February 18, 2017 | By ਸਿੱਖ ਸਿਆਸਤ ਬਿਊਰੋ
ਇਸਲਾਮਾਬਾਦ: ਸਿੰਧ ਸੂਬੇ ਦੇ ਕਸਬੇ ਸਹਿਵਨ ਵਿੱਚ ਸੂਫੀ ਦਰਗਾਹ ਉਤੇ ਆਤਮਘਾਤੀ ਹਮਲੇ ਮਗਰੋਂ ਪਾਕਿਸਤਾਨ ਫੌਜ ਵੱਲੋਂ ਕੀਤੀ ਕਾਰਵਾਈ ਦੌਰਾਨ 100 ਤੋਂ ਵੱਧ ‘ਇੰਤਹਾਪਸੰਦ’ ਮਾਰੇ ਗਏ।
ਦੱਖਣੀ ਸੂਬੇ ਸਿੰਧ ਦੀ ਲਾਲ ਸ਼ਾਹਬਾਜ਼ ਕਲੰਦਰ ਦੀ ਮਸ਼ਹੂਰ ਦਰਗਾਹ ਉਤੇ ਵੀਰਵਾਰ (ਜੁੰਮੇਰਾਤ) ਨੂੰ ਹੋਏ ਹਮਲੇ ਵਿੱਚ 80-100 ਜਣੇ ਮਾਰੇ ਗਏ ਅਤੇ ਤਕਰੀਬਨ 250 ਜ਼ਖ਼ਮੀ ਹੋਏ। ਨੀਮ ਫੌਜੀ ਦਸਤੇ ਸਿੰਧ ਰੇਂਜਰਜ਼ ਨੇ ਕਿਹਾ ਕਿ ਉਨ੍ਹਾਂ ਸੂਬੇ ਵਿੱਚ ਰਾਤ ਭਰ ਤੋਂ ਚੱਲ ਰਹੀ ਕਾਰਵਾਈ ਦੌਰਾਨ 18 ‘ਇੰਤਹਾਪਸੰਦਾਂ’ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚੋਂ ਸੱਤ ਤਾਂ ਕਥੌਰ ਨੇੜੇ ਕੌਮੀ ਮਾਰਗ ਉਤੇ ਗੋਲੀਬਾਰੀ ਵਿੱਚ ਮਾਰੇ ਗਏ। ਇਹ ਮੁਕਾਬਲਾ ਉਦੋਂ ਹੋਇਆ, ਜਦੋਂ ਨੀਮ ਫੌਜੀ ਦਸਤੇ ਦੇ ਜਵਾਨ ਸਹਿਵਨ ਤੋਂ ਪਰਤ ਰਹੇ ਸਨ। ਰੇਂਜਰਜ਼ ਅਨੁਸਾਰ 11 ਇੰਤਹਾਪਸੰਦ ਕਰਾਚੀ ਵਿੱਚ ਮਾਰੇ ਗਏ।
ਉੱਤਰੀ ਪੱਛਮੀ ਸੂਬੇ ਖੈ਼ਬਰ ਪਖਤੂਨਖਵਾ ਵਿੱਚ ਪੁਲਿਸ ਨੇ 12 ਇੰਤਹਾਪਸੰਦਾਂ ਨੂੰ ਮਾਰ ਮੁਕਾਇਆ। ਤਿੰਨ ਪਿਸ਼ਾਵਰ ਅਤੇ ਚਾਰ ਔਰਕਜ਼ਈ ਕਬਾਇਲੀ ਖਿੱਤੇ ਵਿੱਚ ਮਾਰੇ ਗਏ। ਚਾਰ ਹੋਰ ਬਾਨੂ ਇਲਾਕੇ ਵਿੱਚ ਪਾਕਿ ਨੀਮ ਫੌਜੀ ਦਸਤਿਆਂ ਨਾਲ ਮੁਕਾਬਲੇ ਵਿੱਚ ਮਾਰੇ ਗਏ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਇੰਤਹਾਪਸੰਦਾਂ ਕੋਲੋਂ ਹਥਿਆਰ ਅਤੇ ਹਥਗੋਲੇ ਬਰਾਮਦ ਕੀਤੇ ਗਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਖੁੱਰਮ ਅਤੇ ਮੋਹਮੰਦ ਜ਼ਿਲ੍ਹਿਆਂ ਦੇ ਕਬਾਇਲੀ ਖੇਤਰਾਂ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਇੰਤਹਾਪਸੰਦ ਮਾਰੇ ਗਏ। ਇਸ ਝੜਪ ਵਿੱਚ ਇਕ ਪਾਕਿਸਤਾਨੀ ਫੌਜੀ ਵੀ ਮਾਰਿਆ ਗਿਆ।
ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿੱਚ ਸੁਰੱਖਿਆ ਦਸਤਿਆਂ ਨਾਲ ਗੋਲੀਬਾਰੀ ਵਿੱਚ ਦੋ ਇੰਤਹਾਪਸੰਦ ਮਾਰੇ ਗਏ। ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ ਵਿੱਚ ਦੋ ਹੋਰ ਇੰਤਹਾਪਸੰਦ ਮਾਰੇ ਗਏ। ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਅਫਗਾਨ ਸਰਹੱਦ ਨੇੜੇ ਸ਼ਾਲਮਾਨ ਇਲਾਕੇ ਵਿੱਚ ਵੀ ਕਾਰਵਾਈ ਵਿੱਢ ਦਿੱਤੀ ਹੈ, ਜਦੋਂ ਕਿ ਤੋਰਖ਼ਮ ਵਿੱਚ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ।
ਸੁਰੱਖਿਆ ਦਸਤਿਆਂ ਨੇ ਦਰਗਾਹ ਨੂੰ ਬੰਦ ਕਰ ਦਿੱਤਾ ਹੈ ਅਤੇ ਉਥੋਂ ਸਬੂਤ ਇਕੱਠੇ ਕੀਤੇ ਹਨ ਤੇ ਸੀਸੀਟੀਵੀ ਫੁਟੇਜ ਲਿਆ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਦਰਗਾਹ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ।
ਸਬੰਧਤ ਖ਼ਬਰ:
ਸਿੰਧ ‘ਚ ਲਾਲ ਸ਼ਾਹਬਾਜ਼ ਕਲੰਦਰ ‘ਝੂਲੇਲਾਲ’ ਦੀ ਦਰਗਾਹ ’ਚ ਆਤਮਘਾਤੀ ਹਮਲਾ; 100 ਮੌਤਾਂ …
Related Topics: Pakistan Army