July 3, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਲੰਗਰ ਹਾਲ ‘ਚ ਵਾਪਰੇ ਹਾਦਸੇ ਵਿੱਚ ਲੰਗਰ ਤਿਆਰ ਕਰਨ ਵਾਲਾ ਸੇਵਾਦਾਰ ਬੁਰੀ ਤਰ੍ਹਾਂ ਝੁਲਸ ਗਿਆ। ਸੇਵਾਦਾਰ ਦੀ ਹਾਲਤ ਕਾਫੀ ਗੰਭੀਰ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਮੀਰੀ-ਪੀਰੀ ਦਿਹਾੜੇ ਮੌਕੇ ਗੁਰੂ ਰਾਮ ਦਾਸ ਲੰਗਰ ਹਾਲ ਵਿੱਚ ਸੰਗਤ ਲਈ ਵੱਡੇ-ਵੱਡੇ ਕੜਾਹਿਆਂ ਵਿੱਚ ਖੀਰ ਤਿਆਰ ਕੀਤੀ ਜਾ ਰਹੀ ਸੀ। ਚਰਨਜੀਤ ਸਿੰਘ ਨਾਮ ਦਾ ਲਾਂਗਰੀ ਖੀਰ ਬਣਾਉਣ ਵਾਲੇ ਕੜਾਹੇ ਨੂੰ ਗਰਮ ਪਾਣੀ ਨਾਲ ਸਾਫ ਕਰ ਰਿਹਾ ਸੀ। ਅਚਾਨਕ ਉਸ ਦਾ ਪੈਰ ਤਿਲਕਿਆ ਤੇ ਉਹ ਵੱਡੇ ਕੜਾਹੇ ਵਿੱਚ ਜਾ ਡਿੱਗਾ। ਘਟਨਾ ਵਾਲੀ ਥਾਂ ‘ਤੇ ਮੌਜੂਦ ਸੇਵਾਦਾਰਾਂ ਨੇ ਫੌਰੀ ਚਰਨਜੀਤ ਸਿੰਘ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਲੰਗਰ ਹਾਲ ਵਿੱਚ ਸੇਵਾ ਕਰਨ ਵਾਲੇ ਰਣਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਵੀ ਲੰਗਰ ਤਿਆਰ ਕਰ ਰਿਹਾ ਸੀ। ਕੜਾਹੇ ਦੁਆਲੇ ਤਿਲਕਣ ਕਰਕੇ ਚਰਨਜੀਤ ਸਿੰਘ ਦਾ ਪੈਰ ਤਿਲਕਿਆ ਤੇ ਉਹ ਕੜਾਹੇ ਵਿੱਚ ਡਿੱਗ ਗਿਆ। ਉਸ ਨੂੰ ਤੁਰੰਤ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਖੀਰ ਬਣਾਉਣ ਵਾਲਾ ਕੜਾਹਾ ਕਾਫੀ ਗਰਮ ਹੋਣ ਕਰਕੇ ਉਸ ਦੇ ਸ਼ਰੀਰ ਦਾ ਕਾਫੀ ਹਿੱਸਾ ਸੜ ਗਿਆ।
ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੇ ਸਰੀਰ ਦਾ 60 ਫੀਸਦੀ ਹਿੱਸਾ ਬੁਰੀ ਤਰ੍ਹਾਂ ਝੁਲਸਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਸਹੀ ਸਲਾਮਤ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
Related Topics: Guru Ramdas G, Langar, Shiromani Gurdwara Parbandhak Committee (SGPC)