾ ਹੈ।

ਭਾਈ ਦਿਲਾਵਰ ਸਿੰਘ ਦਾ ਜਨਮ ਪੰਜਾਬ ਦੇ ਮੱਧ ਵਰਗੀ ਸਿੱਖ ਪਰਿਵਾਰ ਵਿੱਚ ਅਗਸਤ 1970 ਵਿੱਚ ਪਿਤਾ ਸ਼ ਹਰਨੇਕ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਦਿਲਾਵਰ ਸਿੰਘ ਹੋਰੀਂ ਤਿੰਨ ਭਰਾ ਸਨ। ਵੱਡੇ ਵੀਰ ਦਾ ਨਾਂ ਚਮਕੌਰ ਸਿੰਘ ਅਤੇ ਛੋਟੇ ਦਾ ਨਾਂ ਹਰਵਿੰਦਰ ਸਿੰਘ ਹੈ। ਦਿਲਾਵਰ ਸਿੰਘ ਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਸ਼ ਹਰਨੇਕ ਸਿੰਘ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਜੈ ਸਿੰਘ ਵਾਲਾ (ਬਠਿੰਡਾ) ਤੋਂ ਪਟਿਆਲੇ ਸ਼ਹਿਰ ਵਿੱਚ ਆ ਕੇ ਰਹਿਣ ਲੱਗ ਪਏ ਕਿਉਂਜੋ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨੌਕਰੀ ਮਿਲ ਗਈ ਸੀ। ਇਸ ਤਰ੍ਹਾਂ ਦਿਲਾਵਰ ਸਿੰਘ ਬਹੁਤਾ ਸਮਾਂ ਸ਼ਹਿਰ ਵਿੱਚ ਹੀ ਰਿਹਾ ਅਤੇ ਸ਼ਹਿਰ ਦੇ ਮਾਹੌਲ ਵਿੱਚ ਹੀ ਪਲਿਆ ਅਤੇ ਪੜ੍ਹਿਆ ਸੀ ਪਰ ਉਸ ਦੇ ਮਾਤਾ ਪਿਤਾ ਅੱਜ ਵੀ ਦੱਸਦੇ ਹਨ ਕਿ ਦਿਲਾਵਰ ਸਿੰਘ ਉੱਪਰ ਆਮ ਤੌਰ ਉੱਤੇ ਸੰਕੋਚਵੇਂ ਤੇ ਤੰਗਦਿਲੀ ਵਾਲੇ ਸ਼ਹਿਰੀ ਸੁਭਾਅ ਦੀ ਕੋਈ ਛਾਪ ਨਹੀਂ ਸੀ। ਪਰਿਵਾਰ ਰਹਿੰਦਾ ਭਾਵੇਂ ਪਟਿਆਲੇ ਸ਼ਹਿਰ ਵਿੱਚ ਹੀ ਸੀ ਪਰ ਉਹ ਜਦੋਂ ਵੀ ਜਿੰਦਗੀ ਦੇ ਰੁਝੇਵਿਆਂ ਵਿੱਚੋਂ ਸਵੱਬ ਬਣਦਾ ਉਹ ਆਪਣੇ ਪਿੰਡ ਬੱਚਿਆਂ ਸਮੇਤ ਜਾ ਆਉਂਦੇ। ਬਚਪਨ ਵਿੱਚ ਜਦੋਂ ਉਹ ਆਪਣੇ ਦਾਦਾ ਜੀ ਨਾਲ ਖੇਡਦਾ ਤਾਂ ਉਨ੍ਹਾਂ ਦੇ ਢਿੱਡ ਉਪਰ ਲੇਟ ਜਾਂਦਾ ਤੇ ਕਹਿੰਦਾ ਕਿ ‘ਬਾ ਜੀ ਜਦੋਂ ਮੈਂ ਵੱਡਾ ਹੋ ਗਿਆ ਤਾਂ ਵੱਡਾ ਡਾਕਟਰ ਬਣੂੰਗਾ’।

ਭਾਈ ਦਿਲਾਵਰ ਸਿੰਘ ਦੀ ਤਸਵੀਰ ਨਾਲ ਉਨ੍ਹਾਂ ਦੇ ਪਿਤਾ ਸ. ਹਰਨੇਕ ਸਿੰਘ ਅਤੇ ਮਾਤਾ ਸੁਰਜੀਤ ਕੌਰ।

