October 15, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (14 ਅਕਤੂਬਰ, 2015): ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਦੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਰਿਹਾਈ ਦਾ ਸਵਾਗਤ ਕਰਦਿਆਂ ਬਾਦਲ ਦਲ ਨੇ ਬਾਕੀ ਰਹਿੰਦੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ।
ਅੱਜ ਇਥੇ ਇਕ ਬਿਆਨ ਵਿੱਚ ਬਾਦਲ ਦਲ ਦੇ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਭਾਈ ਵਰਿਆਨ ਸਿੰਘ ਦੀ ਰਿਹਾਈ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੋਵਾਂ ਵੱਲੋਂ ਗ੍ਰਹਿ ਮੰਤਰੀ ਨੂੰ ਭੇਜੇ ਗਏ ਆਪਣੇ ਪੱਤਰਾਂ ਵਿੱਚ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੇ ਵੇਰਵੇ ਦਿੱਤੇ ਗਏ ਸਨ ਅਤੇ ਸ੍ਰੀ ਰਾਜਨਾਥ ਸਿੰਘ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਇਸ ਮਾਮਲੇ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਬਾਦਲ ਦਲ ਦੇ ਪ੍ਰਧਾਨ ਨੇ ਇਹ ਬੇਨਤੀ ਵੀ ਕੀਤੀ ਸੀ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਕਾਲੀ ਸੂਚੀ ਦੀ ਵੀ ਤੇਜ਼ੀ ਨਾਲ ਸਮੀਖਿਆ ਕੀਤੀ ਜਾਵੇ।
ਬਾਦਲ ਦਲ ਦੇ ਆਗੂਆਂ ਨੇ ਕਿਹਾ ਕਿ ਵਰਿਆਮ ਸਿੰਘ ਦੀ ਰਿਹਾਈ ਤੋਂ ਇਲਾਵਾ ਦੋ ਹੋਰ ਸਿੱਖ ਬੰਦੀਆਂ, ਦਵਿੰਦਰ ਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖੇੜਾ ਨੂੰ ਪੰਜਾਬ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਭੁੱਲਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਜੇਲ੍ਹ ਭੇਜਿਆ ਗਿਆ ਹੈ ਜਦੋਂ ਕਿ ਖੇੜਾ ਨੂੰ ਕਰਨਾਟਕਾ ਦੀ ਗੁਲਬਰਗਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਤਬਦੀਲ ਕੀਤਾ ਗਿਆ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਰੇ ਬੰਦੀ, ਜੋ ਕਿ ਬੀਤੇ 19 ਤੋਂ ਲੈ ਕੇ 24 ਵਰ੍ਹਿਆਂ ਤੱਕ ਦੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਵੱਖੋ-ਵੱਖ ਸੂਬਾ ਸਰਕਾਰਾਂ ਦੀਆਂ ਸਮੇਂ ਤੋਂ ਪਹਿਲਾਂ ਦੀਆਂ ਰਿਹਾਅ ਕਰਨ ਦੀਆਂ ਨੀਤੀਆਂ ਅਨੁਸਾਰ ਰਿਹਾਅ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਬੰਦੀ 70 ਵਰ੍ਹਿਆਂ ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਰਿਹਾਈ ਇਨਸਾਨੀ ਆਧਾਰ ’ਤੇ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆ ਨੂੰ ਪੰਜਾਬ ਸਰਕਾਰ ਆਪਣੇ ਤੌਰ ‘ਤੇ ਵੀ ਰਿਹਾਅ ਕਰ ਸਕਦੀ ਹੈ।ਇਨ੍ਹਾਂ ਵਿੱਚ ਬਾਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਲਰਾਂ, ਜਿਲਾ ਅੰਮ੍ਰਿਤਸਰ ਨੂੰ ਮੁਕੱਦਮਾ ਨੰ. 