September 17, 2016 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਸ੍ਰੀਨਗਰ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸ਼ਨੀਵਾਰ ਸਵੇਰੇ ਕਰਫਿਊ ਲਾ ਦਿੱਤਾ ਗਿਆ। ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸ੍ਰੀਨਗਰ ‘ਚ ਆਉਣ ਵਾਲੇ ਹਾਰਵਾਂ ਇਲਾਕੇ ‘ਚ ਇਕ 16 ਸਾਲਾ ਵਿਦਆਰਥੀ ਦੀ ਲਾਸ਼ ਮਿਲੀ ਸੀ। ਛੱਰਿਆਂ ਨਾਲ ਵਿੰਨ੍ਹੀ ਇਹ ਲਾਸ਼ ਨਾਸਿਰ ਸ਼ਫੀ ਦੀ ਦੱਸੀ ਜਾ ਰਹੀ ਹੈ।
ਲਾਸ਼ ਸਿੰਧ ਨਦੀ ‘ਚ ਪਈ ਹੋਈ ਸੀ। ਸਥਾਨਕ ਪੱਤਰਕਾਰ ਮਾਜਿਦ ਜਹਾਂਗੀਰ ਮੁਤਾਬਕ ਲਾਸ਼ ਦੀ ਬਰਾਮਦਗੀ ਤੋਂ ਬਾਅਦ ਇਲਾਕੇ ‘ਚ ਕਾਫੀ ਤਣਾਅ ਹੋ ਗਿਆ।
ਨਾਸਿਰ ਦੇ ਪਿਤਾ ਮੁਹੰਮਦ ਸ਼ਫੀ ਕਾਜ਼ੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, “ਸ਼ੁੱਕਰਵਾਰ ਨੂੰ ਅਸੀਂ ਮਸਜਿਦ ਤੋਂ ਮਗ਼ਰਿਬ ਦੀ ਨਮਾਜ਼ ਪੜ੍ਹਕੇ ਬਾਹਰ ਨਿਕਲ ਰਹੇ ਸੀ। ਇਸੇ ਦੌਰਾਨ ਉਥੇ ਮੌਜੂਦ ਨੀਮ ਫੌਜੀ ਦਸਤਿਆਂ ਅਤੇ ਕੁਝ ਨੌਜਵਾਨਾਂ ਵਿਚ ਝੜਪਾਂ ਸ਼ੁਰੂ ਹੋ ਗਈਆਂ। ਇਸੇ ਸਮੇਂ ਨੀਮ ਫੌਜੀ ਦਸਤਿਆਂ ਨੇ ਪੈਲੇਟ ਗੰਨ ਆਦਿ ਦਾ ਇਸਤੇਮਾਲ ਕੀਤਾ।”
ਕਾਜ਼ੀ ਮੁਤਾਬਕ ਇਸੇ ਦੌਰਾਨ ਨੀਮ ਫੌਜੀ ਦਸਤੇ ਉਨ੍ਹਾਂ ਦੇ ਲੜਕੇ ਨਾਸਿਰ ਨੂੰ ਫੜ੍ਹ ਕੇ ਲੈ ਗਏ। ਬਰਾਮਦ ਲਾਸ਼ ਦੇ ਹੇਠਲੇ ਹਿੱਸਿਆਂ ‘ਤੇ ਛੱਰਿਆਂ ਦੇ ਨਿਸ਼ਾਨ ਹਨ।ਕੇਂਦਰੀ ਕਸ਼ਮੀਰ ਦੇ ਪੁਲਿਸ ਅਧਿਕਾਰੀ ਗ਼ੁਲਾਮ ਹਸਨ ਬੱਟ ਮੁਤਾਬਕ, “ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਸ ਬੱਚੇ ਦੀ ਮੌਤ ਕਿਵੇਂ ਅਤੇ ਕਿਨ੍ਹਾਂ ਹਾਲਾਤਾਂ ਵਿਚ ਹੋਈ ਹੈ। ਹਾਲੇ ਤਾਂ ਸਾਰੇ ਇਲਾਕੇ ਵਿਚ ਪ੍ਰਦਰਸ਼ਨ ਹੋ ਰਹੇ ਹਨ। ਜਦੋਂ ਹਾਲਾਤ ਠੀਕ ਹੋਣਗੇ ਤਾਂ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ।”
ਪੁਲਿਸ ਅਧਿਕਾਰੀ ਮੁਤਾਬਕ ਕੇਂਦਰੀ ਕਸ਼ਮੀਰ ਅਤੇ ਦੱਖਣ ‘ਚ ਕੁਲਗਾਮ ‘ਚ ਵੀ ਕਰਫਿਊ ਜਾਰੀ ਹੈ। ਇਸੇ ਦੌਰਾਨ ਅਜ਼ਾਦੀ ਪਸੰਦ ਆਗੂਆਂ ਨੇ ਆਪਣੇ ਵਿਰੋਧ ਪ੍ਰਦਰਸ਼ਨਾਂ ਦੀ ਮਿਆਦ 22 ਸਤੰਬਰ ਤਕ ਵਧਾ ਦਿੱਤੀ ਹੈ। ਦੁਕਾਨਾਂ, ਵਪਾਰਕ ਅਦਾਰੇ ਅਤੇ ਪੈਟਰੋਲ ਪੰਪ ਬੰਦ ਹਨ। ਬੰਦ ਦੀ ਵਜ੍ਹਾ ਕਰਕੇ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਵੀ ਨਹੀਂ ਚੱਲ ਰਹੀਆਂ।
Related Topics: All News Related to Kashmir, Indian Army, Indian Satae, JK police