ਉਸ ਦਾ ਸੁਭਾਅ ਬਹੁਤ ਮਿਲਾਪੜਾ ਤੇ ਹਸ ਮੁਖ ਸੀ ਜੋ ਕਿਸੇ ਨੂੰ ਆਪਣੀ ਅਪਣੱਤ ਨਾਲ ਮੋਹ ਸਕਦਾ ਸੀ। ਉਸ ਦੀਆਂ ਗੱਲ ਸਿਆਣੀਆਂ ਅਤੇ ਖੁਸ਼ ਕਰਨ ਵਾਲੀਆਂ ਹੁੰਦੀਆ ਸਨ। ਮਾਤਾ ਸੁਰਜੀਤ ਕੌਰ ਅੱਜ ਜਦੋਂ ਉਸ ਦੀਆਂ ਗੱਲਾਂ ਨੂੰ ਯਾਦ ਕਰਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਕੋਈ ਖਾਸ ਤਰ੍ਹਾਂ ਦੀ ਚਮਕ ਸਾਫ ਦੇਖੀ ਜਾ ਸਕਦੀ ਹੈ। ਉਹ ਯਾਦ ਕਰਦੇ ਹਨ ਕਿ ਇਥੇ (ਪਟਿਆਲੇ) ਮਹੱਲੇ ਵਿੱਚ ਉਸ ਦਾ ਬਹੁਤ ਸਤਿਕਾਰ ਸੀ। ਕੁੜੀਆਂ ਦਿਲਾਵਰ ਸਿੰਘ ਦੀ ਬਹੁਤ ਇੱਜਤ ਕਰਦੀਆਂ ਸਨ ਤੇ ਉਸ ਨੂੰ ਆਉਂਦਾ ਵੇਖ ਕੇ ਇੱਕ ਦੂਜੇ ਨੂੰ ਕਹਿੰਦੀਆਂ ਕਿ ‘ਨੀ ਵੀਰ ਆ ਗਿਆ ਹੈ, ਹੁਣ ਗਲੀ ਵਿੱਚ ਜਾਂ ਗੇਟ ਵਿੱਚ ਨਾ ਖੜ੍ਹੋ’। ਮਾਤਾ ਜੀ ਦੱਸਦੇ ਹਨ ਕਿ ਅਸਲ ਵਿੱਚ ਦਿਲਾਵਰ ਸਿੰਘ ਦਾ ਰੋਅਬ ਹੀ ਬਹੁਤ ਸੀ, ਕੋਈ ਵੀ ਉਸ ਸਾਹਮਣੇ ਗਲਤੀ ਕਰਨੋਂ ਝਕਦਾ ਸੀ। ਅੱਜ ਤਾਂ ਜਮਾਨਾ ਬਹੁਤ ਖਰਾਬ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਸ ਸਾਲ (1993 ਵਿੱਚ) ਪਟਿਆਲੇ ਪਾਣੀ (ਹੜ੍ਹ ਦਾ) ਆਇਆ ਤਾਂ ਉਨ੍ਹਾਂ ਦੇ ਮੁੱਹੱਲੇ ਅਤੇ ਆਸ ਪਾਸ ਦੇ ਇਲਾਕੇ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਗਿਆ। ਲੋਕ ਪਾਣੀ ਵਿੱਚ ਫਸ ਗਏ, ਘਰਾਂ ਦਾ ਜ਼ਰੂਰੀ ਸਮਾਨ ਵੀ ਉਨ੍ਹਾਂ ਕੋਲ ਨਹੀਂ ਸੀ। ਉਸ ਸਮੇਂ ਦਿਲਾਵਰ ਸਿੰਘ ਨੂੰ ਜਿਸ ਨੇ ਵੀ ਆਵਾਜ਼ ਦਿੱਤੀ ਉਸ ਨੇ ਉਨ੍ਹਾਂ ਦੀ ਖੂਬ ਮਦਦ ਕੀਤੀ। ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਇਆ, ਉਨ੍ਹਾਂ ਦਾ ਜ਼ਰੂਰੀ ਸਮਾਨ ਕੱਢ ਕੇ ਲਿਆਂਦਾ। ਉਸ ਨੇ ਕਿਸੇ ਦਾ ਵੀ ਕਿਹਾ ਖਾਲੀ ਨਾ ਮੋੜਿਆ, ਮਦਦ ਕਰਨਾ ਤਾਂ ਜਿਵੇਂ ਉਸ ਦੇ ਸੁਭਾਅ ਵਿੱਚ ਹੀ ਸੀ।

ਪਿਤਾ ਸ਼ ਹਰਨੇਕ ਸਿੰਘ ਦੱਸਦੇ ਨੇ ਕਿ ਜਦੋਂ ਦਿਲਾਵਰ ਸਿੰਘ ਨੇ ਬਾਰ੍ਹਵੀਂ ਜਮਾਤ ਪਾਸ ਕਰਕੇ ਸੰਨ 1989 ਵਿੱਚ ਪਟਿਆਲੇ ਵਿਕਰਮ ਕਾਲਜ ਵਿੱਚ ਦਾਖਲਾ ਲਿਆਂ ਤਾਂ ਓਥੇ ਮੁੰਡਿਆਂ ਦੀ ਆਪੋ ਵਿੱਚੀ ਲੜਾਈ ਹੋ ਗਈ। ਦੋ ਵਿਰੋਧੀ ਧੜੇ ਬਣ ਗਏ ਤਾਂ ਅਸੀਂ ਉਸ ਨੂੰ ਇਸ ਮਾਹੌਲ ਤੋਂ ਦੂਰ ਰੱਖਣ ਲਈ ਨਾਨਕੇ ਪਿੰਡ ਪੰਜਗਰਾਂਈ ਕਲਾਂ ਭੇਜ ਦਿੱਤਾ ਜਿੱਥੇ ਉਹ ਤਕਰੀਬਨ ਪੁਲਿਸ ਵਿੱਚ ਭਰਤੀ ਹੋਣ ਤੱਕ ਆਪਣੇ ਮਾਮਾ ਜੀ ਸ਼ ਹਰਨੇਕ ਸਿੰਘ ਕੋਲ ਰਿਹਾ। ਜਦੋਂ 1992 ਵਿੱਚ ਅਖਬਾਰ ਵਿੱਚ ਪੁਲਿਸ ਦੀ ਭਰਤੀ ਬਾਰੇ ਆਇਆ ਤਾਂ ਘਰ ਵਾਲਿਆਂ ਦੇ ਕਹਿਣ ਉੱਤੇ ਦਿਲਾਵਰ ਸਿੰਘ ਪੁਲਿਸ ਵਿੱਚ ਭਰਤੀ ਹੋ ਗਿਆ। ਪੁਲਿਸ ਦੀ ਸਿਖਲਾਈ ਵਗੈਰਾ ਤੋਂ ਬਾਅਦ ਉਸ ਦੀ ਪਹਿਲੀ ‘ਪੋਸਟਿੰਗ’ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਅਤੇ ਦਿਲਾਵਰ ਸਿੰਘ ਆਪਣੀ ਸ਼ਹੀਦੀ ਤੱਕ ਉੱਥੇ ਹੀ ਤਾਇਨਾਤ ਰਿਹਾ। ਇਸ ਧਰਤੀ ਅੱਗੇ ਹਰ ਸਿੱਖ ਦਾ ਸਿਰ ਆਪਣੇ ਲਾਸਾਨੀ ਸ਼ਹੀਦਾਂ, ਛੋਟੇ ਸਾਹਿਬਜ਼ਾਦਿਆ – ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਦੀ ਸ਼ਹਾਦਤ ਅੱਗੇ ਸਤਿਕਾਰ ਨਾਲ ਝੁਕਦਾ ਹੈ। ਇਹ ਉਹੀ ਧਰਤੀ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਾਲਮ ਵਜ਼ੀਰ ਖਾਨ ਦਾ ਨਾਸ਼ ਕਰਨ ਦੀ ਸਾਖੀ ਅੱਜ ਵੀ ਸਿੱਖਾਂ ਨੂੰ ਜੁਲਮ ਦਾ ਟਾਕਰਾ ਕਰਨ ਤੇ ਗੁਰੂ ਸਾਹਿਬ ਦਾ ਓਟ-ਆਸਰਾ ਤੱਕਣ ਵੱਲ ਪ੍ਰੇਰਦੀ ਹੈ। ਪਰਿਵਾਰ ਨੂੰ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਲੱਗਦੀ ਕਿ ਜਿਸ ਪੁੱਤ ਨੁੰ ਕਾਲਜ ਦੀ ਲੜਾਈ ਤੋਂ ਬਚਾਉਣ ਲਈ ਨਾਨਕੇ ਭੇਜ ਦਿੱਤਾ ਸੀ ਉਸ ਨੂੰ 1992 ਵਿੱਚ ਜਦੋਂ ਪੰਜਾਬ ਵਿੱਚ ਗਹਿ-ਗੱਚਵੀਂ ਹਥਿਆਰਬੰਦ ਲੜਾਈ ਦਾ ਮਾਹੌਲ ਸੀ, ਉਦੋਂ ਪੁਲਿਸ ਵਿੱਚ ਭਰਤੀ ਹੋ ਜਾਣ ਦੀ ਆਪ ਸਲਾਹ ਦਿੱਤੀ। ਉਨ੍ਹਾਂ ਨੂੰ ਇਹ ਤਾਂ ਬਿਲਕੁਲ ਨਹੀਂ ਸੀ ਪਤਾ ਕਿ ਇਹ ਬਿਧ ਗੁਰੂ ਦੇ ਕਿਸ ਕੌਤਕ ਦਾ ਹਿੱਸਾ ਹੈ ਪਰ ਉਨ੍ਹਾਂ ਦੇ ਮਨ ਵਿੱਚ ਤਾਂ ਇਸ ਨੌਕਰੀ ਕਾਰਨ ਪੁੱਤ ਨੂੰ ਆਉਣ ਵਾਲੇ ਸੰਭਾਵੀ ਜਿਹੇ ਖਤਰੇ ਦਾ ਖਿਆਲ ਵੀ ਨਾ ਆਇਆ।

ਸ਼ਹੀਦ ਭਾਈ ਦਿਲਾਵਰ ਸਿੰਘ