182, ਮਿਤੀ 27/09/1990 ਅਧੀਨ ਧਾਰਾਵਾਂ 302, ਟਾਡਾ ਐਕਟ 3,4 ਪੁਲਿਸ ਥਾਣਾ ਸਦਰ ਮਲੋਟ, ਜਿਲਾ ਮੁਕਤਸਰ ਸਾਹਿਬ, ਉਮਰ ਕੈਦ ਦੀ ਸਜ਼ਾ ਸੁਣਾਈ ਗਈ।1993 ਤੋਂ ਜੇਲ ਵਿੱਚ ਹਨ ਅਤੇ ਨਿਯਮ ਮੁਤਾਬਕ ਪੈਰੋਲ ਛੁੱਟੀ ਮਿਲ ਰਹੀ ਹੈ। ਕੋਈ ਜੇਲ ਅਪਰਾਧ ਨਹੀ ਹੈ ਅਤੇ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਸੁਣਵਾਈ ਅਧੀਨ ਨਹੀਂ ਹੈ।ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਦੁਬਾਰਾ ਵਿਚਾਰ ਕਰਨ ਲਈ ਸਰਕਾਰ ਨੂੰ ਹੁਕਮ ਦਿੱਤੇ ਹਨ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।
ਪੰਜਾਬ ਦੀਆਂ ਜੇਲਾਂ ਵਿੱਚ ਬੰਦ ਬੁਜ਼ਰਗ ਸਿੱਖ ਸਿਆਸੀ ਕੈਦੀਆਂ ਜਿਨ੍ਹਾਂ ਨੂੰ ਮਿਤੀ 20-11-2012 ਨੂੰ ਲੁਧਿਆਣਾ ਦੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਟਾਡਾ ਅਦਾਲਤ ਨੇ 10-10 ਸਾਲ ਦੀ ਸਜ਼ਾ ਗਈ ਸੀ, ਇਸ ਕੇਸ ਨਾਲ ਸਬੰਧਿਤ ਵਿਅਕਤੀ ਜਾਨ ਲੇਵਾ ਪੁਰਾਣੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਕੋਈ ਜੇਲ ਨਾਲ ਸਬੰਧਿਤ ਜ਼ੁਰਮ ਨਹੀਂ ਅਤੇ ਨਾਹੀ ਕਿਸੇ ਹੋਰ ਅਦਾਲਤ ਵਿੱਚ ਕੋਈ ਕੇਸ ਵਿਚਰਅਧੀਨ ਨਹੀਂ ਹੈ।
ਇਨ੍ਹਾਂ ਵਿੱਚ ਬਾਪੂ ਮਾਨ ਸਿੰਘ ਉਮਰ 70 ਸਾਲ ਪੁੱਤਰ ਦਿਆਲ ਸਿੰਘ ਭਗਵਾਨ ਨਗਰ ਲੁਧਿਆਣਾ।ਮਾਡਲ ਜੇਲ੍ਹ, ਕਪੂਰਥਲਾ ਬਾਪੂ ਹਰਭਜਨ ਸਿੰਘ ਉਮਰ 85 ਸਾਲ ਪੁੱਤਰ ਸ੍ਰ. ਮੰਗਲ ਸਿੰਘ ਵਾਸੀ ਪਿੰਡ ਸਰੀਹ, ਤਹਿ: ਨਕੋਦਰ, ਜਿਲਾ ਜਲੰਧਰ। ਬਾਪੂ ਬਲਵਿੰਦਰ ਸਿੰਘ ਉਮਰ 62 ਸਾਲ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਟਾਹਲੀ, ਤਹਿ: ਨਕੋਦਰ, ਜਿਲਾ ਜਲੰਧਰ। ਬਾਪੂ ਮੋਹਨ ਸਿੰਘ ਉਮਰ 73 ਸਾਲ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕਾਤਰਾਂ ਕਲਾਂ, ਤਹਿ: ਕਰਤਾਰਪੁਰ. ਜਿਲਾ ਜਲੰਧਰ। ਬਾਪੂ ਸਰੂਪ ਸਿੰਘ ਉਮਰ 65 ਸਾਲ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਬਿਸਰਾਮਪੁਰ, ਜਿਲਾ ਜਲੰਧਰ। ਬਾਪੂ ਸੇਵਾ ਸਿੰਘ ਉਮਰ 74 ਸਾਲ ਪੁੱਤਰ ਕਿਰਪਾ ਸਿੰਘ ਵਾਸੀ ਪਿੰਡ ਚੱਕ ਰਾਜੂ ਸਿੰਘ, ਜਿਲਾ ਹੁਸ਼ਿਆਰਪੁਰ। ਬਾਪੂ ਅਵਤਾਰ ਸਿੰਘ ਉਮਰ 77 ਸਾਲ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਕੁਰਾਲੀ, ਜਿਲਾ ਜਲੰਧਰ। ਬਾਪੂ ਗੁਰਜੰਟ ਸਿੰਘ ਉਮਰ 72 ਸਾਲ ਪੁੱਤਰ ਹੁਕਮ ਸਿੰਘ ਪਿੰਡ ਕੋਠੇ ਜੰਗ, ਜਿਲਾ ਲੁਧਿਆਣਾ ਸ਼ਾਮਿਲ ਜਨ, ਨੂੰ ਪੰਜਾਬ ਸਰਕਾਰ ਵੱਡੀ ਉਮਰ ਦੀ ਬਿਨ੍ਹਾਂ ‘ਤੇ ਰਿਹਾਅ ਕਰ ਸਕਦੀ ਹੈ।
Related Topics: Badal Dal, India, Indian Home Ministry, Sikh Political Prisoners, Sikhs in Jails