ਸਿਆਸੀ ਖਬਰਾਂ » ਸਿੱਖ ਖਬਰਾਂ

ਭਗਵੰਤ ਮਾਨ, ਮਨਪ੍ਰੀਤ ਬਾਦਲ, ਰਵਨੀਤ ਬਿੱਟੂ ਅਤੇ ਕੈਪਟਨ ਅਮਰਿੰਦਰ ਸਿੰਘ ਪੜੇ ਲਿਖੇ ਅਨਪੜ੍ਹ ਹਨ

April 29, 2016 | By

ਅੰਮ੍ਰਿਤਸਰ: ਅਕਾਲੀ ਤੋਂ ਕਾਂਗਰਸੀ ਬਣੇ ਮਨਪ੍ਰੀਤ ਸਿੰਘ ਬਾਦਲ ਵਲੋਂ ਆਪਣੇ ਸਮੇਤ 80 ਫੀਸਦੀ ਸਿੱਖਾਂ ਨੂੰ ਸਹਿਜਧਾਰੀ ਕਹਿਣ ‘ਤੇ ਵਰਦਿਆਂ ਦਲ ਖਾਲਸਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਨਵੇਂ ਆਕਾ ਕੈਪਟਨ ਅਮਰਿੰਦਰ ਸਿੰਘ ਪੜੇ ਲਿਖੇ ਅਨਪੜ੍ਹ ਹਨ ਜਿਨ੍ਹਾਂ ਨੂੰ ਪਤਿਤ ਸਿੱਖ ਅਤੇ ਸਹਿਜਧਾਰੀ ਵਿਚਾਲੇ ਅੰਤਰ ਬਾਰੇ ਉਕਾ ਵੀ ਗਿਆਨ ਨਹੀਂ ਹੈ।

ਪਾਰਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਬੁਲਾਰੇ ਕੰਵਰਪਾਲ ਸਿੰਘ ਨੇ ਕਾਂਗਰਸੀ ਆਗੂਆਂ ਕੈਪਟਨ, ਰਵਨੀਤ ਬਿੱਟੂ ਅਤੇ ਮਨਪ੍ਰੀਤ ਬਾਦਲ ਦੀ ਸੂਝ-ਬੂਝ ਅਤੇ ਧਾਰਮਿਕ ਮਾਮਲਿਆਂ ਬਾਰੇ ਜਾਣਕਾਰੀ ਉਤੇ ਗੰਭੀਰ ਸਵਾਲੀਆ ਚਿੰਨ੍ਹ ਲਾਉਦਿਆਂ ਕਿਹਾ ਕਿ ਇਹ ਆਗੂ ਅਜਿਹੇ ਬਿਆਨਾਂ ਨਾਲ ਆਪਣੇ ਸਿੱਖ ਰਾਜਨੀਤਿਕ ਸਮਰਥਕਾਂ ਨੂੰ ਸ਼ਰਮਸਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦਾ ਇਹ ਇਤਿਹਾਸ ਹੈ ਕਿ ਉਸਨੇ ਡੰਮੀ ਸੰਸਥਾਵਾਂ ਖੜੀਆਂ ਕਰਕੇ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਬੇਲੋੜੀ ਦਖਲਅੰਦਾਜੀ ਕੀਤੀ ਹੈ ਅਤੇ ਸਹਿਜਧਾਰੀ ਸਿੱਖ ਫਰੰਟ ਵੀ ਉਸੇ ਹੀ ਕੜੀ ਦਾ ਹਿੱਸਾ ਹੈ।

Dal Khalsa leaders

ਦਲ ਖਾਲਸਾ ਆਗੂ

READ ENGLISH VERSION OF THIS NEWS:

Capt. Amrinder, Manpreet, Ravneet Bittu and Bhagwant Mann are educated illiterates: Sikh body