ਇਸੇ ਦੌਰਾਨ ਦਿਲਾਵਰ ਸਿੰਘ ਦੀ ਜਾਣ-ਪਛਾਣ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਹੁੰਦੀ ਹੈ। ਬਾਪੂ ਜੀ (ਸ਼ ਹਰਨੇਕ ਸਿੰਘ) ਦੱਸਦੇ ਨੇ ਕਿ ‘ਬਲਵੰਤ ਤੇ ਦਿਲਾਵਰ ਇਕੱਠੇ ਖੇਡਣ ਜਾਂਦੇ ਸਨ’ ਤੇ ਇਸੇ ਕਰਕੇ ਹੀ ਇਨ੍ਹਾਂ ਦੀ ਮੁਢਲੀ ਜਾਣ-ਪਛਾਣ ਹੋਈ। ‘ਫਿਰ ਬਲਵੰਤ ਸਿੰਘ ਦਾ ਤਾਂ ਸਾਡੇ ਪਰਿਵਾਰ ਨਾਲ ਮੋਹ ਪੈ ਗਿਆ ਸੀ। ਬਲਵੰਤ ਮੈਨੂੰ ‘ਡੈਡੀ’ (ਬਾਪੂ ਜੀ) ਹੀ ਕਹਿੰਦਾ ਸੀ’। ਉਨ੍ਹਾਂ ਦੱਸਿਆ ਕਿ ‘ਸਾਡੇ ਘਰ ਦਿਲਾਵਰ ਸਿੰਘ ਨਾਲ ਬਹੁਤਾ ਬਲਵੰਤ ਸਿੰਘ ਦਾ ਹੀ ਆਉਣਾ ਜਾਣਾ ਸੀ ਤੇ ਕਦੇ-ਕਦਾਈਂ ਉਨ੍ਹਾਂ ਨਾਲ ਲਖਵਿੰਦਰ ਸਿੰਘ ਵੀ ਹੁੰਦਾ ਸੀ ਜੋ ਉਨ੍ਹਾਂ ਵਾਂਗ ਹੀ ਪੁਲਿਸ ਮਹਿਕਮੇਂ ਵਿੱਚ ਸੀ ਤੇ ਸਾਡੇ ਮੁਹੱਲੇ ਦਾ ਹੀ ਹੋਣ ਕਰਕੇ ਦਿਲਾਵਰ ਸਿੰਘ ਦਾ ਪੁਰਾਣਾ ਜਾਣੂੰ ਸੀ’। ਮਾਤਾ-ਪਿਤਾ ਦੱਸਦੇ ਨੇ ਕਿ ਉਨ੍ਹਾਂ ਪਰਿਵਾਰ ਦਾ ਮਾਹੌਲ ਉਸ ਸਮੇਂ ਦੇ ਮਾਹੌਲ ਨਾਲੋਂ ਤਕਰੀਬਨ ਬੇਲਾਗ ਸੀ ਇਸ ਕਰਕੇ ਉਨ੍ਹਾਂ ਇਸ ਗੱਲ ਦਾ ਭੋਰਾ ਵੀ ਪਤਾ ਨਾ ਲੱਗਾ ਕਿ ਦਿਲਾਵਰ ਸਿੰਘ ਇਹ ਕੰਮ ਕਰਨ ਜਾ ਰਿਹਾ ਹੈ (ਭਾਵ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਧਾ ਲਾਉਣ ਜਾ ਰਿਹਾ ਹੈ।) ਉਹ ਯਾਦ ਕਰਦੇ ਨੇ ਕਿ ਉਂਝ ਕਈ ਨਿੱਕੀਆਂ ਨਿੱਕੀਆਂ ਗੱਲਾਂ ਸਨ ਜੋ ਸਾਨੂੰ ਅੱਜ ਲੱਗਦੀਆਂ ਨੇ ਕਿ ਇਨ੍ਹਾਂ ਦੇ ਮਤਲਬ ਇੰਨੇ ਸਿੱਧੇ ਨਹੀਂ ਸਨ ਜਿੰਨੇ ਅਸੀਂ ਉਦੋਂ ਸਮਝੇ ਸਨ। ਉਹ ਕਹਿੰਦੇ ਨੇ ਕਿ ਅਸਲ ਵਿੱਚ ਦਿਲਾਵਰ ਸਿੰਘ ਦਾ ਸੁਭਾਅ ਇੰਨਾ ਮਖੌਲੀ ਸੀ ਕਿ ਉਸ ਵੱਲੋਂ ਕਹੀ ਸੱਚੀ ਗੱਲ ਸੁਣ ਕੇ ਵੀ ਅਸੀਂ ਹੱਸ ਪੈਂਦੇ ਤੇ ਬਹੁਤੀ ਵਾਰ ਅਣਗੌਲੀ ਕਰ ਦੇਂਦੇ। ਬਾਪੂ ਜੀ ਯਾਦ ਕਰਦੇ ਨੇ ਕਿ ਇਕ ਵਾਰ ਬਲਵੰਤ ਸਿੰਘ ਇਹਨੂੰ (ਭਾਈ ਦਿਲਾਵਰ ਸਿੰਘ ਨੂੰ) ਘਰ ਛੱਡਣ ਆਇਆ। ਜੋਦੋਂ ਉਹ ਜਾਣ ਲੱਗਾ ਤਾਂ ਮੈਂ ਕਿਹਾ ਕਿ ਤੂੰ ਦਿਲਾਵਰ ਨੂੰ ਸਮਝਾ ਕਿ ਇਹ ਹੁਣ ਵਿਆਹ ਕਰਵਾ ਲਵੇ ਸਾਡੇ ਕੋਲ ਇੱਕ ਬਹੁਤ ਵਧੀਆ ਰਿਸ਼ਤਾ ਆ ਰਿਹਾ ਏ। ਤਾਂ ਬਲਵੰਤ ਸਿੰਘ ਅੱਗੋਂ ਕਹਿਣ ਲੱਗਾ ਕਿ ਡੈਡੀ ਤੁਸੀਂ ਦੋ ਕੁ ਮਹੀਨੇ ਠਹਿਰ ਜਾਓ ਫਿਰ ਸਾਡਾ ਦੋਹਾਂ ਦਾ ਇਕੱਠਿਆਂ ਹੀ ਰਿਸ਼ਤਾ ਕਰ ਦਿਓ। ਉਦੋਂ ਸਾਨੂੰ ਇਹ ਨਾ ਪਤਾ ਲੱਗਾ ਕਿ ਇਹ ਕਿੱਥੋਂ ਬੋਲਦੇ ਨੇ। ਮਾਤਾ ਜੀ ਨੇ ਦੱਸਿਆ ਕਿ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਜਦੋਂ ਮੈਂ ਘਰ ਵਿੱਚ ਕੁਝ ਕੰਮ ਕਰ ਰਹੀ ਸੀ ਤਾਂ ਦਿਲਾਵਰ ਸਿੰਘ ਮੰਜੇ ਉਤੇ ਬੈਠਾ ਸੀ। ਮੈਂ ਉਸ ਦੀਆਂ ਅਡੀਆਂ ‘ਤੇ ਹੱਥ ਲਾ ਕਿ ਕਿਹਾ ਕਿ ਤੇਰੇ ਪੈਰ ਤਾਂ ਬਹੁਤ ਕੂਲੇ ਨੇ ਤੇ ਉਹ ਅੱਗੋਂ ਕਹਿਣ ਲੱਗਾ ਫਿਕਰ ਨਾ ਕਰੋਂ ਹੁਣ ਜਲਦ ਹੀ ਇਨ੍ਹਾਂ ਨੂੰ ਖੁਰੀਆਂ ਲੱਗ ਜਾਣੀਆਂ ਹਨ।

ਪਰਿਵਾਰ ਨੇ ਦੱਸਿਆ ਕਿ ਦਿਲਾਵਰ ਸਿੰਘ ਤਕਰੀਬਨ ਅੱਠ ਕੁ ਦਿਨ (31 ਅਗਸਤ 1995 ਵਾਲੇ ਦਿਨ ਤੋਂ) ਪਹਿਲਾਂ ਘਰੋਂ ਚਲਾ ਗਿਆ। ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਚੰਡੀਗੜ੍ਹ ਜਾਣਾ ਹੈ ਤੇ ਛੋਟੇ ਭਰਾ ਹਰਵਿੰਦਰ ਸਿੰਘ ਂਨੂੰ ਕਿਹਾ ਕਿ ਮੈਨੂੰ ਬੱਸੇ ਚੜ੍ਹਾ ਆ। ਪਰ ਘਰੋਂ ਜਾਣ ਤੋਂ ਬਾਅਦ ਹਰਵਿੰਦਰ ਨੂੰ ਆਪਣਾ ਬਟੂਆ ਸਾਰੇ ਸਮਾਨ ਸਮੇਤ ਫੜਾ ਦਿੱਤਾ ਤੇ ਕਿਹਾ ਕਿ ਉਹ ਉਸ ਨੂੰ ਬਲਵੰਤ ਸਿੰਘ ਕੋਲ ਛੱਡ ਆਵੇ ਤੇ ਇਸ ਬਾਰੇ ਘਰ ਕਿਸੇ ਨੂੰ ਨਾ ਦੱਸੇ। ਉਸ ਦਿਨ ਤੋਂ ਬਾਅਦ ਮੁੜ ਦਿਲਾਵਰ ਸਿੰਘ ਕਦੇ ਘਰ ਨਾ ਆਇਆ। 30 ਅਗਸਤ 1992 ਦੀ ਰਾਤ ਨੂੰ ਦਿਲਾਵਰ ਸਿੰਘ, ਬਲਵੰਤ ਸਿੰਘ ਨੂੰ ਨਾਲ ਲੈ ਕੇ ਆਪਣੇ ਵੱਡੇ ਵੀਰ ਚਮਕੌਰ ਸਿੰਘ ਕੋਲ ਚੰਡੀਗੜ੍ਹ ਰਿਹਾ ਜੋ ਓਥੇ ਕਿਸੇ ਸਰਕਾਰੀ ਮਹਿਕਮੇਂ ਵਿੱਚ ਨੌਕਰੀ ਕਰਦੇ ਸਨ ਤੇ ਆਪਣੇ ਬਾਲ-ਬੱਚੇ ਸਮੇਤ ਓਥੇ ਹੀ ਰਹਿੰਦੇ ਸਨ। ਉਨ੍ਹਾਂ (ਦਿਲਾਵਰ ਸਿੰਘ ਹੋਰਾਂ) ਕੋਲ ਉਹ ਅੰਬੈਸਡਰ ਕਾਰ ਵੀ ਸੀ ਜੋ ਉਨ੍ਹਾਂ ਪੰਜਾਬ ਦੇ ਜਾਲਮ ਮੁੱਖ ਮੰਤਰੀ ਨੂੰ ਸੋਧਾ ਲਾਉਣ ਦੇ ਕਾਰਜ ਵਿੱਚ ਵਰਤਣੀ ਸੀ। ਜਦੋਂ ਭਰਾ-ਭਰਜਾਈ ਨੇ ਪੁੱਛਿਆ ਕਿ ਇਹ ਕਾਰ ਕਿਵੇਂ ਲਈ ਹੈ ਤਾਂ ਦੋਵੇਂ ਅੱਗੇ ਹੱਸ ਕਿ ਕਹਿਣ ਲੱਗੇ ਕਿ ਅਸੀਂ ਇਹ ਟੈਕਸੀ ਪਾਉਣੀ ਹੈ। 31 ਅਗਸਤ 1995 ਦੇ ਦਿਨ ਸਵੇਰੇ ਦਿਲਾਵਰ ਸਿੰਘ ਆਪਣੇ ਭਤੀਜੇ ਨੂੰ ਉਸੇ ਕਾਰ ਵਿੱਚ ਸਕੂਲ ਛੱਡ ਕੇ ਆਇਆ। ਮੁੜ ਪਰਿਵਾਰ ਦੇ ਕਿਸੇ ਜੀਅ ਨੇ ਉਸ ਦੀ ਮਨ ਨੂੰ ਖੇੜਾ ਦੇਣ ਵਾਲੀ ਆਵਾਜ਼ ਨਾ ਸੁਣੀ। ਉਹ ਜੋ ਕੁਝ ਕਰ ਗਿਆ ਉਸ ਨਾਲ ਉਸ ਨੇ ਤਾਂ ਆਪਣਾ ਨਾਅ ਇਤਿਹਾਸ ਵਿੱਚ ਸਦਾ ਲਈ ਦਰਜ ਕਰਾ ਦਿੱਤਾ।

31 ਅਗਸਤ 1995 ਨੂੰ ਸ਼ਹੀਦ ਦਿਲਾਵਰ ਸਿੰਘ ਨੇ ਆਪਣਾ ਆਪ ਵਾਰ ਕੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲਾਂ ਲਈ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਬੋਝ ਭਰੀ ਹੋਂਦ ਤੋਂ ਇਸ ਪਵਿੱਤਰ ਧਰਤੀ ਨੂੰ ਮੁਕਤ ਕਰਾ ਦਿੱਤਾ। ਉਸ ਦਿਨ ਸਾਮ ਦੇ ਸਵਾ ਪੰਜ ਵਜੇ ਦਿਲਾਵਰ ਸਿੰਘ ਉਸ ਲਾੜੀ ਨੂੰ ਵਰ ਗਿਆ ਜਿਸ ਨੁੰ ਕਦੇ ਚਮਕੌਰ ਦੀ ਜੰਗ ਦੇ ਮੈਦਾਨ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ ਸਰਹੰਦ ਦੀਆਂ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ 9 ਅਕਤੂਬਰ 1992 ਨੂੰ ਪੂਨੇ ਦੀ ਯੇਰਵੜਾ ਜੇਲ੍ਹ ਵਿੱਚ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਵਰ ਗਏ ਸਨ।

ਭਾਵੇਂ ਦਿਲਾਵਰ ਸਿੰਘ ਦੀ ਮਾਤਾ ਮਮਤਾ ਦੀ ਬੱਝੀ ਅੱਜ ਵੀ ਕਈ ਵਾਰ ਕਹਿ ਦੇਂਦੀ ਹੈ ਕਿ ਕੋਈ ਮਾਂ ਇਹ ਨਹੀਂ ਚਾਹੇਗੀ ਕਿ ਉਸ ਦਾ ਪੁੱਤਰ ਉਸ ਦੀਆਂ ਅੱਖਾਂ ਤੋਂ ਦੂਰ ਹੋ ਜਾਵੇ ਪਰ ਇਹ ਅਹਿਸਾਸ ਮਾਤਾ ਦੇ ਮਨ ਵਿੱਚ ਵੀ ਜਰੂਰ ਹੋਵੇਗਾ ਕਿ ਸੱਚ ਖਾਤਿਰ ਨਿਰਛੱਲ ਤੌਰ ‘ਤੇ ਆਪਾ ਕੁਰਬਾਨ ਕਰਨ ਵਾਲੇ ਸਦਾ ਆਪਣੇ ਚਾਹੁਣ ਵਾਲਿਆਂ ਦੇ ਹੀ ਨਹੀਂ ਬਲਿਕ ਉਸ ‘ਸਚੇ ਮਾਰਗਿ’ ਦੇ ਸਭਨਾ ਪਾਂਧੀਆਂ ਦੇ ਸਦਾ ਅੰਗ-ਸੰਗ ਰਹਿੰਦੇ ਹਨ।