ਸਹਿਜਧਾਰੀ ਮਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਦੀ ਧਾਰਾ 10-ਏ ਵਿੱਚ ਸਪਸ਼ਟ ਦਰਜ ਹੈ ਕਿ ਹੋਰਨਾਂ ਸ਼ਰਤਾਂ ਤੋਂ ਇਲਾਵਾ ਉਹ ਵਿਅਕਤੀ ਸਹਿਜਧਾਰੀ ਹੈ ਜੋ ਪਤਿਤ ਨਹੀਂ ਹੈ। ਉਹਨਾਂ ਕਿਹਾ ਕਿ ਪਤਿਤ ਦੀ ਪ੍ਰਭਾਸ਼ਾ ਵਿੱਚ ਦਸਿਆ ਗਿਆ ਹੈ ਕਿ ਕੇਸਾਧਾਰੀ ਸਿੱਖ ਜੋ ਕੇਸਾਂ ਜਾਂ ਰੋਮਾਂ ਦੀ ਬੇਅਦਬੀ ਕਰਦਾ ਹੈ (ਭਾਵ ਦਾੜੀ ਅਤੇ ਕੇਸ ਕਟਦਾ) ਜਾਂ ਉਹ ਜੋ ਅੰਮ੍ਰਿਤ ਛੱਕਣ ਤੋਂ ਬਾਅਦ ਚਾਰ ਕੁਰੈਤਾਂ ਵਿਚੋਂ ਕੋਈ ਕੁਰੈਤ ਕਰਦਾ ਹੈ।
ਉਹਨਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਪਤਿਤ ਸਿੱਖ, ਗੁਰਦੁਆਰਾ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰੀ ਨਹੀਂ ਹੈ।ਪਰ ਇਸ ਦਾ ਇਹ ਮਤਲਬ ਹਰਗਿਜ ਨਹੀ ਕਢਿਆ ਜਾਣਾ ਚਾਹੀਦਾ ਕਿ ਉਹਨਾਂ ਨੂੰ ਸਿੱਖ ਧਰਮ ਵਿੱਚੋਂ ਧਾਰਮਿਕ ਤੌਰ ਤੇ ਬਾਹਰ ਕੱਢਿਆ ਗਿਆ ਹੈ।
ਉਹਨਾਂ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਐਮ.ਪੀ ਭਗਵੰਤ ਮਾਨ, ਮਨਪ੍ਰੀਤ, ਰਵਨੀਤ ਜਾਂ ਰਾਣੂੰ ਸਹਿਜਧਾਰੀ ਨਹੀ ਹਨ ਬਲਕਿ ਉਹ ਪਤਿਤ ਸਿੱਖਾਂ ਦੀ ਕੈਟੇਗਿਰੀ ਵਿੱਚ ਆਉਂਦੇ ਹਨ।

ਮਨਪ੍ਰੀਤ ਬਾਦਲ ਦੇ ਬਿਆਨ ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ, ਕਿ ਹੈਰਾਨੀ ਹੋਈ ਹੈ ਬਾਦਲ ਪਰਿਵਾਰ ਦੇ ਸਹਿਜਧਾਰੀ ਪਿਛੋਕੜ ਬਾਰੇ ਜਾਣਕੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ 80 ਫੀਸਦੀ ਸਿੱਖ ਪਤਿਤ ਨਹੀਂ ਹਨ ਅਤੇ ਇਨ੍ਹਾਂ ਰਾਜਨੀਤਿਕ ਆਗੂਆਂ ਕੋਲ ਪਤਾ ਨਹੀਂ ਕਿਹੜਾ ਮੀਟਰ ਹੈ ਜਿਸ ਜਰੀਏ ਇਹ ਪਤਾ ਕਰ ਲੈਂਦੇ ਹਨ ਕਿ ਕਿੰਨੇ ਫੀਸਦੀ ਨੌਜਵਾਨ ਨਸ਼ੇ ਦੇ ਆਦੀ ਹਨ ਤੇ ਕਿੰਨੇ ਪਤਿਤ ਹਨ? ਉਨ੍ਹਾਂ ਰਾਜਨੀਤਿਕ ਆਗੂਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਪਣੇ ਫਾਇਦੇ ਲਈ ਇਹ ਅਜਿਹੀਆਂ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕਰਦੇ ਹਨ।