ਭਾਈ ਦਿਲਾਵਰ ਸਿੰਘ ਨੇ ਜਦੋਂ ਇਹ ਭਾਣਾ ਵਰਤਾ ਦਿੱਤਾ ਤਾਂ ਇਸ ਦਾ ਪਰਿਵਾਰ ਨੂੰ ਤਕਰੀਬਨ ਹਫਤੇ ਬਾਅਦ ਪਤਾ ਲੱਗਾ, ਵੈਸੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਕਿਸੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾ ਦਿੱਤਾ ਹੈ ਤਾਂ ਉਨ੍ਹਾਂ ਦਿਲਾਵਰ ਸਿੰਘ ਦਾ ਥਹੁ ਪਤਾ ਕਰਨ ਦੇ ਯਤਨ ਸ਼ੁਰੂ ਕਰ ਦਿਤੇ। ਬਾਪੂ ਜੀ ਦੱਸਦੇ ਹਨ ਕਿ ਅਸੀਂ ਬਲਵੰਤ ਸਿੰਘ ਨੂੰ ਮਿਲਣ ਗਏ ਪਰ ਉਸ ਦਾ ਵੀ ਕੁਝ ਪਤਾ ਨਾ ਲੱਗਾ, ਕੋਈ ਕਹੇ ਉਹ ਛੁੱਟੀ ‘ਤੇ ਗਿਆ ਹੈ, ਤੇ ਕੋਈ ਕਹੇ ਪਤਾ ਨਹੀਂ ਕਿੱਥੇ ਹੈ ਉਸ ਦਾ ਕੋਈ ਸੁਨੇਹਾਂ ਨਹੀਂ ਆਇਆ। ਫਿਰ 4-5 ਸਤੰਬਰ ਦੇ ਕਰੀਬ ਭਾਈ ਦਿਲਾਵਰ ਸਿੰਘ ਦੇ ਪਿਤਾ ਜੀ, ਮਾਮਾ ਜੀ ਅਤੇ ਵੱਡਾ ਭਰਾ ਜਦੋਂ ਦਿਲਾਵਰ ਸਿੰਘ ਦਾ ਪਤਾ ਕਰਨ ਚੰਡੀਗੜ੍ਹ ਗਏ ਸਨ ਤਾਂ ਉਨ੍ਹਾਂ ਨੂੰ ਪੁਲਿਸ ਵਾਲਿਆਂ ਤੋਂ ਪਤਾ ਲੱਗਾ ਕਿ ਇਹ ਕਾਰਜ ਨੇਪਰੇ ਚਾੜ੍ਹਦਿਆਂ ਦਿਲਾਵਰ ਸਿੰਘ ਆਪਾ ਵਾਰ ਗਿਆ ਹੈ। ਪੁਲਿਸ ਵਾਲਿਆਂ ਨੇ ਉਨ੍ਹਾਂ ਤਿੰਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਘਰੋਂ ਮਾਤਾ ਜੀ ਨੂੰ ਤੇ ਵੱਡੀ ਭਰਜਾਈ ਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ। ਪੁਲਿਸ ਹਿਰਾਸਤ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ। ਬੜੀ ਸਖਤ ਪੁੱਛ-ਗਿੱਛ ਸੀ। ਤਕਰੀਬਨ ਹਫਤੇ ਕੁ ਪਿੱਛੋਂ ਪਰਿਵਾਰ ਦੀਆਂ ਔਰਤਾਂ ਨੂੰ ਚੰਡੀਗੜ੍ਹੋਂ ਹੀ ਛੱਡ ਦਿੱਤਾ ਤੇ ਬਾਕੀਆਂ ਨੂੰ ਸੀ. ਬੀ. ਆਈ. (ਭਾਰਤ ਦੀ ਕੇਂਦਰੀ ਜਾਂਚ ਏਜੰਸੀ) ਦਿੱਲੀ ਲੈ ਗਈ। ਉਥੇ ਉਨ੍ਹਾਂ ਤੋਂ ਤਕਰੀਬਨ ਦੋ ਹਫਤੇ ਹੋਰ ਪੁੱਛ-ਗਿੱਛ ਹੁੰਦੀ ਰਹੀ। ਫਿਰ ਉਨ੍ਹਾਂ ਨੂੰ ਛੱਡ ਦਿੱਤਾ ਪਰ ਸਰਕਾਰੀ ਤੰਤਰ ਲਗਾਤਾਰ ਉਨ੍ਹਾਂ ਉੱਤੇ ਨਿਗਰਾਨੀ ਰੱਖਦਾ ਰਿਹਾ ਹੈ ਜੋ ਅੱਜ ਵੀ ਜਾਰੀ ਹੈ। ਭਾਵੇਂ ਕਿ ਇਹ ਪਹਿਲਾਂ ਜਿੰਨੀ ਸਖ਼ਤ ਨਹੀਂ ਦਿਸਦੀ ਤੇ ਹੁਣ ਉਹ (ਸੂਹੀਆ ਏਜੰਸੀਆਂ ਤੇ ਪੁਲਿਸ ਵਾਲੇ) ਕਦੇ ਕਦਾਈਂ ਹੀ ਆਉਂਦੇ ਹਨ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਵਾਲੇ ਸ਼ਹਿਰੀਆਂ ਨੇ ਪਰਿਵਾਰ ਨਾਲੋਂ ਨਾਤਾ ਹੀ ਤੋੜ ਲਿਆ।

ਸ਼ ਹਰਨੇਕ ਸਿੰਘ ਅੱਜ ਵੀ ਉਹ ਸਮਾਂ ਯਾਦ ਕਰਦੇ ਦੱਸਦੇ ਨੇ ਕਿ ਇਹ ਉਹ ਸਮਾਂ ਸੀ ਜਦੋਂ ਸਾਨੂੰ ਕੋਈ ਮਹੱਲੇ ਵਿੱਚ ਪਾਣੀ ਵੀ ਨਹੀਂ ਸੀ ਪੁੱਛਦਾ। ਲੋਕ ਸਾਨੂੰ ਦੇਖ ਕੇ ਪਿੱਠ ਭੁਆਂ ਲੈਂਦੇ ਸਨ। ਜੋ ਚੰਗੇ ਸਨੇਹੀ ਸਨ, ਅਣਜਾਣਾਂ ਵਰਗਾ ਵਿਹਾਰ ਕਰਨ ਲੱਗ ਪਏ। ਉਂਝ ਇੰਨੀ ਗੱਲ ਜ਼ਰੂਰ ਹੈ ਪਿੰਡ ਵਾਲਿਆਂ ਨੇ ਮੋਹ-ਸਨੇਹ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਾ ਪਾਇਆ। ਜਦੋਂ ਪਰਿਵਾਰ ਨੇ ਸੰਨ 1996 ਵਿੱਚ ਭਾਈ ਸਾਹਿਬ ਦੀ ਸ਼ਹਾਦਤ ਦੀ ਪਹਿਲੀ ਯਾਦ ਮਨਾਈ ਤਾਂ ਸਰਕਾਰੀ ਦਬਾਅ ਪੈਣ ਲੱਗਾ ਕਿ ਬਰਸੀ ਗੁਰਦੁਆਰੇ ਦੀ ਜਗ੍ਹਾ ਘਰ ਵਿੱਚ ਮਨਾਈ ਜਾਵੇ, ਪਰ ਪਰਿਵਾਰ ਨੇ ਕਿਹਾ ਕਿ ਗੁਰੂ ਪਾਤਿਸ਼ਾਹ ਨੇ ਧਰਤ ਪੰਜਾਬ ਦੇ ਜਾਇਆਂ ਵਿੱਚ ਅਣਖ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ-ਸਦੀਆਂ ਬੱਧੀ ਵੀ ਧਰਤੀ ਦੀ ਕੁੱਖ ਵਿੱਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰ ਕੇ ਬੜੇ ਜ਼ੋਰਾਵਰ ਤਰੀਕੇ ਨਾਲ ਪਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਦਾ ਤੇ ਭਰਪੂਰ ਫਲਦਾ ਹੈ। ਭਾਈ ਦਿਲਾਵਰ ਸਿੰਘ ਜਿਸ ਮਾਹੌਲ ਵਿੱਚ ਜੰਮਿਆ-ਪਲਿਆ ਤੇ ਜੋ ਕਾਰਜ ਉਸ ਨੇ ਨੇਪਰੇ ਚਾੜਿਆ ਉਹ ਇੱਸੇ ਦੀ ਹੀ ਦੱਸ ਪਾਉਂਦਾ ਹੈ ਕਿ ਮਾਹੌਲ ਚਾਹੇ ਜਿਸ ਤਰ੍ਹਾਂ ਦਾ ਮਰਜੀ ਹੋਵੇ ਜਦੋਂ ਗੁਰੂ ਦੀ ਨਦਰਿ ਹੋ ਜਾਵੇ ਤਾਂ ਕੋਈ ਵੀ ਸਧਾਰਨ ਸਿੱਖ ਇਤਿਹਾਸ ਵਿੱਚ ਭਾਰੀ ਕਰਿਸ਼ਮੇ ਦਰਜ ਕਰਵਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,