ਉਨ੍ਹਾਂ ਕਿਹਾ ਕਿ ਮੌਜਦਾ ਮਸਲਾ ਸਹਿਜਧਾਰੀਆਂ ਵੱਲੋਂ ਗੁਰਦੁਆਰਾ ਚੋਣਾਂ ਵਿੱਚ ਵੋਟ ਪਾਉਣ ਦੇ ਵੋਟ ਹੱਕ ਨੂੰ ਲੈ ਕੇ ਆਰੰਭ ਹੋਇਆ ਸੀ, ਜਿਸ ਬਾਰੇ ਸਿੱਖ ਭਾਈਚਾਰੇ ਦਾ ਇਹ ਮੰਨਣਾ ਹੈ ਕਿ ਸਹਿਜਧਾਰੀਆਂ ਦੇ ਭੇਸ ਵਿੱਚ ਗੈਰ-ਸਿੱਖ ਲੋਕ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਹੇ ਹਨ। ਅਦਾਲਤ ਵਿੱਚ ਚੱਲ ਰਿਹਾ ਕੇਸ ਸਿੱਖਾਂ ਅਤੇ ਸਹਿਜਧਾਰੀਆਂ ਦਰਮਿਆਨ ਹੈ, ਜਿਸ ਦਾ ਪਤਿਤ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਕਾਨੂੰਨ ੧੯੨੫ ਦੇ ਬਣਨ ਵੇਲੇ ਤੋਂ ਹੀ ਪਤਿਤ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਨਿਰਾਆਧਾਰ ਅਤੇ ਮਨਘੜਤ ਇਲਜਾਮ ਲਾਏ ਜਾ ਰਹੇ ਹਨ ਕਿ “ਕੱਟੜ ਸਿੱਖ” ਕੌਮ ਦੇ ਵੱਡੇ ਹਿੱਸੇ ਨੂੰ ਬਾਹਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜਾ ਬਿੱਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ, ਉਹ ਪੰਥਕ ਜਥੇਬੰਦੀਆਂ ਵੱਲੋਂ 1995 ਤੋਂ ਉਠਾਈ ਜਾ ਰਹੀ ਮੰਗ ਅਤੇ ਚਲਾਈ ਗਈ ਮੁਹਿੰਮ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਦਾ ਅਕਾਲੀ ਦਲ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ , ਹਾਂ ਉਹਨਾਂ ਦਾ ਇਸ ਦੇ ਪੱਖ ਵਿੱਚ ਖੜ੍ਹਣਾ ਰਾਜਨੀਤਿਕ ਮਜਬੂਰੀ ਜਰੂਰ ਹੈ। ਉਹਨਾਂ ਕਿਹਾ ਜੇਕਰ ਅਕਾਲੀਆਂ ਤੇ ਛੱਡ ਦਿੰਦੇ ਤਾਂ ਉਹਨਾਂ ਇਸ ਮਸਲੇ ਤੇ ਕਦੇ ਸਿਧਾਂਤਕ ਸਟੈਂਡ ਨਹੀਂ ਲੈਣਾ ਸੀ।

ਉਹਨਾਂ ਕੁਝ ਲੋਕਾਂ ਵੱਲੋਂ ਇਸ ਬਿੱਲ ਦੇ ਪਾਸ ਹੋਣ ਨੂੰ ਸਿੱਖੀ ਲਈ ਹਾਨੀਕਾਰਕ ਅਤੇ ਇਸ ਰਾਂਹੀ ਸਿੱਖੀ ਵਿੱਚ ਪਾੜਾ ਪੈਣ ਦੇ ਕੀਤੇ ਜਾ ਰਹੇ ਪ੍ਰਾਪੇਗੰਢੇ ਨੂੰ ਸਰਾਸਰ ਗਲਤ ਅਤੇ ਗੁਮਰਾਹਕੁੰਨ ਪ੍ਰਚਾਰ ਦਸਿਆ । ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲੇ ਕਿਸੇ ਵੀ ਇਨਸਾਨ ਨੂੰ ਕੋਈ ਵੀ ਤਾਕਤ ਸਿੱਖੀ ਤੋਂ ਖਾਰਜ ਜਾ ਵੱਖ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, ਪਤਿਤ ਵੀ ਸਿੱਖ ਪੰਥ ਦੇ ਅੰਗ ਹਨ, ਉਹ ਸਾਡੇ ਪੁੱਤਰ ਅਤੇ ਧੀਆਂ ਹਨ, ਕੋਈ ਵੀ ਤਾਕਤ ਉਨ੍ਹਾਂ ਨੂੰ ਸਾਡੇ ਤੋਂ ਵੱਖ ਨਹੀਂ ਕਰ ਸਕਦੀ। ਸਿੱਖੀ ਨਾਲ ਉਨ੍ਹਾਂ ਦੇ ਰਿਸ਼ਤੇ ਵੋਟਾਂ ਪਾਉਣ ਦਾ ਅਧਿਕਾਰ ਮਿਲਣ ਜਾ ਨਾ ਮਿਲਣ ਉਤੇ ਨਿਰਭਰ ਨਹੀ ਹੈ। ਉਨ੍ਹਾਂ ਪਤਿਤ ਸਿੱਖਾਂ ਨੂੰ ਕਿਹਾ ਕਿ ਉਹਨਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਧਾਰਮਿਕ ਅਕੀਦੇ ਅਤੇ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਅਤੇ ਸਿੱਖ ਰਾਹਿਤ ਮਰਯਾਦਾ ਦੀ ਪਾਲਣਾ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,